ਗਰਮੀਆਂ ਦੀਆਂ ਹੋਈਆਂ ਬੱਚਿਆਂ ਨੂੰ ਛੁੱਟੀਆਂ ਅੱਜ ਮੇਰਾ ਵੀ ਬਹੁਤ ਦਿਲ ਕਰੇ ,ਮੈਂ ਆਪਣੇ ਪੇਕੇ ਘਰ ਜਾਵਾਂ, ਅਤੇ ਉੱਥੇ ਕੁਝ ਦਿਨ ਗਰਮੀਆਂ ਦੀਆਂ ਛੁੱਟੀਆਂ ਕੱਟ ਆਵਾਂ ,ਅੱਜ ਦਿਲ ਬੱਚਿਆਂ ਵਾਂਗੂੰ ਜ਼ਿਦ ਕਰ ਰਿਹਾ ਸੀ ਕਿ ਮਾਂ ਦੇ ਘਰੇ ਜਾਵਾਂ ਉਸ ਖੁੱਲ੍ਹੇ ਵਿਹੜੇ ਵਿੱਚ ਬਹਿ ਕੇ ਮਾ ਧੀ ਦਿਲ ਦੀਆਂ ਗੱਲਾਂ ਸਾਂਝੀਆਂ ਕਰੀਏ, ਤੇ ਦੁੱਖ ਸੁੱਖ ਵੰਡ ਇਸ ਟੱਪਦੀ ਗਰਮੀ ਨੂੰ ਠੰਡ ਦੇ ਛਿੱਟੇ ਮਾਰੀਏ ,
ਖੁੱਲ੍ਹੇ ਆਂਗਨ ਵਿੱਚ ਲੱਗੀ ਹੋਈ ਇੱਕ ਨਿੰਮ ਦੇ ਥੱਲੇ ਜਿੱਥੇ ਅਸੀਂ ਅਸਕਰ ਹੀ ਬੈਠੀਆਂ ਕਰਦੀਆਂ ਸਾਂ ! ਪਰ ਅੱਜ ਹਾਲਾਤ ਬਿਲਕੁਲ ਇਸਦੇ ਉਲਟ ਸਨ ਅੱਜ ਕਿਸ ਦੇ ਕੋਲ ਜਾਂਦੀ ਛੁੱਟੀਆਂ ਕੱਟਣ , ਮਾਂ ਬਾਪ ਰਹੇ ਨਹੀਂ ਸਨ ਇਸ ਦੁਨੀਆਂ ਵਿੱਚ, ਵੀਰ ਤੇ ਭਾਬੀ ਪੱਕੇ ਹੀ ਕੈਨੇਡਾ ਦੇ ਵਸਨੀਕ ਬਣ ਕੇ ਰਹਿ ਗਏ ਸਨ! ਉਹ ਵੱਡੀ ਹਵੇਲੀ ਸੁੰਨਸਾਨ ਬਣ ਕੇ ਸ਼ਾਇਦ ਮੈਨੂੰ ਉਡੀਕਦੀ ਰਹਿੰਦੀ ਸੀ ਕਿ ਕਦੋਂ ਸਿੰਮੋ ਆਵੇ ਅਤੇ ਇਸ ਹਵੇਲੀ ਦਾ ਦਰਵਾਜ਼ਾ ਖੁੱਲ੍ਹੇ ਵਿਹੜੇ ਵਿੱਚ ਲੱਗੀ ਨਿੱਮ ਮੈਨੂੰ ਅਸਕਰ ਹੀ ਰਾਤ ਸੁਪਨਿਆਂ ਵਿੱਚ ਆਪਣੇ ਥੱਲੇ ਬੈਠਣ ਲਈ ਪ੍ਰੇਰਤ ਕਰਦੀ ਸੀ, ਅੱਜ ਬੇਸ਼ੱਕ ਉਮਰ ਮੇਰੀ ਸੱਠ ਪੈਂਹਠ ਸਾਲ ਹੋ ਗਈ ਸੀ ਪੁੱਤ ਪੋਤਰਿਆਂ ਵਾਲੀ ਹੋ ਗਈ ਸੀ ਪਰ ਦਿਲ ਦੇ ਵਿੱਚ ਪੇਕੇ ਜਾਣ ਦੀ ਤੜਫ਼ ਅੱਜ ਵੀ ਬਰਕਰਾਰ ਸੀ ,ਪੇਕੇ ਘਰ ਦੇ ਖਿਆਲਾਂ ਵਿੱਚ ਇੰਨਾ ਖੋ ਗਈ ਪਤਾ ਹੀ ਨਾ ਚੱਲਿਆ ਕਦੋਂ ਆਪਣੇ ਬੈਗ ਵਿੱਚ ਲੀੜੇ ਪਾਏ ਅਤੇ ਪੇਕੇ ਘਰ ਚਲੇ ਗਈ,
ਉਸ ਜੰਗ ਲੱਗੇ ਦਰਵਾਜ਼ੇ ਨੂੰ ਹੱਥ ਪਾ ਲਿਆ ਕਈਆਂ ਸਾਲਾਂ ਤੋਂ ਲੱਗਾ ਜਿੰਦਰਾ ਵੀ ਸ਼ਾਇਦ ਮੇਰੀ ਹੀ ਉਡੀਕ ਕਰ ਰਿਹਾ ਸੀ ,ਜਦੋਂ ਇਸ ਨੂੰ ਗੁਆਂਢੀਆਂ ਤੋਂ ਤੁੜਵਾਇਆ ਗਿਆ ਤਾਂ ਨਿੰਮ ਦੇ ਥੱਲੇ ਲੱਗੇ ਪੱਤੇਆ ਦੇ ਢੇਰ, ਮੱਕੜੀਆਂ ਨਾਲ ਭਰੇ ਹੋਏ ਘਰ ਨੂੰ, ਜਾਲਾ ਲੱਗਾ ਹੋਇਆ ਵਰਾਂਡਾ ਅਤੇ ਉਹ ਖੁੱਲ੍ਹਾ ਵਿਹੜਾ ਅੱਜ ਭੁੱਬਾਂ ਮਾਰ ਮਾਰ ਸ਼ਹਿਦ ਆਪਣਿਆਂ ਦੀ ਉਡੀਕ ਕਰ ਰਿਹਾ ਸੀ ਜੋ ਪੈਸੇ ਦੀ ਖਾਤਰ ਉਸ ਘਰ ਨੂੰ ਠੋਕਰ ਮਾਰ ਗਏ ਸੀ, ਜਾ ਕੋਈ ਮਜਬੂਰੀ ਸੀ, ਅਤੇ ਉਥੇ ਪਿਆ ਬਾਹਰ ਮੰਜਾ ਵੀ ਰੋ ਰਿਹਾ ਸੀ, ਤੇ ਅੱਜ ਤੋਂ ਕੁਝ ਸਾਲ ਪਹਿਲਾਂ ਇਸ ਵਿਹੜੇ ਦੀਆਂ ਰੌਣਕਾਂ ਨੂੰ ਫਿਰ ਤੋਂ ਪਰਤਣ ਦਾ ਇੰਤਜ਼ਾਰ ਕਰ ਰਿਹਾ ਸੀ, ਜਦੋਂ ਅੰਦਰ ਦੇ ਦਰਵਾਜ਼ੇ ਖੋਲ੍ਹੇ ਤਾਂ ਮਾਂ ਅਤੇ ਪਿਤਾ ਦੀ ਲੱਗੀ ਬਲੈਕ ਐਂਡ ਫੋਟੋ ਤੇ ਪਏ ਮਨਾਂ ਮੂਹੀਂ ਘੱਟੇ ਆਪਣੀ ਚੁੰਨੀ ਨਾਲ ਸਾਫ਼ ਕੀਤਾ ਅਤੇ ਉੱਚੀ ਉੱਚੀ ਰੋਣ ਲੱਗ ਪਈ, ਦਿਲ ਇਨ੍ਹਾਂ ਕੁ ਭਾਵੁਕ ਹੋ ਗਿਆ ਕਿ ਜਿਵੇਂ ਮਾਂ ਦੇ ਗੱਲ ਨਾਲ ਲੱਗ ਕੇ ਹੀ ਰੋ ਰਹੀ ਹੋਵਾਂ ਉਸ ਤਸਵੀਰ ਦੇ ਵਿੱਚ ਹੀ ਮੈਨੂੰ ਮੇਰੀ ਮਾਂ ਨਜ਼ਰ ਆ ਰਹੀ ਸੀ, ਤੇ ਜਿਵੇਂ ਮੇਰੇ ਨਾਲ ਗੱਲਾਂ ਕਰ ਰਹੀ ਸੀ ,ਅਤੇ ਮੇਰੀ ਰੋਂਦੀ ਹੋਈ ਦੇ ਹੰਝੂ ਪੂੰਝ ਰਹੀ ਹੋਵੇ ਤੇ ਕਹਿ ਰਹੀ ਹੋਵੇ ਪੁੱਤ ਕਿਉਂ ਰੋ ਰਹੀ ਹੈ, ਅਜੇ ਮੈਂ ਜਿਉਂਦੀ ਹਾਂ ਮੇਰੇ ਹੁੰਦਿਆਂ ਤੈਨੂੰ ਕਾਹਦੀ ਫਿਕਰ ਆ, ਤੇ ਮੇਰੇ ਨਾਲ ਗੱਲਾਂ ਕਰ ਰਹੀ ਹੋਵੇ , ਮੇਰੇ ਸਾਰੇ ਦੁੱਖ ਆਪਣੀ ਝੋਲੀ ਵਿੱਚ ਪਾ ਰਹੀ ਹੋਵੇ,
ਜਦੋਂ ਆਪਣੇ ਜਜ਼ਬਾਤਾਂ ਚੋਂ ਬਾਹਰ ਆਈ ਤਾਂ ਹੋਰ ਵੀ ਜ਼ਿਆਦਾ ਅੱਖਾਂ ਅੱਗੇ ਘੁੱਪ ਹਨੇਰਾ ਹੋ ਗਿਆ ,ਜ਼ਿੰਦਗੀ ਦੇ ਉਹ ਪਲ ਜੋ ਵੀਰ ਅਤੇ ਮਾਂ ਬਾਪ ਨਾਲ ਹੱਸ ਖੇਡ ਕੇ ਬੀਤੇ ਸਨ ਕੇ ਕਦੇ ਇਵੇਂ ਲੱਗਦਾ ਨਹੀਂ ਸੀ ਕਿ ਕਦੇ ਇਸ ਘਰ ਵਿੱਚੋਂ ਖੁਸ਼ੀਆਂ ਖਤਮ ਹੋਣਗੀਆਂ ,ਅਤੇ ਇਹ ਨਹੀਂ ਲੱਗਦਾ ਸੀ ਕੇ ਇਹ ਮੇਰਾ ਘਰ ਹੈ, ਪਰ ਅੱਜ ਘਰ ਸ਼ਮਸ਼ਾਨ ਘਾਟ ਲੱਗ ਰਿਹਾ ਸੀ ਇੱਥੇ ਕੋਈ ਵੀ ਨਾ ਰਹਿਣ ਕਰਕੇ ਕਬੂਤਰ ਬੋਲ ਰਹੇ ਹਨ ,ਮਾਂ ਅਤੇ ਪਿਤਾ ਦੀ ਫੋਟੋ ਨੂੰ ਚੁੱਕ ਬੈਗ ਵਿੱਚ ਪਾ ਕੇ ਖੁੱਲ੍ਹੇ ਜਿੰਦਰੇ ਹੀ ਛੱਡ ਮੈਂ ਵਾਪਸ ਆਪਣੇ ਘਰ ਆ ਗਈ! ਜ਼ਿੰਦਗੀ ਦੇ ਇਹ ਪਲ ਕਦੇ ਵੀ ਨਾ ਭੁੱਲਣ ਯੋਗ ਬਣ ਗਏ! ਅਤੇ ਮਾਂ ਦੀਆਂ ਤਸਵੀਰਾਂ ਸਦਾ ਆਪਣੇ ਕਮਰੇ ਵਿੱਚ ਲੱਗਾ ਕੇ ਰੋਜ ਗੱਲਾਂ ਕਰਨ ਦੀ ਆਦਤ ਪਾ ਲਈ…ਮਾਂ ਦੀ ਲਾਡਲੀ ਧੀ ਅੱਜ ਫੋਟੋਆਂ ਵਿਚੋਂ ਹੀ ਮਾਂ ਲੱਭ ਰਹੀ ਸੀ,,
ਲੇਖਕ ਜਗਜੀਤ ਸਿੰਘ ਸਹਿਮੀ ਡੱਲ,
Jagjeet Singh Sehmi Dall