ਲਾਲੀ ਦੀ ਮਾਂ ਗਰਭਵਤੀ ਸੀ ਤੇ ਲਾਲੀ ਦੀ ਦਾਦੀ ਲਾਲੀ ਕੋਲੋਂ ਪੁੱਛਿਆ ਕਰੇ, ਲਾਲੀ ਆਪਣੇ ਕੋਠੇ ਤੇ ਕੀ ਹੈ , ਚਿੜੀ ਕਿ ਮੋਰ ? ਨਿਆਣੀ ਸੀ, ਉਹਨੂੰ ਸਮਝ ਨਹੀ ਸੀ ਇੰਨ੍ਹਾ ਗੱਲਾਂ ਦੀ । ਪਰ ਦਾਦੀ ਦੇ ਸਮਝਾਏ ਮੁਤਾਬਕ ਉਹ ਅਕਸਰ ਆਖਿਆ ਕਰਦੀ ਸੀ “ਮੋਰ” ਫਿਰ ਮਾਂ ਦੇ ਜਣੇਪੇ ਦੇ ਨਾਲ ਹੀ ਬਾਲੜੀ ਤੇ ਕਹਿਰ ਟੁੱਟ ਪਿਆ। ਮਾਂ ਤੇ ਲਾਲੀ ਦਾ ਮੋਰ ਦੋਵੇ ਹੀ ਦੁਨੀਆਂ ਤੋਂ ਤੁਰ ਗਏ। ਨਿੱਕੀ ਬਾਲੜੀ ਦਾਦਕਿਆਂ ਤੋਂ ਨਾਨਕਿਆਂ ਦੇ ਹਵਾਲੇ ਕਰ ਦਿੱਤੀ ਗਈ। ਨਾਨੀ ਅਕਸਰ ਮਾਂ ਲਈ ਵਿਲਕਦੀ ਲਾਲੀ ਨੂੰ ਆਖ ਦਿਆ ਕਰਦੀ ਸੀ ਕਿ ਮਾਂ ਮੋਰ ਲੈਣ ਰੱਬ ਕੋਲ ਗਈ ਏ, ਜਲਦੀ ਆ ਜਾਣਾ ਬਸ ਉਹਨੇ। ਅਚਾਨਕ ਇੱਕ ਦਿਨ ਗੁਆਂਢੀਆਂ ਦੇ ਘਰ ਆਪਣੀ ਹਮ ਉਮਰ ਕਿੰਨੂ ਨਾਲ ਖੇਡਦੀ ਲਾਲੀ ਨੂੰ ਜਦੋਂ ਕਿੰਨੂ ਨੇ ਦੱਸਿਆ ਕਿ ਸਾਡੇ ਘਰ ਕਾਕਾ ਆਉਣ ਵਾਲਾ ਤਾਂ ਲਾਲੀ ਦੀਆਂ ਅੱਖਾਂ ਭਰ ਆਈਆਂ । ਲਾਲੀ ਉਸ ਨੂੰ ਕਹਿੰਦੀ , ” ਜੇ ਤੈਨੂੰ ਕੋਈ ਪੁੱਛੇ ਕੇ ਤੁਹਾਡੇ ਕੋਠੇ ਤੇ ਕੀ ਏ ? ਤਾਂ ਮੋਰ ਨਾ ਕਹੀਂ। ” ਕਿਉਂ ਲਾਲੀ ? ਅਣਜਾਣ ਕਿੰਨੂ ਨੇ ਪੁੱਛਿਆ। ਮੋਰ ਲੈਣ ਲਈ ਮੰਮੀਆਂ ਨੂੰ ਰੱਬ ਕੋਲ ਜਾਣਾ ਪੈਂਦਾ। ਫਿਰ ਯਾਦ ਬਹੁਤ ਆਉਂਦੀ ਆ ਮੰਮੀ ਦੀ। ਕਹਿੰਦੇ ਕਹਿੰਦੇ ਲਾਲੀ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ । ਕੋਲ ਬੈਠੀ ਕਿੰਨੂ ਦੀ ਮਾਂ ਦੀ ਧਾਹ ਨਿੱਕਲ ਗਈ। ਉਸ ਨੇ ਲਾਲੀ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ ਤੇ ਮਨ ਹੀ ਮਨ ਉਹ ਕਹਿ ਰਹੀ ਸੀ, ਹਾਏ ਵੇ ਰੱਬਾ! ਇੰਨ੍ਹਾ ਮਾਸੂਮਾ ਨਾਲ ਕੀ ਵੈਰ ਹੁੰਦਾ ਤੇਰਾ . . . ?
ਲਾਲੀ ਦਾ ਮੋਰ
523
previous post