ਹਥੀਂ ਚੂੜਾ..ਸਿਰ ਤੇ ਗੋਟੇ ਵਾਲੀ ਚੁੰਨੀ ਦਾ ਲੰਮਾ ਸਾਰਾ ਘੁੰਡ..ਪੈਰੀ ਝਾਂਜਰਾਂ ਤੇ ਛਣ-ਛਣ ਕਰਦੀਆਂ ਪੰਜੇਬਾਂ..ਹੱਥਾਂ ਤੇ ਬੂਟੀਆਂ ਵਾਲੀ ਮਹਿੰਦੀ ਤੇ ਕਲੀਰੇ ਅਤੇ ਹੋਰ ਵੀ ਕਿੰਨਾ ਕੁਝ.. ਨਿੱਕੀ ਉਮਰੇ ਵਿਆਹ ਦਿੱਤੀ ਗਈ ਨੇ ਜਦੋਂ ਪਹਿਲੀ ਵਾਰ ਅਗਲੇ ਘਰ ਦੀਆਂ ਬਰੂਹਾਂ ਟੱਪੀਆਂ ਤਾਂ ਗ੍ਰਹਿਸਥ ਦਾ ਕੀ ਮਤਲਬ ਹੁੰਦਾ..ਉੱਕਾ ਹੀ ਪਤਾ ਨਹੀਂ ਸੀ..! ਪਹਿਲੀ ਵਾਰ ਇਹਨਾਂ ਨੇ ਘੁੰਡ ਚੁੱਕ ਗੱਲ ਕਰਨੀ ਚਾਹੀ ਤਾਂ ਛੇਤੀ ਨਾਲ ਹੱਥ ਛੁਡਾ ਪਰਾਂ ਨੁੱਕਰੇ ਲੱਗ ਗਈ..ਫੇਰ ਇਹਨਾਂ ਪਿਆਰ ਨਾਲ ਸੈਨਤ ਮਾਰ ਆਪਣੇ ਕੋਲ ਸੱਦ ਲਾਗੇ ਡੱਠੇ ਮੰਜੇ ਤੇ ਸਵਾਂ ਦਿੱਤਾ ਤੇ ਉੱਤੇ ਚਾਦਰ ਪਾ ਦਿੱਤੀ..! ਫੇਰ ਕੁਝ ਦਿਨਾਂ ਮਗਰੋਂ ਜਦੋਂ ਮਾੜਾ ਮੋਟਾ ਹਾਂ-ਹੁੰਗਾਰਾ ਜਿਹਾ ਭਰਨਾ ਸ਼ੁਰੂ ਕੀਤਾ ਤਾਂ ਇੱਕ ਦਿਨ ਸਾਗ ਚੀਰਦੀ ਦੇ ਕੋਲ ਆ ਕੇ ਪੁੱਛਣ ਲੱਗੇ ਕੇ ਕਿਤੇ ਬਾਹਰ ਵਾਂਢੇ ਜਾਣ ਨੂੰ ਜੀ ਕਰਦਾ ਏ ਤਾਂ ਦੱਸ?
ਮੇਰਾ ਚਾਚਾ ਫੌਜ ਵਿਚ ਸੀ..ਜਦੋਂ ਪਿੰਡ ਆਉਂਦਾ ਹਮੇਸ਼ਾਂ “ਡਲਹੌਜੀ” ਦੀਆਂ ਗੱਲਾਂ ਕਰਿਆ ਕਰਦਾ..ਪਤਾ ਨੀ ਉਸ ਦਿਨ ਕਿੱਦਾਂ ਚੇਤਾ ਆ ਗਿਆ ਤੇ ਮੂਹੋਂ ਆਪ ਮੁਹਾਰੇ ਹੀ ਨਿੱਕਲ ਗਿਆ..”ਹਾਂਜੀ ਡਲਹੌਜੀ ਜਾਣ ਨੂੰ ਬੜਾ ਜੀ ਕਰਦਾ”! ਇਹਨਾਂ ਅਗਲੇ ਦਿਨ ਪੁੱਛ ਲਿਆ ਪਰ ਬਾਪੂ ਬੇਬੇ ਹੁਰਾਂ ਨੇ ਸਾਫ ਨਾਂਹ ਕਰ ਦਿੱਤੀ..ਉਸ ਮਗਰੋਂ ਮੈਨੂੰ ਸਾਰਾ ਕੁਝ ਭੁੱਲ ਭੁਲਾ ਗਿਆ ਪਰ ਇਹਨਾਂ ਡਲਹੌਜੀ ਵਾਲੀ ਗੱਲ ਚੇਤੇ ਰੱਖੀ. ਫੇਰ ਇੱਕ ਦਿਨ ਘਰੇ ਟੀਵੀ ਲੈ ਆਂਦਾ ਗਿਆ.. ਚਿੱਤਰਹਾਰ..ਰੰਗੋਲੀ..ਸੰਦਲੀ ਪੈੜਾਂ..ਸ਼ਨਿਚਰਵਾਰ..ਐਤਵਾਰ ਨੂੰ ਕਦੇ ਕਦੇ ਆਉਂਦੀ ਪੰਜਾਬੀ ਫਿਲਮ..ਸਾਰਾ ਕੁਝ ਬੱਸ ਪਰਦੇ ਪਿੱਛੇ ਲੁਕ ਓਹਲੇ ਜਿਹੇ ਹੋ ਕੇ ਵੇਖਣਾ ਪੈਂਦਾ..ਸਾਰੇ ਜਾਣੇ ਕੱਠੇ ਜੂ ਬੈਠੇ ਵੇਖ ਰਹੇ ਹੁੰਦੇ..! ਫੇਰ ਕੁਝ ਅਰਸੇ ਮਗਰੋਂ ਬੇਬੇ ਬਾਪੂ ਜੀ ਅੱਗੜ ਪਿੱਛੜ ਹੀ ਜਹਾਨੋ ਤੁਰ ਗਏ.. ਕੁਝ ਮਹੀਨਿਆਂ ਮਗਰੋਂ ਪਿਛਲੇ ਪਿੰਡੋਂ ਵੀ ਸੁਨੇਹਾਂ ਆ ਗਿਆ..ਪਿਛਲੀ ਪੀੜੀ ਨਾਲ ਬੱਝੀ ਹੋਈ ਚਿਰੋਕਣੀ ਗੰਢ ਖੁਲ ਗਈ..! ਨਿਆਣੇ ਜੁਆਨ ਹੋਣ ਲੱਗੇ..ਜੁਮੇਵਾਰੀਆਂ ਵੱਧ ਗਈਆਂ..ਫੇਰ ਪਤਾ ਹੀ ਨਾ ਲੱਗਾ ਕਦੋਂ ਉਹ ਪੜਾਈਆਂ ਪੂਰੀਆਂ ਕਰ ਆਪੋ ਆਪਣੇ ਰਾਹ ਪੈ ਗਏ ਤੇ ਅਸੀਂ ਰਹਿ ਗਏ ਕੱਲੇ-ਕਾਰੇ..! ਸਾਰੀ ਦਿਹਾੜੀ ਬਸ ਗਲੀ ਵਿਚ ਬੈਠੇ ਬਾਹਰ ਖੇਡਦੇ ਜੁਆਕ ਵੇਖਦੇ ਰਹਿੰਦੇ..ਇਹਨਾਂ ਦੀ ਸਾਹ ਦੀ ਤਕਲੀਫ ਵੱਧ ਗਈ..ਡਾਕਟਰਾਂ ਸੁਵੇਰ ਦੀ ਸੈਰ ਬੰਦ ਕਰ ਦਿੱਤੀ..! ਇੱਕ ਦਿਨ ਅੱਧੀ ਰਾਤ ਨੂੰ ਜਾਗ ਖੁੱਲੀ ਤਾਂ ਦੇਖਿਆ ਕੱਲੇ ਬੈਠੇ ਟੀ.ਵੀ ਦੇਖ ਰਹੇ ਸਨ..ਇੱਕ ਫਿਲਮ ਵਿਚ ਡਲਹੌਜੀ ਸ਼ਹਿਰ ਦੀ ਸੈਰ ਕਰਵਾਈ ਜਾ ਰਹੀ ਸੀ..! ਅਗਲੇ ਦਿਨ ਪਤਾ ਨੀ ਕਿ ਸੁਝਿਆ..ਸਵਖਤੇ ਹੀ ਬਾਹਰ ਨਿੱਕਲ ਗਏ..ਵਾਪਿਸ ਮੁੜੇ ਤਾਂ ਹੱਥ ਵਿਚ ਕਾਗਜ ਦੇ ਦੋ “ਟੋਟੇ” ਸਨ.. ਪੁੱਛਿਆ ਤਾਂ ਆਖਣ ਲੱਗੇ ਤਿਆਰੀ ਖਿੱਚ ਲੈ ਸ੍ਰ੍ਦਾਰਨੀਏ ਬੱਸ..ਟੈਕਸੀ ਅੱਪੜ ਹੀ ਜਾਣੀ ਏ ਥੋੜੇ ਚਿਰ ਨੂੰ..ਆਪਾਂ ਡਲਹੌਜੀ ਨੂੰ ਨਿੱਕਲ ਜਾਣਾ..ਚਿਰਾਂ ਤੋਂ ਲਮਕਦੀ ਹੋਈ ਕੋਈ ਆਪਣੀ ਪੂਰਾਣੀ ਖਾਹਿਸ਼ ਪੁਗਾਉਣੀ ਏ..! ਥੋੜੇ ਚਿਰ ਮਗਰੋਂ ਚੰਡੀਗੜੋਂ ਤੁਰੀ ਟੈਕਸੀ ਹੋਸ਼ਿਆਰਪੁਰ ਹੁੰਦੀ ਹੋਈ ਡਲਹੌਜੀ ਵੱਲ ਨੂੰ ਵੱਧ ਰਹੀ ਸੀ..ਪੁੱਛ ਲਿਆ ਕੇ ਜੇ ਉੱਚੀਆਂ ਪਹਾੜੀਆਂ ਦੀ ਠੰਡ ਵਿਚ ਸਾਹ ਦੀ ਤਕਲੀਫ ਵੱਧ ਗਈ ਤਾਂ ਫੇਰ ਕੀ ਕਰਾਂਗੇ? ਮੇਰੇ ਸਿਰ ਹੇਠ ਆਪਣੀ ਬਾਂਹ ਦਿੰਦੇ ਹੋਏ ਆਖਣ ਲੱਗੇ ਕੇ “ਤੂੰ ਨਾਲ ਤੇ ਹੈਂ ਨਾ ਮੇਰੇ..
ਫੇਰ ਨਿਆਣਿਆਂ ਵੱਲੋਂ ਅਕਸਰ ਹੀ ਆਖ ਦਿੱਤੀ ਜਾਂਦੀ ਚੇਤੇ ਕਰ ਬੋਲ ਪਏ..”ਸ੍ਰ੍ਦਾਰਨੀਏ ਸਾਰੇ ਅਕਸਰ ਹੀ ਆਖ ਦਿੰਦੇ ਨੇ ਕੇ ਅਸੀਂ “ਬੁੱਢੇ” ਹੋ ਗਏ ਹਾਂ..ਕਮਲਿਆਂ ਨੂੰ ਕੌਣ ਸਮਝਾਵੇ ਕੇ ਬੁੱਢੇ “ਇਨਸਾਨ” ਹੁੰਦੇ ਨੇ ਨਾ ਕੇ ਓਹਨਾ ਦੇ “ਸੁਫ਼ਨੇ”
ਡਰਾਈਵਰ ਨੂੰ ਸਪੈਸ਼ਲ ਆਖ ਕੇ ਲਵਾਈ ਟੇਪ ਵਿਚ ਯਮਲੇ ਦਾ ਗਾਣਾ ਵੱਜ ਰਿਹਾ ਸੀ..”ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ..ਜੋ ਅੱਲੜਪੁਣੇ ਵਿਚ ਲਾਈਆਂ ਤੋੜ ਨਿਭਾਵੀਂ ਵੇ”
unknown