ਸਆਦਤ ਹਸਨ ‘ਮੰਟੋ’ ਦਾ ਜਨਮ 11 ਮਈ 1912 ਨੂੰ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਉਸਨੇ ਸਿੱਖਿਆ ਅੰਮ੍ਰਿਤਸਰ ਤੇ ਅਲੀਗੜ੍ਹ ਦੇ ਸਕੂਲ ਚੋਂ ਪ੍ਰਾਪਤ ਕੀਤੀ।ਉਸਦੇ ਇੱਕ ਪੁੱਤਰ ਹੋਇਆ ਜੋ 1 ਸਾਲ ਦਾ ਹੋ ਕੇ ਮਰ ਗਿਆ।ਬਾਅਦ ਵਿੱਚ ਉਸਦੇ ਘਰ ਤਿੰਨ ਧੀਆਂ ਨੇ ਜਨਮ ਲਿਆ।ਮੰਟੋ ਨੇ ਪਹਿਲੀ ਕਹਾਣੀ ਜ਼ਲਿਆਵਾਲਾ ਬਾਗ ਕਾਂਡ ਤੋਂ ਪ੍ਰਭਾਵਿਤ ਹੋ ਕੇ ਤਮਾਸ਼ਾ ਲਿਖੀ ਸੀ,ਪਰ ਛਪਵਾਈ ਕਿਸੇ ਹੋਰ ਝੂਠੇ ਨਾਮ ਹੇਠ ਸੀ।ਫਿਰ ਉਹ ਨਾਲ ਨਾਲ ਫਿਲਮੀ ਕਹਾਣੀ ਵੀ ਲਿਖਣ ਲੱਗਾ।ਫਿਲਮੀ ਸਟਾਰ ਅਸ਼ੋਕ ਕੁਮਾਰ ‘ਦਾਦਾ ਮੁਨੀ’ ਤੇ ‘ਨਰਗਿਸ’ ਨਾਲ ਉਸਦੀ ਖਾਸ ਦੋਸਤੀ ਸੀ।1947 ਦੇ ਉਜਾੜੇ ਦੌਰਾਨ ਬੰਬਈ ਵਿੱਚ ਫਿਰਕੂ ਦੰਗੇ ਹੋਣ ਕਾਰਨ ਉਹ ਤੇ ਉਸਦਾ ਪਰਿਵਾਰ ਪਾਕਿਸਤਾਨ(ਲਾਹੌਰ) ਚਲੇ ਗਏ।ਪਰ ਉਥੇ ਵੀ ਉਹ ਆਪਣੇ ਦਿਲੋਂ ਬੰਬਈ ਨੂੰ ਨਾਂ ਕੱਢ ਸਕਿਆ।ਜਿਵੇਂ ਕਿ ਕਈ ਬਜ਼ੁਰਗ ਅੱਜ ਇਧਰ ਵੀ ਲਾਹੌਰ ,ਮੁਲਤਾਨ,ਸਰਗੋਧਾ, ਰਾਵਲਪਿੰਡੀ, ਚੱਕ, ਕਸੂਰ ਤੇ ਬਾਰਾਂ ਨੂੰ ਨਹੀ ਕੱਢ ਸਕਦੇ।ਪ੍ਰੰਤੂ ਮੰਟੋ ਦਾ ਬੰਬਈ ਨਾਲ ਇਸ਼ਕ ਜਾਨਲੇਵਾ ਸਾਬਿਤ ਹੋਇਆ। ਉਹ ਬੰਬਈ ਦੇ ਵਿਛੋੜੇ ਚ’ ਪਾਗਲ ਹੋ ਗਿਆ।ਉਸਨੇ ਰੋਜ਼ੀ ਰੋਟੀ ਕਮਾਉਣ ਖਾਤਰ ਰੇਖਾ ਚਿੱਤਰ ਲਿਖਣੇ ਸ਼ੁਰੂ ਕਰ ਦਿੱਤੇ।ਪ੍ਰੰਤੂ ਉਸਦੇ ਨਸ਼ੇ ਤੇ ਪਾਗਲਪਨ ਕਾਰਨ ਪਰਿਵਾਰ ਦੀ ਹਾਲਤ ਆਰਥਿਕ ਪੱਖੋਂ ਟੁੱਟ ਗਈ।ਠੰਢਾ ਗੋਸਤ ਕਹਾਣੀ ਤੇ ਚੱਲੇ ਮੁਕੱਦਮੇ ਨੇ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ।ਉਹ ਪਾਗਲ ਹੋ ਗਿਆ।ਉਸਨੂੰ ਦੋ ਵਾਰ ਪਾਗਲਖਾਨੇ ਜਾਣਾ ਪਿਆ।ਜਿਥੇ ਉਸਨੇ ਸ਼ਾਹਕਾਰ ਰਚਨਾ ‘ਟੋਭਾ ਟੇਕ ਸਿੰਘ’ ਲਿਖੀ।ਉਸਨੇ ਆਖਰੀ ਕਹਾਣੀ ‘ਕਮਿਸ਼ਨ’ 2 ਜਨਵਰੀ 1954 ਨੂੰ ਲਿਖੀ।18 ਜਨਵਰੀ 1955 ਨੂੰ ਲਾਹੌਰ ਵਿਖੇ ਦਰਦਨਾਕ ਹਾਲਾਤਾਂ ਵਿੱਚ ਉਸਦੀ ਮੌਤ ਹੋ ਗਈ।ਸਿਰਫ 43 ਸਾਲ ਦੀ ਉਮਰ ਵਿੱਚ।
ਪਰ ਸਵਾਲ ਇਹ ਕਿ ਉਸਦੀ ਮੌਤ ਹੋਈ ਜਾਂ ‘ਕਤਲ’।ਮੈ ਕਦੇ ਵੀ ਮੰਟੋ ਦੀ ਮੌਤ ਨੂੰ ਕੁਦਰਤੀ ਮੌਤ ਨਹੀ ਸਗੋਂ ਇੱਕ ਬੇਰਹਿਮ ਕਤਲ ਮੰਨਿਆ ਹੈ।ਮੁਲਕ ਦੇ ਹਾਕਮਾਂ ਦੁਆਰਾ ਕੀਤਾ ਗਿਆ ਕਤਲ।ਪ੍ਰੰਤੂ ਸਿਤਮ ਇਹ ਕਿ ਉਸਦੇ ਕਾਤਲਾਂ ਨੂੰ ਸਜ਼ਾ ਨਹੀ ਗੱਦੀਆਂ ਮਿਲੀਆਂ।ਦਸ ਲੱਖ ਲੋਕ ਇਸ ਅਜ਼ਾਦੀ ਦੀ ਬਲੀ ਚੜ੍ਹੇ।ਤੇ ਦਸ ਲੱਖ ਇੱਕਵਾਂ ‘ਮੰਟੋ’।ਇਹਨਾ 10 ਲੱਖ ਲੋਕਾਂ ਦਾ ਕਸੂਰ ਕਿ ਇਹ ਸਾਰੇ ਹਿੰਦੂ,ਸਿੱਖ, ਮੁਸਲਮਾਨ ਸਨ। ਕੀ ਕਿਸੇ ਧਰਮ ਚ’ ਸ਼ਰਧਾ ਰੱਖਣੀ ਜੁਰਮ ਹੋ ਜਾਂਦਾ ਹੈ। ਤੇ ਅਫਸੋਸ ਕਿ ਐਡੇ ਵੱਡੇ ਉਜਾੜੇ ਤੇ ਅਸੀਂ ਕਿਵੇ ਲੁੱਡੀਆਂ ਪਾਉਂਦੇ ਹਾਂ।14 ਅਗਸਤ ਨੂੰ ਪਾਕਿਸਤਾਨ ਵਿੱਚ ਧੂੜਾਂ ਪੁੱਟੀਆਂ ਜਾਦੀਆਂ ਹਨ ਤੇ 15 ਅਗਸਤ ਨੂੰ ਸਾਡੇ ਵਾਲੇ ਪਾਸੇ ਅਕਾਸ਼ ਗੂੰਜਣ ਲਾ ਦਿੱਤਾ ਜਾਂਦਾ ਹੈ।ਪਰ ਜੋ ਇਸ ਰੱਤ ਰੁੱਤੀ ਰੁੱਤ ਵਿੱਚ ਕੋਹ-ਕੋਹ ਕੇ ਮਾਰ ਦਿੱਤੇ ਗਏ,ਉਜਾੜ ਦਿੱਤੇ ਗਏ, ਉਹਨਾਂ ਨੂੰ ਯਾਦ ਕੌਣ ਕਰੇਗਾ?ਇਹ 14-15 ਅਗਸਤ ਕੁੱਲ ਦੁਨੀਆਂ ਵਾਸਤੇ ਅਜ਼ਾਦੀ ਦਿਹਾੜੇ ਹੋ ਸਕਦੇ ਹਨ ਪ੍ਰੰਤੂ ਪੰਜਾਬ ਤੇ ਪੰਜਾਬੀਆਂ ਵਾਸਤੇ ਬਰਬਾਦੀ ਦਿਹਾੜੇ ਹੀ ਰਹਿਣਗੇ।ਮਸ਼ਹੂਰ ਪਾਕਿਸਤਾਨੀ ਪੰਜਾਬੀ ਲੇਖਕ ਅਫਜ਼ਲ ਅਹਿਸਾਨ ਰੰਧਾਵਾ ਸਾਬ੍ਹ ਆਪਣੀ ਇੱਕ ਕਹਾਣੀ ਵਿੱਚ ਲਿਖਦੇ ਹਨ ਕਿ ‘ਚਾਚੇ ਮੈਨੂੰ ਕਿਹਾ ਕਿ ਪੁੱਤਰਾ ਹਾਂ ਤਾ ਅਸੀ ਸਾਰੇ ਹੀ ਕਹਾਣੀਆਂ ਪ੍ਰੰਤੂ ਸਾਨੂੰ ਲਿਖਣ ਵਾਲਾ ਕੋਈ ਨਹੀ।ਬਿਲਕੁਲ ਇਵੇ ਹੀ ਇਹ ਦਸ ਲੱਖ ਇੱਕ ਕਤਲਾਂ ਦੀਆਂ ਕਹਾਣੀਆਂ ਹਨ,ਲੱਖਾਂ ਲੁੱਟੀਆ ਇੱਜਤਾਂ ਦੀਆਂ ਕਹਾਣੀਆ ਹਨ ਪ੍ਰੰਤੂ ਇਹਨਾਂ ਨੂੰ ਲਿਖਣ ਵਾਲਾ ਕੋਈ ਨਹੀ।ਜਿੰਦਰ ਨਾਮ ਦੇ ਲੇਖਕ ਨੇ 1947 ਦੀ ਵੰਡ ਤੇ ਕਾਫੀ ਕੰਮ ਕੀਤਾ ਪ੍ਰੰਤੂ ਹੋਰ ਵੀ ਹੋਣਾ ਚਾਹੀਦਾ ਹੈ।ਉਸ ਉਜਾੜੇ ਨੂੰ ਯਾਦ ਰੱਖਿਆ ਜਾਣਾ ਚਾਹੀਦਾ ਹੈ ਤੇ ਉਸਤੋਂ ਸਬਕ ਵੀ ਸਿੱਖਣਾ ਚਾਹੀਦਾ ਹੈ।
ਸਆਦਤ ਹਸਨ ‘ਮੰਟੋ’ ਜਿਸਨੂੰ ਕਿ ਉਰਦੂ ਦਾ ਸਭਤੋਂ ਵੱਡਾ ਕਹਾਣੀਕਾਰ ਮੰਨਿਆ ਜਾਂਦਾ ਹੈ।ਭਾਵੇ ਕਿ ਮੰਟੋ ਉਰਦੂ ਦੇ ਮਜਨੂਮ ਵਿੱਚੋਂ ਦਸਵੀਂ ਵਿੱਚ ਦੋ ਵਾਰ ਫੇਲ੍ਹ ਹੋਇਆ ਸੀ।ਪ੍ਰੰਤੂ ਮੰਟੋ ਵਰਗੀ ਕਲਾ ਦੁਨਿਆਵੀ ਡਿਗਰੀਆਂ ਨਾਲ ਨਹੀਂ ਮੇਚੀ ਜਾ ਸਕਦੀ।ਉਸਦੀਆਂ ਲਿਖੀਆਂ ਕਹਾਣੀਆਂ ਦੀ ਸਾਰਥਿਕਤਾ ਅੱਜ ਵੀ ਉਨੀ ਹੈ ਜਿੰਨੀ ਕਿ ਉਂਦੋ ਸੀ।ਸਿਰਫ ਕਹਿਣ ਵਾਲੇ ਹੀ ਉਸਨੂੰ ਉਰਦੂ ਦਾ ਸਭ ਤੋਂ ਵੱਡਾ ਕਹਾਣੀਕਾਰ ਮੰਨਦੇ ਹਨ ਪ੍ਰੰਤੂ ਸਭ ਕਹਾਣੀਕਾਰਾਂ ਨੂੰ ਪੜ੍ਹਨ ਵਾਲੇ ਜਾਣਦੇ ਹਨ ਕਿ ਉਹ ਉਰਦੂ ਦਾ ਹੀ ਨਹੀਂ ਸਗੋਂ ਦੁਨੀਆ ਦਾ ਸਭ ਤੋਂ ਵੱਡਾ ਕਹਾਣੀਕਾਰ ਸੀ।ਆਰਥਿਕਤਾ ਦਾ ਪਾੜਾ ਸਮਾਜ ਤੱਕ ਹੀ ਸੀਮਿਤ ਨਹੀਂ ਸਗੋ ਹਰ ਖੇਤਰ ਚ ਮੌਜੂਦ ਹੈ। ਸੋਵੀਅਤ ਯੂਨੀਅਨ ਦੇ ਦੁਨੀਆ ਦੀ ਸਭ ਤੋਂ ਵੱਡੀ ਫੌਜੀ ਤਾਕਤ ਹੋਣ ਕਾਰਨ ਉਥੋਂ ਦੇ ਲੇਖਕਾਂ ਦਾ ਦਬਦਬਾ ਵੀ ਦੁਨੀਆ ਵਿੱਚ ਵਧੇਰੇ ਹੋ ਗਿਆ।ਇਸੇ ਕਰਕੇ ਚੈਖੋਵ ਨੂੰ ਹੀ ਦੁਨੀਆ ਦਾ ਸਭ ਤੋਂ ਵੱਡਾ ਕਹਾਣੀਕਾਰ ਮੰਨਿਆ ਜਾਂਦਾ ਹੈ।ਤੇ ਕਈ ਲਿਬਨਾਨ ਦੇ ਖਲੀਲ ਜ਼ਿਬਰਾਨ ਨੂੰ ਵੀ ਇਸੇ ਰੁਤਬੇ ਨਾਲ ਨਿਵਾਜਦੇ ਹਨ।ਪ੍ਰੰਤੂ ਜਿੰਨ੍ਹਾ ਨੇ ਇਹ ਸਭ ਲੇਖਕ ਪੜ੍ਹੇ ਹਨ ਉਹ ਜਾਣਦੇ ਹਨ ਕਿ ਚੈਖੋਵ, ਖਲੀਲ ਜ਼ਿਬਰਾਨ ਜਾਂ ਦੁਨੀਆ ਦਾ ਕੋਈ ਵੀ ਹੋਰ ਕਹਾਣੀਕਾਰ ਮੰਟੋ ਸਾਹਮਣੇ ਬੌਣਾ ਹੈ।ਮੰਟੋ ਦੀ ਲਿਖਤ ਸਿੱਧੀ ਰੂਹ ਤੇ ਅਸਰ ਕਰਦੀ ਹੈ।ਬਾਕੀ ਲੇਖਕਾਂ ਦੀਆਂ ਕੁਝ ਕੁ ਕਹਾਣੀਆਂ ਨੂੰ ਛੱਡ ਕੇ ਬਾਕੀ ਫਜ਼ੂਲ ਜਿਹੀਆਂ ਜਾਪਦੀਆਂ ਹਨ,ਪ੍ਰੰਤੂ ਮੰਟੋ ਦੀ ਹਰ ਇੱਕ ਕਹਾਣੀ ਚ ਰਸ ਹੈ,ਖਿੱਚ ਹੈ, ਰੌਚਕਤਾ ਹੈ।
ਚੈਖੋਵ ਦੀਆਂ ਮੈ ਕਾਫੀ ਕਹਾਣੀਆਂ ਪੜ੍ਹੀਆ ਹਨ ਪ੍ਰੰਤੂ ਜ਼ਿਕਰ ਕਰਨਯੋਗ 4-5 ਹੀ ਹਨ ਜਿਵੇ ਕਿ ‘ਇੱਕ ਕਲਰਕ ਦੀ ਮੌਤ’, ‘ਵਾਰਡ ਨੰ :6’, ਗਿਰਗਿਟ,ਨਕਾਬ ਜਾਂ 1-2 ਹੋਰ।ਬਾਕੀ ਸਭ ਰਸਹੀਣ ਜਿਹੀਆਂ ਜਾਪਦੀਆਂ ਹਨ।ਦਿਲਚਸਪੀ ਹੀ ਨਹੀ ਬਣਦੀ।ਇਵੇ ਹੀ ਖਲੀਲ ਜ਼ਿਬਰਾਨ ਦੀਆਂ ਕਹਾਣੀਆਂ ਚ ਪਾਗਲ ਜੌਹਨ, ਕਵੀ ਦੀ ਮੌਤ, ਇੱਕ ਮੁਸਕਾਨ ਇੱਕ ਹੰਝੂ, ਇੱਕ ਬੋਲੀ ਔਰਤ ਆਦਿ ਨੂੰ ਛੱਡ ਕੇ ਬਾਕੀ ਕਹਾਣੀਆਂ ਨੀਰਸ ਜਿਹੀਆਂ ਜਾਪਦੀਆਂ ਹਨ।ਪ੍ਰੰਤੂ ਮੰਟੋ ਦਾ ਬਾਬਾ ਆਦਮ ਹੀ ਨਿਰਾਲਾ ਹੈ।ਮੰਟੋ ਜਦੋ ਕਲਮ ਵਾਹੁੰਦਾ ਹੈ ਸਮਝੋ ਸਾਡੇ ਸਮਾਜ ਦਾ ਕਰੂਪ ਚਿਹਰਾ ਸਾਡੇ ਸਾਹਮਣੇ ਪੇਸ਼ ਕਰ ਦਿੰਦੀ ਹੈ।ਲਗਦਾ ਹੈ ਜਿਵੇ ਇਹ ਗੱਲ ਤਾਂ ਸਾਡੇ ਆਸ ਪਾਸ ਹੀ ਕਿਤੇ ਵਾਪਰੀ ਹੈ।ਇਸ ਦਾ ਦੂਜਾ ਕਾਰਨ ਇਹ ਹੋ ਸਕਦਾ ਹੈ ਮੰਟੋ ਨਾਲ ਸਾਡਾ ਸੱਭਿਆਚਾਰ ਸਾਂਝਾ ਹੈ।ਉਹ ਸਾਡੇ ਸੱਭਿਆਚਾਰ, ਕਦਰਾਂ-ਕੀਮਤਾਂ ਤੇ ਬੋਲੀ ਨੂੰ ਮੁੱਖ ਰੱਖ ਕੇ ਲਿਖਦਾ ਰਿਹਾ ਹੈ।ਕਾਰਨ ਜੋ ਵੀ ਹੋਵੇ ਮੰਟੋ ਦੇ ਹਾਣ ਦਾ ਸਿਰਫ ਮੰਟੋ ਹੈ,ਹੋਰ ਕੋਈ ਨਹੀ।
ਹੁਣ ਮੰਟੋ ਦੀਆ ਕਹਾਣੀਆ ਨੂੰ ਵੇਖੋ।ਜਿੰਨੀਆਂ ਕੁ ਮੈ ਪੜ੍ਹੀਆਂ ਹਨ ਕੋਈ ਇੱਕ ਵੀ ਨੀਰਸ ਨਹੀ ਜਾਪਦੀ।ਇਕ ਵਾਰ ਸ਼ੁਰੂ ਕਰੋ ਤਾਂ ਕਹਾਣੀ ਮੁਕਾ ਕੇ ਹੀ ਉਠਣਾ ਪੈਦਾ ਹੈ।ਮੰਮਦ ਬਾਈ, ਟੁਟੂ,ਹਾਰਦਾ ਈ ਗਿਆ, ਫੂਦਨੇ, ਸ਼ਹੀਦਸਾਜ਼,ਕੁਦਰਤ ਦਾ ਅਸੂਲ, ਮੇਰਾ ਨਾਂ ਰਾਧਾ ਹੈ, ਮੈਡਮ-ਡੀਕਾਸਟਾ,ਉਸ ਦਾ ਪਤੀ, ਉੱਲੂ ਦਾ ਪੱਠਾ, ਆਰਟਿਸਟ ਲੋਕ, ਐਕਟੈ੍ਰਸ ਦੀ ਅੱਖ,ਇਸ਼ਕ ਹਕੀਕੀ, ਇਸ਼ਕੀਆ ਕਹਾਣੀ, ਸਰਕੰਡਿਆ ਦੇ ਪਿਛੇ, ਸਾਢੇ ਤਿੰਨ ਆਨੇ, ਸ਼ਿਕਾਰੀ ਔਰਤਾਂ, ਹੁਣ ਹੋਰ ਕਹਿਣ ਦੀ ਜ਼ਰੂਰਤ ਨਹੀਂ, ਕਬਜ਼, ਕਬੂਤਰਾਂ ਵਾਲਾ ਸਾਈਂ, ਕੁੱਤੇ ਦੀ ਦੁਆ, ਫੁਸਫੁਸੀ ਕਹਾਣੀ, ਚੂਹੇਦਾਨੀ,ਬਾਦਸ਼ਾਹ ਦਾ ਖਾਤਮਾ, ਮਛੇਰੇ, ਮੰਤਰ, ਮੇਰਾ ਅਤੇ ਉਸਦਾ ਬਦਲਾ, ਮੌਸਮ ਦੀ ਸ਼ਰਾਰਤ, ਮੇਰਾ ਹਮਸਫਰ, ਬਾਪੂ ਗੋਪੀਨਾਥ, ਹੱਤਕ, ਮੰਮੀ, ਜਾਨਕੀ,ਖੋਲ੍ਹ ਦੋ, ਕਾਲੀ ਸਲਵਾਰ, 1919 ਦੀ ਇੱਕ ਗੱਲ, ਟੀਟਵਾਲ ਦਾ ਕੁੱਤਾ, ਆਖਰੀ ਸਲੂਟ, ਸਹਾਏ,ਧੂੰਆਂ, ਨੰਗੀਆ ਅਵਾਜਾਂ, ਉਤੇ ਹੇਠਾਂ ਤੇ ਵਿਚਕਾਰ, ਦੋ ਕੌਮਾਂ, ਨਵਾਂ ਕਾਨੂੰਨ, ਮੋਜੇਲ, ਸ਼ਾਹ ਦੌਲੇ ਦਾ ਚੂਹਾ, ਸੌ ਕੈਂਡਲ, ਟੋਭਾ ਟੇਕ ਸਿੰਘ, ਬੋ, ਠੰਢਾ ਗੋਸ਼ਤ ਆਦਿ ਹੋਰ ਕਿੰਨੀਆਂ ਹੀ ਕਹਾਣੀਆਂ ਮੈ ਪੜ੍ਹੀਆਂ ਹਨ।ਸਾਰੀਆਂ ਹੀ ਸ਼ਾਹਕਾਰ ਰਚਨਾਵਾਂ।ਮੰਟੋ ਦੀਆਂ ਅਮਰ ਰਚਨਾਵਾਂ।
ਇਸੇ ਤਰਾਂ ਮੰਟੋ ਨੇ ਇੱਕ ਨਾਵਲ ਵੀ ਲਿਖਿਆ ਸੀ ਜ਼ਲਾਲਤ,ਉਹ ਵੀ ਬਾ-ਕਮਾਲ ਹੈ। ਮੰਟੋ ਨੇ ਬਹੁਤ ਸਾਰੇ ਰੇਖਾ ਚਿੱਤਰ ਵੀ ਲਿਖੇ ਹਨ,ਉਹਨਾਂ ਦਾ ਵੀ ਕੋਈ ਸਾਨੀ ਨਹੀਂ।ਮੈ ਪਹਿਲਾਂ ਬਲਵੰਤ ਗਾਰਗੀ, ਦਲੀਪ ਕੌਰ ਟਿਵਾਣਾ ਆਦਿ ਕਈ ਲੇਖਕਾਂ ਦੇ ਰੇਖਾ – ਚਿੱਤਰ ਪੜ੍ਹ ਚੁਕਿਆ ਸੀ।ਬਲਵੰਤ ਗਾਰਗੀ ਨੂੰ ਮੈ ਉਦੋਂ ਰੇਖਾ ਚਿੱਤਰਾਂ ਦਾ ਬੇਤਾਜ ਬਾਦਸ਼ਾਹ ਮੰਨਦਾ ਸੀ ਪ੍ਰੰਤੂ ਜਦੋਂ ਮੈਂ ਮੰਟੋ ਦੇ ਰੇਖਾਂ ਚਿੱਤਰ ਆਗਾ ਹਸ਼ਰ ਨਾਲ ਦੋ ਮੁਲਾਕਾਤਾਂ,ਅਖਤਰ ਸੀਰਾਨੀ ਨਾਲ ਕੁਝ ਮੁਲਾਕਾਤਾਂ,ਤਿੰਨ ਗੋਲੇ,ਇਸਮਤ ਚੁਗਤਾਈ, ਬਾਰੀ ਸਾਹਿਬ ,ਮੁਰਲੀ ਦੀ ਧੁਨ,ਪਰੀ ਚਿਹਰਾ ਨਸੀਮ, ਅਸ਼ੋਕ ਕੁਮਾਰ,ਨਰਗਿਸ, ਕੇਸਰ ਸੀ ਕਿਆਰੀ, ਬਾਬੂ ਰਾਓ ਪਾਟਿਲ, ਮੇਰਾ ਸਾਹਿਬ,ਇਹ ਗੰਜੇ ਫਰਿਸ਼ਤੇ, ਦੀਵਾਨ ਸਿੰਘ ਮਫਤੂਨ, ਨਵਾਬ ਕਸ਼ਮੀਰੀ, ਸਿਤਾਰਾ, ਚਿਰਾਗ ਹਸਨ ਹਸਰਤ, ਪੁਰਇਸਹਾਰ ਨੀਨਾ, ਰਫੀਕ ਗਜ਼ਨਵੀ, ਪਾਰੋ ਦੇਵੀ, ਕੇ.ਕੇ, ਅਨਵਰ ਕਮਾਲ ਪਾਸ਼ਾ, ਆਦਿ ਰੇਖਾ ਚਿੱਤਰ ਬਾ ਕਮਾਲ ਲਿਖੇ ਹਨ।ਇਹ ਸਭ ਪੜ੍ਹ ਕੇ ਸਾਨੂੰ ਉਸ ਸਮੇ ਦੇ ਮਹਾਨ ਫਨਕਾਰਾਂ ਬਾਰੇ ਬੜੀ ਅਨਮੋਲ ਜਾਣਕਾਰੀ ਮਿਲਦੀ ਹੈ।ਮੰਟੋ ਨੇ ਕੋਈ ਵਿੰਗ ਵਲਾਵਾਂ ਜਿਹਾ ਪਾ ਕੇ ਗੱਲ ਨਹੀ ਕੀਤੀ, ਸਗੋਂ ਸਿੱਧਾ ਠਾਹ ਸੋਟਾ ਹੀ ਮਾਰਿਆ ਹੈ।ਭਾਵੇ ਕਿਸੇ ਨੂੰ ਚੰਗਾ ਲੱਗੇ ਜਾ ਬੁਰਾ।
ਵੰਡ ਤੋਂ ਪਹਿਲਾਂ ਬੰਬਈ ਵਿੱਚ ਮੰਟੋ ਦੇ ਨਾਮ ਦੀ ਤੂਤੀ ਬੋਲਦੀ ਸੀ।ਉਸਨੂੰ ਇੱਕ ਫਿਲਮ ਦੀ ਕਹਾਣੀ ਲਿਖਣ ਦਾ ਦੋ ਹਜ਼ਾਰ ਰੁਪਏ ਤੱਕ ਵੀ ਮਿਲ ਜਾਂਦਾ ਸੀ।ਤੇ ਇੱਕ ਕਹਾਣੀ ਦੇ 50 ਰੁ: ਜਾਂ ਇਸ ਤੋਂ ਵੀ ਜ਼ਿਆਦਾ।ਪ੍ਰੰਤੂ ਆਪਣੇ ਮਾੜੇ ਦੌਰ ਵਿਖੇ ਮੰਟੋ ਨੂੰ ‘ਲਾਹੌਰ’ ਵਿਖੇ ਇੱਕ ਕਹਾਣੀ ਦੇ 20 ਰੁ: ਵੀ ਨਾਂ ਮਿਲੇ।ਉਸਦੀ ਧੀ ਬਿਮਾਰੀ ਨਾਲ ਮਰ ਰਹੀ ਸੀ ਤੇ ਉਹ ਆਪਣੀ ਕਹਾਣੀ 20 ਰੁ: ਵਿੱਚ ਵੇਚ ਕੇ ਦਵਾਈਆਂ ਦਾ ਚਾਰਾ ਕਰ ਰਿਹਾ ਸੀ।ਪ੍ਰੰਤੂ ਕਿਸੇ ਨਾਂ ਛਾਪੀ।ਅੱਜ ਕਹਾਣੀ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਉਥੇ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਸੀ, ਕਿਸੇ ਨਾਂ ਕਹਾਣੀ ਨਾਂ ਖਰੀਦੀ ਨਾਂ ਗੌਰ ਫਰਮਾਈ।ਬਿਲਕੁਲ ਮਹਾਨ ਚਿੱਤਰਕਾਰ ਵਾਨ ਗਾਗ ਵਾਂਗੂੰ ਜਿਸ ਦੇ ਜਿਉਂਦੇ ਜੀਅ ਇੱਕ ਵੀ ਉਸਦੀ ਪੇਂਟਿੰਗ ਨਾਂ ਵਿਕੀ ਤੇ ਉਸਦੀ ਮੌਤ ਤੋਂ ਬਾਅਦ ਕਰੋੜਾਂ ਰੁਪਏ ਚ ਵਿਕੀਆਂ।ਜੋ ਅੱਜ ਮੰਟੋ ਦੇ ਨਾਮ ਤੇ ਸੈਮੀਨਾਰ ਹੋ ਰਹੇ ਹਨ,ਉਸਦੀਆਂ ਲਿਖਤਾਂ ਤੇ ਖੋਜ ਕਾਰਜ ਹੋ ਰਹੇ ਹਨ,ਪ੍ਰੰਤੂ ਆਪਣੇ ਅੰਤਲੇ ਸਾਲ ਉਸਨੇ ਬੜੀ ਗੁਰਬਤ ਭਰੀ ਜ਼ਿੰਦਗੀ ਬਤੀਤ ਕੀਤੀ।
ਪਰ ਹੁਣ ਵੀ ਮੰਟੋ ਪ੍ਰਤੀ ਜ਼ਿਆਦਾਤਰ ਦਾ ਵਤੀਰਾ ਉਹੀ ਹੈ।ਜਦੋਂ ਕੁਝ ਸਾਲ ਪਹਿਲਾਂ ਸਿਲੇਬਸ ਚੋਂ ਮੰਟੋ ਦੀਆਂ ਲਿਖਤਾਂ ਹਟਾ ਕੇ ਫਰਾਂਸ ਦੇ ਲੇਖਕਾਂ ਦੀਆ ਲਿਖਤਾ ਸ਼ਾਮਿਲ ਕਰ ਲਈਆਂ ਗਈਆਂ ਤਾਂ ਕੁਝ ਕੁ ਨੂੰ ਛੱਡ ਕੇ ਕਿਸੇ ਨੇ ਵਿਰੋਧ ਨਾਂ ਕੀਤਾ।ਪੰਜਾਬ ਚਂੋ ਬੀਰ ਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਤੇ ਬਾਲੀਵੁੱਡ ਚੋਂ ਸਿਰਫ ਕਮਲ ਹਸਨ ਤੇ ਨੰਦਿਤਾ ਦਾਸ ਨੇ ਵਿਰੋਧ ਕੀਤਾ। ਬਾਕੀ ਸਭ ਖਾਮੋਸ਼ ਰਹੇ।ਕਿਸੇ ਨਾ ਪੁੱਛਿਆ ਕਿ ਮੰਟੋ ਸਾਡੀ ਆਪਣੀ ਮਿੱਟੀ ਦਾ ਲੇਖਕ ਸੀ।ਵਿਦਿਆਰਥੀ ਉਸਦੀ ਲਿਖਤ ਨੂੰ ਸੌਖਿਆਂ ਸਮਝ ਤੇ ਮਾਣ ਸਕਦੇ ਹਨ।ਪ੍ਰੰਤੂ ਫਰਾਂਸ ਨਾਲ ਨਾਂ ਸਾਡੀ ਸੱਭਿਆਚਾਰਕ ਸਾਂਝ ਤੇ ਨਾਂ ਬੋਲੀ ਦੀ ਸਾਂਝ,ਫਿਰ ਵੀ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਲਿਖਤਾਂ ਪੜ੍ਹਨ ਵਾਸਤੇ ਕਿਉਂ ਮਜਬੂਰ ਕੀਤਾ ਗਿਆ।
ਜਦੋਂ ਲਾਹੌਰ ਵਿੱਚ ‘ਠੰਡਾ ਗੋਸ਼ਤ’ ਕਹਾਣੀ ਤੇ ਮੁਕੱਦਮਾ ਚੱਲਿਆ ਤਾਂ ਮੰਟੋ ਨੇ ਕਿਹਾ ਸੀ ਕਿ ਭਾਰਤ ਚ ਮੇਰੀਆਂ ਲਿਖਤਾਂ ਤੇ ਚਾਰ ਮੁਕੱਦਮੇ ਚੱਲੇ ਸਨ ਤੇ ਇਧਰ ਪਾਕਿਸਤਾਨ ਚ ਦੋ ਪ੍ਰੰਤੂ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਨੂੰ ਬਣਿਆਂ ਸਾਲ ਹੀ ਕਿੰਨੇ ਹੋਏ ਹਨ।‘ਠੰਢਾ ਗੋਸ਼ਤ’ ਨੂੰ ਅਸ਼ਲੀਲ ਕਹਿਣ ਵਾਲੇ ਦੱਸ ਸਕਦੇ ਹਨ ਕਿ ਵੰਡ ਦੌਰਾਨ ਬਲਾਤਕਾਰਾਂ ਦੀ ਕੋਈ ਗਿਣਤੀ ਸੀ?ਅੱਜ ਵੀ ਪਿੰਡਾਂ ਚ’ ਕੁਝ ਅਜਿਹੇ ਗਵਾਹ ਮਿਲ ਜਾਣਗੇ ਜੋ ਇਹ ਅੱਖੀਂ ਡਿੱਠਾ ਹਾਲ ਦੱਸਣਗੇ ਕਿ ਫਸਾਦੀਆਂ ਨੇ ਕਿਵਂੇ ਉਹਨਾਂ ਕੁੜੀਆਂ ਨਾਲ ਬਲਾਤਕਾਰ ਕੀਤੇ ਜੋ ਲਾਸ਼ਾ ਬਣ ਚੁੱਕੀਆਂ ਸਨ।ਤੇ ਜੇ ਇਹ ਹਕੀਕਤ ਮੰਟੋ ਨੇ ਕਾਗਜ਼ ਤੇ ਉਤਾਰ ਦਿੱਤੀ ਤਾਂ ਅਸ਼ਲੀਲ ਹੋ ਗਈ।ਮੰਟੋ ਨੇ ਅਸ਼ਲੀਲਤਾ ਬਾਰੇ ਕਿਹਾ ਸੀ ਕਿ –
‘ਜ਼ਮਾਨੇ ਕੇ ਜਿਸ ਦੌਰ ਸੇ ਹਮ ਇਸ ਵਕਤ ਗੁਜ਼ਰ ਰਹੇ ਹੈਂ,ਅਗਰ ਆਪ ਇਸਸੇ ਨਾਂ ਵਾਕਿਫ ਹੈ ਤੋ ਮੇਰੇ ਅਫਸਾਨੇ ਪੜੀ੍ਹਏ।ਅਗਰ ਆਪ ਇਨ ਅਫਸਾਨੋ ਕੋ ਬਰਦਾਸ਼ਤ ਨਹੀਂ ਕਰ ਸਕਤੇ ਤੋਂ ਇਸਕਾ ਮਤਲਬ ਹੈ ਕਿ ਯੇ ਜ਼ਮਾਨਾ ਹੀ ਨਾਂ-ਕਾਬਿਲੇ ਬਰਦਾਸ਼ਤ ਹੈ।ਮੁਝ ਮੇ ਜੋ ਭੀ ਬੁਰਾਈਆਂ ਹੈ ਵੋ ਇਸ ਅਹਿਦ ਕੀ ਬੁਰਾਈਆਂ ਹੈ।ਮੇਰੀ ਤਹਿਰੀਰ ਮੈਂ ਕੋਈ ਨੁਕਸ ਨਹੀ।ਇਸ ਨੁਕਸ ਕੋ ਮੇਰੇ ਨਾਮ ਸੇ ਮਨਸੂਬ ਕੀਆ ਜਾਤਾ ਹੈ,ਵੋ ਦਰਅਸਲ ਮੋਜੂਦਾ ਨਿਜ਼ਾਮ ਕਾ ਨੁਕਸ ਹੈ।ਮੈ ਹੰਗਾਮਾ ਪਸੰਦ ਨਹੀ।ਮੈਂ ਲੋਗੋਂ ਕੇ ਖਿਆਲਾਤ ਵ ਜਜ਼ਬਾਤ ਮੇ ਹਿਜਾਤ ਪੈਦਾ ਨਹੀ ਕਰਨਾ ਚਾਹਤਾ।ਮੈ ਤਹਿਜ਼ੀਬੋ ਤਮੱਦਨ ਔਰ ਸੋਸਾਇਟੀ ਕੀ ਚੋਲੀ ਕਿਆ ਉਤਾਰੂੰਗਾ,ਜੋ ਹੈ ਹੀ ਨੰਗੀ।
ਇਹ ਅਲਫਾਜ਼ ਪੜ੍ਹ ਕੇ ਅਸੀਂ ਸਮਝ ਸਕਦੇ ਹਾਂ ਕਿ ਮੰਟੋ ਨੇ ਜੋ ਕੁਝ ਲਿਖਿਆ, ਉਹ ਸਾਡੇ ਸਮਾਜ ਦਾ ਹੀ ਵਰਤਾਰਾ ਸੀ,ਕਰੂਪ ਚਿਹਰਾ ਸੀ।ਪ੍ਰੰਤੂ ਮੁੱਲਿਆਂ ਨੇ ਇਸ ਕਹਾਣੀ ਤੇ ਅਸਮਾਨ ਸਿਰ ਤੇ ਚੱਕ ਲਿਆ।ਪਰ ਜੇ ਕਿਸੇ ਨੇ ਫਖਰ ਜ਼ਮਾਨ ਦਾ ਨਾਵਲ ‘ਬੇਵਤਨਾ’ ਪੜਿਆ ਹੋਵੇ ਤਾਂ ਇਹਨਾਂ ਮੁਲਿਆਂ ਦੇ ਅਸਲੀ ਦਰਸ਼ਨ ਦੀਦਾਰੇ ਹੋ ਜਾਣਗੇ।ਧਰਮ ਦੇ ਚੋਲੇ ਅੰਦਰ ਹਰ ਧਰਮ ਦੇ ਘੜੱਮ ਚੌਧਰੀਆਂ ਦਾ ਹਾਲ ਇਸਤੋਂ ਵੱਖਰਾ ਨਹੀ।ਭਲਾ ਸੋਚੋ ਕਿ ਜੇ ਕੋਈ ਕਹਾਣੀਕਾਰ ਸਾਡੇ ਅੱਜ ਦਾ ਸਮਾਜ ਪੇਸ਼ ਕਰੇ ਕਿ ਕਿਵੇਂ ਪਿਉ ਧੀਆਂ ਦੇ ਬਲਾਤਕਾਰ ਕਰ ਰਹੇ ਹਨ, ਕਈ ਸਕੇ ਭਰਾ ਭੈਣਾਂ ਨੂੰ ਨੋਚ ਰਹੇ ਹਨ,ਕਈ ਮਾਮੇ, ਮਾਸੜ, ਚਾਚੇ,ਤਾਏ ਤੇ ਇਥੋਂ ਤੱਕ ਕਿ ਦਾਦੇ ਤੇ ਨਾਨੇ ਵੀ ਹੈਵਾਨ ਬਣੇ ਹੋਏ ਹਨ।3 ਮਹੀਨੇ ਦੀ ਬੱਚੀ ਤੋਂ ਲੈ ਕੇ 100 ਸਾਲ ਤੱਕ ਦੀ ਬਜ਼ੁਰਗ ਮਹਿਫੂਜ਼ ਨਹੀ।ਚੀਥੜੇ ਕਰ ਦਿੱਤੀ ਜਾਂਦੀ ਹੈ।ਜੇ ਇਹ ਸਭ ਕਾਗਜ਼ ਦੀ ਹਿੱਕ ਤੇ ਵਾਹ ਦਿੱਤਾ ਜਾਵੇ ਤਾ ਇਹ ਅਸ਼ਲੀਲਤਾ ਹੋਵੇਗੀ ਜਾਂ ਸਮਾਜ ਦਾ ਕਰੂਪ ਚਿਹਰਾ।
‘ਟੋਭਾ ਟੇਕ ਸਿੰਘ’ ਮੰਟੋ ਦੀ ਸ਼ਾਹਕਾਰ ਰਚਨਾ ਹੈ।ਕਿ ਕਿਵੇ ਇੱਕ ਸਿੱਖ ਪਾਗਲਖਾਨੇ ਵਿੱਚ ਬੰਦ ਹੈ।ਪੰਜਾਬ ਵੰਡ ਦੌਰਾਨ ਪਾਗਲ ਆਪਸ ਵਿੱਚ ਗੱਲਾਂ ਕਰਦੇ ਹਨ ਕਿ ਹੁਣ ਉਹ ਅਜ਼ਾਦ ਹੋ ਜਾਣਗੇ।ਪ੍ਰੰਤੂ ਉਹ ਸਿੱਖ ਸਿਰਫ ਇਹ ਜਾਨਣਾ ਚਾਹੁੰਦਾ ਹੈ ਕਿ ‘ਟੋਭਾ ਟੇਕ ਸਿੰਘ’ ਜੋ ਕਿ ਉਸਦੀ ਜੰਮਣ ਭੋਂਇ ਹੈ ਉਹ ਕਿਸ ਪਾਸੇ ਹੈ।ਉਹ ਭਾਰਤ ਜਾਂ ਪਾਕਿਸਤਾਨ ਵਿਚ ਨਹੀ ਸਗੋਂ ‘ਟੋਭਾ ਟੇਕ ਸਿੰਘ’ ਜਾਣਾ ਚਾਹੁੰਦਾ ਹੈ,ਚਾਹੇ ਉਹ ਕਿਸੇ ਵੀ ਪਾਸੇ ਹੋਵੇ।ਜਦੋਂ ਉਸਨੂੰ ਭਾਰਤ ਭੇਜਿਆ ਜਾਂਦਾ ਹੈ ਤਾਂ ਬਾਰਡਰ ਤੇ ਦੱਸਿਆ ਜਾਂਦਾ ਹੈ ਕਿ ‘ਟੋਭਾ ਟੇਕ ਸਿੰਘ’ ਪਾਕਿਸਤਾਨ ਚ’ ਰਹਿ ਗਿਆ ਹੈ। ਤੇ ਜਦੋਂ ਉਹ ਪਾਕਿਸਤਾਨ ਚ ਜਾਣ ਲਾਗਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਕਿਉਂਕਿ ਉਹ ਇੱਕ ਸਿੱਖ ਹੈ ਇਸ ਲਈ ਭਾਰਤ ਚਲਾ ਜਾਵੇ।ਪ੍ਰੰਤੂ ਇਧਰ ਉਧਰ ਚੱਕਰ ਖਾਂਦਾ ਉਹ ਦੋਵਾਂ ਮੁਲਕਾ ਦੀ ਸਰਹੱਦ ਤੇ ਹੀ ਦਮ ਤੋੜ ਦਿੰਦਾ ਹੈ। ਕੀ ਸੋਚਦੇ ਹੋ ਇਸ ਕਹਾਣੀ ਬਾਰੇ।ਕੀ ਹੱਦਾਂ,ਸਰਹੱਦਾਂ, ਧਰਮ,ਮਜ਼ਹਬ, ਜਾਤਾਂ, ਬਿਰਾਦਰੀਆਂ, ਰੁਤਬੇ, ਜਗੀਰਾਂ ਸਾਡੀ ਜੰਮਣ ਭੋਂਇ ਤੋਂ ਵੱਡੇ ਹਨ।ਮੈ ਕਹਾਂਗਾ ਬਿਲਕੁਲ ਨਹੀ।ਜਿਥੇ ਅਸੀਂ ਜਨਮੇ, ਲੋਰੀਆਂ ਸੁਣੀਆਂ, ਮਾਂ-ਬੋਲੀ ਚ ਬੋਲਣਾ ਸਿੱਖੇ,ਯਾਰਾਂ ਬੇਲੀਆਂ ਨਾਲ ਖੇਡੇ, ਵੱਡੇ ਹੋਏ,ਉਸ ਥਾਂ ਨਾਲ ਸਾਡਾ ਰੂਹ ਦਾ ਨਾਤਾ ਹੁੰਦਾ ਹੈ।ਤੇ ਉਥੋਂ ਕਿਸੇ ਨੂੰ ਜ਼ਬਰਦਸਤੀ ਖਦੇੜ ਦਿੱਤਾ ਜਾਵੇ ਤਾਂ ਜਾਂ ਤਾਂ ਉਹ ਪਾਗਲ ਹੋ ਜਾਵੇਗਾ ਜਾਂ ਮਰ ਜਾਵੇਗਾ।ਮੰਟੋ ਜਨਮਿਆ ਭਾਵੇ ਸਮਰਾਲੇ ਸੀ ਪ੍ਰੰਤੂ ਬੰਬਈ ਉਸਦੀ ਰੂਹ ਸੀ।ਬੰਬਈ ਚ ਮੰਟੋ ਦੇ ਨਾਂ ਦਾ ਸਿੱਕਾ ਚਲਦਾ ਸੀ।ਅਸ਼ੋਕ ਕੁਮਾਰ ‘ਦਾਦਾ ਮੁਨੀ’ ਉਸਦਾ ਜਿਗਰੀ ਯਾਰ ਸੀ।ਉਹ ਲਾਹੌਰ ਜਾ ਕੇ ਬੰਬਈ ਨੂੰ ਤੇ ਉਥੇ ਦੇ ਦੋਸਤਾਂ ਨੂੰ ਨਾਂ ਭੁਲਾ ਸਕਿਆ।ਉਹ ਵਿਛੋੜੇ ਚ ਪਾਗਲ ਹੋ ਗਿਆ।ਸੋਚੋ ਜੇ ਵੰਡ ਨਾਂ ਹੁੰਦੀ ਤਾਂ ਇਧਰ ਉਸਨੇ ਹਾਲੇ ਹੋਰ ਕਿੰਨੀਆਂ ਫਿਲਮਾਂ ਤੇ ਕਹਾਣੀਆਂ ਲਿਖਣੀਆਂ ਸਨ।ਕਿਵੇ ਸੌਖੀ ਜ਼ਿੰਦਗੀ ਬਤੀਤ ਕਰਨੀ ਸੀ।ਪ੍ਰੰਤੂ ਵੰਡ ਦਾ ਕਹਿਰ ਉਸਤੇ ਭਾਰੂ ਪਿਆ।ਵੰਡ ਦੇ ਸੰਤਾਪ ਨੇ ਉਸਨੂੰ ਪਾਗਲ ਕਰ ਦਿੱਤਾ।ਉਹ ਪੈਸੇ ਪੈਸੇ ਦਾ ਮੁਹਤਾਜ ਹੋ ਗਿਆ।ਤੇ ਅੰਤ ਪਾਗਲਪਨ ਤੇ ਗਰੀਬੀ ਵਿੱਚ ਹੀ ਮਰ ਗਿਆ।‘ਟੋਭਾ ਟੇਕ ਸਿੰਘ’ ਦਾ ਉਹ ਸਿੱਖ ਪਾਤਰ ਮੈਨੂੰ ਖੁਦ ਮੰਟੋ ਜਾਪਦਾ ਹੈ।
‘ਖੋਲ੍ਹ ਦੋ’ ਕਹਾਣੀ 1947 ਦੇ ਉਜਾੜੇ ਦੀ ਅਸਲੀ ਤਸਵੀਰ ਪੇਸ਼ ਕਰਦੀ ਹੈ।ਜਦੋਂ ਇੱਕ ਮੁਸਲਿਮ ਪਿਉ ਆਪਣੀ ਧੀ ਨੂੰ ਲੱਭ ਲੱਭ ਕੇ ਹੰਭ ਜਾਂਦਾ ਹੈ ਜੋ ਕਿ ਫਸਾਦੀਆਂ ਨੇ ਚੁੱਕ ਲਈ ਸੀ,ਉਸਨੂੰ ਕਿਸੇ ਕੁੜੀ ਦੀ ਲਾਸ਼ ਦੇ ਹਸਪਤਾਲ ਚ ਹੋੋਣ ਬਾਰੇ ਪਤਾ ਚਲਦਾ ਹੇ।ਮਨ ਦੀ ਤਸੱਲੀ ਖਾਤਰ ਉਹ ਲਾਸ਼ ਵੇਖਣ ਚਲਾ ਜਾਂਦਾ ਹੈ।ਅੰਦਰ ਕਾਫੀ ਹਨੇਰਾ ਤੇ ਹੁੰਮਸ ਸੀ।ਡਾਕਟਰ ਉਸ ਆਦਮੀ ਨੂੰ ਕਹਿੰਦਾ ਹੈ ਕਿ ਬਾਰੀ ‘ਖੋਲ੍ਹ ਦੋ’।ਇੰਨੇ ਵਿੱਚ ਉਹ ਕੁੜੀ ਦੀ ਲਾਸ਼ ਵਿੱਚ ਹਰਕਤ ਹੁੰਦੀ ਹੈ ਤੇ ਉਹ ਆਪਣੀ ਸਲਵਾਰ ਦਾ ਨਾਲਾ ਖੋਲ੍ਹ ਦਿੰਦੀ ਹੈ ਤੇ ਉਸ ਬਦਨਸੀਬ ਪਿਉ ਨੂੰ ਪਤਾ ਚਲਦਾ ਹੈ ਕਿ ਇਹ ਉਸੇ ਦੀ ਧੀ ਸੀ।ਇਸਤੋਂ ਬਾਅਦ ਕਹਿਣ ਸੁਣਨ ਨੂੰ ਕੀ ਬਾਕੀ ਰਹਿ ਜਾਂਦਾ ਹੇ।ਉਸ ਕੁੜੀ ਨੂੰ ਇੰਨਾ ਚੂੰਡਿਆ ਗਿਆ ਕਿ ਉਸਦੇ ਜ਼ਹਿਨ ਚ ‘ਖੋਲ੍ਹ ਦੋ’ ਦਾ ਮਤਲਬ ਨਾਲਾ ਖੋਲਣਾ ਉੱਕਰ ਗਿਆ।ਨਿਢਾਲ ਮੌਤ ਦੇ ਦਰ ਤੇ ਪਈ ਵੀ ਉਹ ‘ਖੋਲ੍ਹ ਦੋ’ ਦਾ ਹੋਰ ਮਤਲਬ ਨਾਂ ਕੱਢ ਸਕੀ।ਜਿਹੜੇ ਇਸਨੂੰ ਵੀ ਅਸ਼ਲੀਲ ਕਹਿੰਦੇ ਹਨ, ਉਹਨਾਂ ਦੇ ਦਿਲ ਨਹੀ ਪੱਥਰ ਹਨ।ਉਹ ਸੋਚਣ ਸਮਝਣ ਤੋਂ ਅਸਮਰਥ ਤੇ ਮਨੁੱਖੀ ਦੁੱਖਾਂ, ਦਰਦਾਂ, ਚੀਸਾਂ, ਹੌਕਿਆਂ ਤੋਂ ਕੋਰੇ ਹਨ।
ਇਸੇ ਤਰਾਂ ਇੱਕ ਹੋਰ ਕਹਾਣੀ ਵਿੱਚ ਇੱਕ ਮਰਦ ਹਰ ਰੋਜ਼ ਰਾਤੀਂ ਆਪਣੀ ਤੀਵੀਂ ਤੋਂ ਸਾਰੀ ਰਾਤ ਵੇਸਵਾਗਮਨੀ ਕਰਾਉਂਦਾ ਹੈ ਤੇ ਦਿਨੇ ਘਰ ਦਾ ਕੰਮ।ਕਿੰਨੇ ਦਿਨਾਂ ਤੋਂ ਉਹ ਸੁੱਤੀ ਹੀ ਨਹੀ।ਨੀਂਦ ਉਸਦੀਆਂ ਅੱਖਾਂ ਚ ਰੜਕ ਰਹੀ ਹੈ ਪ੍ਰੰਤੂ ਉਸਦਾ ਜ਼ਾਲਮ ਪਤੀ ਹਰ ਰੋਜ਼ ਉਸਨੂੰ ਇਹ ਕਿਹ ਕੇ ਪਰਾਏ ਭੇੜੀਆਂ ਦੇ ਹਵਾਲੇ ਕਰ ਦਿੰਦਾ ਹੈ ਕਿ ਬੱਸ ਅੱਜ ਦੀ ਰਾਤ ਕੱਲ੍ਹ ਸੌਂ ਜਾਵੀਂ।ਪ੍ਰੰਤੂ ਉਹ ਕੱਲ੍ਹ ਕਦੇ ਨਹੀ ਆੳਂੁਦਾ।ਫਿਰ ਇੱਕ ਦਿਨ ਅਚਾਨਕ ਮੁਹੱਲੇ ਵਾਲੇ ਵੇਖਦੇ ਹਨ ਕਿ ਉਹ ਤੀਵੀਂ ਅਰਾਮ ਨਾਲ ਮੰਜੇ ਤੇ ਸੁੱਤੀ ਪਈ ਹੈ ਤੇ ਉਸਦੇ ਪਤੀ ਦੀ ਲਾਸ਼ ਕੋਲ ਖੁਨ ਚ’ ਲਥਪਥ ਪਈ ਹੈ ਤੇ ਉਸਤੇ ਮੱਖੀਆਂ ਭਿਣਕ ਰਹੀਆਂ ਹਨ ਜੋ ਕਿ ਉਹ ਤੀਵੀਂ ਨੇ ਇੱਟਾਂ ਮਾਰ ਕੇ ਮਾਰ ਦਿੱਤਾ ਸੀ।ਲਿਖ ਸਕਦਾ ਹੈ ਕੋਈ ਇੰਨਾ ਦਰਦ ਤੇ ਅਸਲੀਅਤ।ਮੰਟੋ ਨੇ ਹਰ ਮਜ਼ਲੂਮ ਤੇ ਲਾਚਾਰ ਬਾਰੇ ਲਿਖਿਆ।ਉਸ ਦੀਆਂ ਜ਼ਿਆਦਾਤਰ ਕਹਾਣੀਆਂ ਦੀ ਮੁੱਖ ਪਾਤਰ ਇੱਕ ਵੇਸਵਾ ਹੀ ਹੈ ਸਭ ਦੁੱਖ ਦਰਦਾ ਨੂੰ ਦਿਲ ਚ ਸਮੋਅ ਕੇ ਇਹ ਧੰਦਾ ਕਰ ਰਹੀ ਹੈ।ਕਾਲੀ ਸਲਵਾਰ,ਬੋ,ਸ਼ਿਕਾਰੀ ਔਰਤਾਂ ਆਦਿ ਕਿੰਨੀਆਂ ਹੀ ਕਹਾਣੀਆਂ ਮੰਟੋ ਨੇ ਔਰਤਾਂ ਦੀ ਦਸ਼ਾ ਤੇ ਲਿਖੀਆਂ ਹਨ।ਸਿਰਫ ਉਹਨਾਂ ਔਰਤਾਂ ਵਾਸਤੇ ਜੋ ਰੋਟੀ ਵਾਸਤੇ ਸੰਘਰਸ਼ ਕਰ ਰਹੀਆਂ ਹਨ।ਚਾਹੇ ਜਿਸਮ ਵੇਚ ਕੇ ਹੀ ਕਿਉਂ ਨਾਂ।ਮੰਟੋ ਖੁਦ ਲਿਖਦਾ ਹੈ ਕਿ-
‘ਚੱਕੀ ਪੀਸਨੇ ਵਾਲੀ ਔਰਤ’ ਜੋ ਦਿਨ ਭਰ ਕਾਮ ਕਰਤੀ ਹੈ ਔਰ ਰਾਤ ਕੋ ਇਤਮੀਨਾਨ ਸੇ ਸੋ ਜਾਤੀ ਹੈ,ਵੋ ਮੇਰੇ ਅਫਸਾਨੋ ਕੀ ਹੀਰੋਇਨ ਨਹੀਂ ਹੋ ਸਕਤੀ।ਮੇਰੀ ਹੀਰੋਇਨ ਚਕਲੇ ਕੀ ਏਕ ਰੰਡੀ ਹੋ ਸਕਤੀ ਹੈ,ਜੋ ਰਾਤ ਮੇ ਜਾਗਤੀ ਹੈ ਔਰ ਦਿਨ ਕੋ ਸੋਤੇ ਮੇ ਕਭੀ ਕਭੀ ਯਿਹ ਡਰਾਵਨਾ ਖਵਾਬ ਦੇਖ ਕਰ ਉਠ ਜਾਤੀ ਹੈ ਕਿ ਬੁਢਾਪਾ ਉਸਕੇ ਦਰਵਾਜੇ ਪਰ ਦਸਤਕ ਦੇ ਰਹਾ ਹੈ।
ਮੰਟੋ ਦੀਆਂ ਲਗਭਗ ਸਾਰੀਆਂ ਕਹਾਣੀਆਂ ਦੇ ਹੀਰੋ ਹੀਰੋਇਨਾਂ ਹੀ ਨੰਗ ਭੁੱਖ ਨਾਲ ਘੁਲਦੇ ਨਜ਼ਰ ਆਉਂਦੇ ਹਨ।ਕਿਉਂਕਿ ਲਿਖਣਾ ਉਹਨਾਂ ਵਾਸਤੇ ਹੀ ਚਾਹੀਦਾ ਹੈ।ਜੋ ਲੋਕ ਅਰਾਮ ਨਾਲ ਕਮਾ ਕੇ ਖਾ ਰਹੇ ਹਨ ਜਾ ਸ਼ਾਹੀ ਜੀਵਨ ਭੋਗ ਰਹੇ ਹਨ,ਉਹਨਾਂ ਵਾਸਤੇ ਕਾਪੀਆਂ ਕਾਲੀਆਂ ਕਰਨ ਦਾ ਕੀ ਫਾਇਦਾ। ਹਜ਼ਾਰਾਂ ਸਾਲਾਂ ਤੋਂ ਇਵੇਂ ਹੀ ਹੁੰਦਾ ਆਇਆ ਹੈ।ਹਮੇਸ਼ਾ ਰਾਜਿਆਂ ਬਾਰੇ ਹੀ ਲਿਖਿਆ ਗਿਆ ਹੈ।ਜਿਵੇਂ ਕਿ ਅਸ਼ੋਕ, ਚੰਦਰਗੁਪਤ, ਰਜ਼ੀਆ ਸੁਲਤਾਨ, ਅਕਬਰ ਜਾਂ ਔਰੰਗਜ਼ੇਬ ਆਦਿ ਉਹਨਾਂ ਦੇ ਸ਼ੌਕ, ਖਾਣੇ, ਰਖੇਲਾਂ, ਵਿਆਹ, ਅੋਲਾਦਾਂ, ਅੱਯਾਸ਼ੀਆਂ ਲਿਖ ਲਿਖ ਕੇ ਲਾਇਬ੍ਰੇਰੀਆਂ ਭਰ ਦਿੱਤੀਆਂ ਗਈਆਂ ਹਨ।ਪ੍ਰੰਤੂ ਉਦੋਂ ਆਵਾਮ ਦਾ ਕੀ ਹਾਲ ਸੀ।ਉਹ ਜਿੰਦਗੀ ਕੱਟਣ ਵਾਸਤੇ ਕਿਵੇ ਮਰ ਮਰ ਕੇ ਜਿਉਂਦੇ ਸਨ ਤੇ ਕਿਵੇਂ ਜਾਨਵਰਾਂ ਤੋਂ ਵੀ ਮਾੜੀ ਜੂਨ ਹੰਢਾਉਂਦੇ ਸਨ,ਇਸ ਬਾਰੇ ਬੜਾ ਹੀ ਮਾਮੂਲੀ ਜਿਹਾ ਲਿਖਿਆ ਗਿਆ ਹੈ।ਉਦੋਂ ਦੇ ਸਮਾਜ ਦੇ ਬੰਧਨਾਂ ਤੇ ਅਮੀਰਾਂ ਦੇ ਘੋੜਿਆਂ ਦੀਆਂ ਟਾਪਾ ਥੱਲੇ ਜੂਨ ਕਟੀ ਕਰਦੇ ਕਿਰਤੀਆਂ ਬਾਰੇ ਸਾਰੇ ਪੁਰਾਣੇ ਲੇਖਕ ਖਾਮੋਸ਼ ਹਨ।ਇਹ ਸਿਲਸਿਲਾ ਪਹਿਲਾਂ ਸੋਵੀਅਤ ਯੂਨੀਅਨ ਦੇ ਲੇਖਕਾਂ ਲੀਓ ਟਾਲਸਟਾਏ, ਚੈਖੋਵ, ਮੈਕਸਿਮ ਗੋਰਕੀ, ਰਸੂਲ ਹਮਜ਼ਾਤੋਵ, ਆਦਿ ਨੇ ਸ਼ੁਰੂ ਕੀਤਾ।ਉਹਨਾਂ ਨੇ ਆਮ ਕਿਰਤੀ ਲੋਕਾਂ ਬਾਰੇ ਲਿਖਿਆ। ਉਹਨਾਂ ਦੀ ਤਰਸ ਭਰੀ ਜ਼ਿੰਦਗੀ ਬਿਆਨ ਕੀਤੀ।ਫਿਰ ਇਹ ਲਹਿਰ ਪੂਰੀ ਦੁਨੀਆ ਵਿੱਚ ਚੱਲੀ।ਆਮ ਲੋਕਾਂ ਦੀਆਂ ਮਜਬੂਰੀਆਂ, ਹੌਕੇ, ਹਾਵਾਂ, ਲੋੜਾਂ, ਥੁੜਾਂ, ਲੇਖਕਾਂ ਦੀਆ ਕਹਾਣੀਆਂ, ਨਾਵਲਾਂ, ਨਾਟਕਾਂ ਦਾ ਸ਼ਿੰਗਾਰ ਬਣੇ।ਮੰਟੋ ਨੇ ਇਹੀ ਕੀਤਾ ਹੈ।ਆਮ ਲੌਕਾਂ ਦੇ ਹਾਲਾਤ ਤੇ ਉਹਨਾਂ ਦੀ ਜ਼ਿੰਦਗੀ ਨੂੰ ਜਿਉਂਦੇ ਰਹਿਣ ਲਈ ਕੀਤੇ ਜਾਂਦੇ ਸੰਘਰਸ਼ ਨੂੰ ਆਪਣੀਆਂ ਕਹਾਣੀਆਂ ਰਾਹੀ ਬਿਆਨ ਕੀਤਾ।
ਅੰਤ ਵਿੱਚ ਮੇਰਾ ਮੰਨਣਾ ਹੈ ਕਿ ਸਾਨੂੰ ਅਤੀਤ ਤੋਂ ਸਿੱਖਣਾ ਪਵੇਗਾ।ਮੰਟੋ ਵਰਗੇ ਚਮਕਦੇ ਸਿਤਾਰੇ ਨੂੰ ਵੰਡ ਕਰਨ ਹੋਏ ਬੰਬਈ ਦੇ ਵਿਛੋੜੇ ਨੇ ਤਿਲ ਤਿਲ ਕਰ ਕੇ ਮਾਰਿਆ।ਪ੍ਰੰਤੂ ਮੰਟੋ ਵਰਗੇ ਲੱਖਾਂ ਲੋਕ ਜੋ ਇਧਰਂੋ ਬੰਬਈ,ਅੰਮ੍ਰਿਤਸਰ,ਜਲੰਧਰ, ਆਦਿ ਦੇ ਵਿਛੋੜੇ ਦਾ ਦਰਦ ਲੈ ਕੇ ਉਧਰ ਗਏ ਤੇ ਵਿਯੋਗ ਚ’ ਮਰ ਗਏ,ਉਹਨਾਂ ਬਾਰੇ ਅਸੀਂ ਖਾਮੋਸ਼ ਹਾਂ।ਉਵੇ ਹੀ ਜੋ ਇਧਰ ਲਾਹੌਰ,ਮੁਲਤਾਨ,ਲਾਇਲਪੁਰ, ਚੱਕ, ਬਾਰਾਂ, ਰਾਵਲਪਿੰਡੀ,ਕਸੂਰ,ਮੰਡੀ ਬਹਾਊਦੀਨ ਆਦਿ ਤੋਂ ਉਜੜ ਕੇ ਆਏ ਤੇ ਉਥੋਂ ਦੀ ਮਿੱਟੀ ਮੱਥੇ ਨਾਲ ਲਾਉਣ ਦੀ ਆਸ ਲੈ ਕੇ ਦੁਨੀਆ ਤੋਂ ਰੁਖਸਤ ਹੋ ਗਏ,ਉਹਨਾਂ ਦੀ ਪੀੜ ਕੌਣ ਜਾਣਦਾ ਹੈ।ਮੇਰਾ ਮੰਨਣਾ ਹੈ ਕਿ ਮੰਟੋ ਮਰਿਆ ਨਹੀ ਕਤਲ ਕੀਤਾ ਗਿਆ ਹੈ।‘1947’ ਨਾਮ ਦਾ ਸਾਲ ਉਸਦਾ ਕਾਤਲ ਹੈ ਜਿਸਨੇ ਉਸਨੂੰ ਬੰਬਈ ਤੋਂ ਵੱਖ ਕੀਤਾ।ਵੰਡ ਦੇ ਪੇਪਰਾਂ ਤੇ ਘੁੱਗੀਆਂ ਮਾਰਨ ਵਾਲੇ ਲੀਡਰ ਇਸ ਪੀੜ ਦੀ ਥਾਹ ਨਹੀ ਪਾ ਸਕਦੇ।10 ਲੱਖ ਲੋਕ ਜੋ ਫਸਾਦਾਂ ਚ, ਮਾਰੇ ਗਏ,ਉਹ ਗਿਣਤੀ ਵਿੱਚ ਆੳਂੁਦੇ ਹਨ।ਪਰ ਜੋ ਉਸਤਂੋ ਬਾਅਦ ਰਿਝ ਰਿਝ ਕੇ ਆਪਣੀ ਜੰਮਣ ਭੋਂਇ ਨੂੰ ਤਰਸਦੇ ਮਰੇ ਉਹ ਕਿਸੇ ਲੇਖੇ ਵਿੱਚ ਕਿਉਂ ਨਹੀ ਆਉਦੇ।ਜੇ ਕਿਤੇ ਮਨੁੱਖੀ ਅਦਾਲਤਾਂ ਵਾਂਗੂੰ ਬੁਰੇ ਵਕਤਾਂ ਤੇ ਮੁਕੱਦਮੇ ਦਰਜ ਹੁੰਦੇ ਤਾਂ ਮੈ 1947 ਤੇ ਮੁਕੱਦਮਾਂ ਦਰਜ ਕਰਵਾ ਦਿੰਦਾ ਜਿਸਨੇ ਹਸਦਾ ਵਸਦਾ ਪੰਜਾਬ ਉਜਾੜ ਦਿੱਤਾ।ਲੱਖਾਂ ਲੋਕ ਨਿਗਲ ਲਏ,ਲੱਖਾਂ ਬੇਘਰ ਹੋ ਗਏ,ਤੇ ਰਹਿੰਦੇ ਕਰੌੜਾ ਇੱਕ ਦੂਜੇ ਨੂੰ ਮਿਲਣ ਤੇ ਵੇਖਣ ਨੂੰ ਤਰਸਦੇ ਹਰ ਰੋਜ਼ ਰੱਬ ਘਰ ਜਾ ਰਹੇ ਹਨ।ਦੋਵਾਂ ਪੰਜਾਬਾਂ ਦੇ ਮਿਲਣ ਦੀ ਛੇਤੀ ਕਿਤੇ ਕੋਈ ਆਸ ਨਜ਼ਰ ਨਹੀਂ ਆ ਰਹੀ।ਮੰਟੋ ਅੱਜ ਵੀ ਪਾਗਲ ਹੋ ਰਿਹਾ ਹੈ,ਮੰਟੋ ਅੱਜ ਵੀ ਮਰ ਰਿਹਾ ਹੇ।ਪ੍ਰੰਤੂ ਉਸਤੇ ਕਹਾਣੀ ਲਿਖਣ ਵਾਲਾ ਕੋਈ ਨਜ਼ਰ ਨਹੀ ਆ ਰਿਹਾ।
ਸੁਰਿੰਦਰ ਸਿੰਘ ‘ਸ਼ਮੀਰ’
surinder singh shameer