ਗੁਰਨਾਮ ਸਮੇਂ ਤੋਂ ਬਾਅਦ ਖੇਤ ਗਿਆ ਸੀ ਕਿਉਂਕਿ ਮੁੰਡਿਆਂ ਨੇ ਕਈ ਸਾਲ ਪਹਿਲਾਂ ਉਸ ਨੂੰ ਖੇਤੀ ਤੋਂ ਵਿਹਲਾ ਕਰ ਦਿੱਤਾ ਸੀ ।ਬੀਜ ਬਿਜਾਈ ਵੇਚਣਾ ਵਟਣਾ ਸਭ ਉਨ੍ਹਾਂ ਦੇ ਹੱਥ ਵਿਚ ਸੀ।ਗੁਰਨਾਮ ਤਾ ਸਵੇਰੇ ਗੁਰਦੁਆਰੇ ,ਦੁਪਿਹਰੇ ਤਾਸ ਅਤੇ ਸ਼ਾਮ ਨੂੰ ਪੋਤੇ ਪੋਤੀਆਂ ਨਾਲ ਰੁਝਿਆ ਰਹਿੰਦਾ ਸੀ।
ਇਸ ਵਾਰੀ ਛੋਟਾ ਮੁੰਡਾ ਥੋੜ੍ਹਾ ਜ਼ਿਆਦਾ ਬਿਮਾਰ ਹੋ ਗਿਆ ਸੀ ।ਕਣਕ ਦੀ ਬਿਜਾਈ ਵੀ ਜ਼ਰੂਰੀ ਸੀ। ਉਨ੍ਹਾਂ ਨੂੰ ਮਜਦੂਰ ਲੈ ਕੇ ਜਾਣਾ ਮਹਿੰਗਾ ਪੈਂਦਾ ਸੀ ਕਿਉਂਕਿ ਘਰ ਦੀ ਆਰਥਿਕਤਾ ਪਿਛਲੇ ਸਮੇਂ ਵਿੱਚ ਡਾਵਾਂਡੋਲ ਹੋ ਗਈ ਸੀ। ਖੇਤੀ ਵਿੱਚੋਂ ਹੁਣ ਕੁਝ ਬਚਦਾ ਹੀ ਨਹੀਂ ਸੀ ।
ਮੁੰਡੇ ਨੇ ਕਿਹਾ,” ਭਾਪਾ ਅੱਜ ਤੂੰ ਮੇਰੇ ਨਾਲ ਚੱਲੀਂ ਬਿਜਾਈ ਕਰਾਂਗੇ,ਤੂੰ ਮਸ਼ੀਨ ਦੇ ਪਿੱਛੇ ਦੇਖਦਾ ਰਹੀ ਅਜਿਹਾ ਨਾ ਹੋਵੇ ਕੋਈ ਪੋਰ ਬੰਦ ਹੋ ਜਾਵੇ ।”
ਦੋਵੇਂ ਖ਼ੇਤ ਜਾ ਪੁੱਜੇ ਸਨ ।ਮੁੰਡੇ ਨੇ ਬੀਜ ਵਾਲੇ ਗੱਟੇ ਵਿੱਚੋਂ ਕਣਕ ਮਸ਼ੀਨ ਵਿੱਚ ਪਾ ਲਈ ਤੇ ਟਰੈਕਟਰ ਤੇ ਜਾ ਬੈਠਾ ।ਗੁਰਨਾਮ ਨੇ ਪੁਰਾਣੇ ਸਮਿਆਂ ਵਾਗੂ ਆਪਣੇ ਜੋੜੇ ਉਤਾਰੇ ਪਰਨਾ ਠੀਕ ਕੀਤਾ ਤੇ ਆਪਣੇ ਬਾਪੂ ਤੋ ਸਿੱਖਿਆ ਬਿਜਾਈ ਦਾ ਮੰਗਲਾਚਰਨ ਹੱਥ ਜੋੜ ਕੇ ਬੋਲਣਾ ਸੁਰੂ ਕੀਤਾ ,”ਹਾਲੀ ਪਾਲੀ ਦੇ ਭਾਗੀ,ਰਾਹੀਂ ਪਾਂਧੀ ਦੇ ਭਾਗੀ,ਗਰੀਬ ਗੁਰਬੇ ਦੇ ਭਾਗੀ,ਚਿੜੀ ਜਨੌਰ ਦੇ ਭਾਗੀ..,”
ਬੋਲ ਹਾਲੇ ਉਸ ਦੇ ਮੂੰਹ ਵਿੱਚ ਹੀ ਸਨ ਕਿ ਮੁੰਡਾ ਟਰੈਕਟਰ ਉੱਤੋਂ ਬੈਠਿਆ ਖਿਝਿਆ ਤੇ ਬੋਲਿਆ ,”ਉਹ ਛੱਡ ਭਾਪਾ ਰਹਿਣ ਦੇ ਇਸਨੂੰ, ਨਾ ਹੁਣ ਕੋਈ ਹਾਲੀ ਪਾਲੀ ਹੈ ਤੇ ਨਾ ਹੀ ਇੱਥੇ ਕੋਈ ਜਾਨਵਰ ਜਨੌਰ ਬਚਿਆ ,ਜੇ ਤੂੰ ਅਰਦਾਸ ਹੀ ਕਰਨੀ ਹੈ ਤਾਂ ਇਹ ਕਰ ਕਿ ਪ੍ਰਮਾਤਮਾ ਸਾਡੇ ਖਾਣ ਜੋਗੀ ਜ਼ਰੂਰ ਬਚ ਜਾਵੇ ,ਕਿਉਂਕਿ ਆਪਣੇ ਸਿਰ ਕਰਜਾ ਹੀ ਏਨਾ ਹੈ ਮੈਨੂੰ ਤਾਂ ਲੱਗਦੈ ਆਪਾਂ ਇਹ ਫ਼ਸਲ ਆੜ੍ਹਤੀਏ ਲਈ ਹੀ ਬੀਜ ਰਹੇ ਹੋਈਏ,”ਇਹ ਸੁਣ ਉਸ ਦੇ ਮੰਗਲਾਚਰਨ ਲਈ ਜੁੜੇ ਹੱਥ ਆਪਣੇ ਆਪ ਹੇਠਾਂ ਡਿੱਗ ਪਏ।
ਭੁਪਿੰਦਰ ਸਿੰਘ ਮਾਨ
ਫੋਟੋ – ਰਵਨ ਖੋਸਾ ( Ravan Khosa )
Bhupinder Singh Mann