ਲਾਈਲੱਗ -ਪੰਚਤੰਤਰ ਬਾਲ ਕਹਾਣੀ

by Sandeep Kaur

ਇੱਕ ਪਿੰਡ ਵਿੱਚ ਇੱਕ ਬ੍ਰਾਹਮਣ ਰਹਿੰਦਾ ਸੀ। ਲੋਕ ਉਸ ਨੂੰ ਦਾਨ-ਪੁੰਨ ਦੀਆਂ ਚੀਜ਼ਾਂ ਅਕਸਰ ਦਿੰਦੇ ਰਹਿੰਦੇ ਸਨ। ਇੱਕ ਵਾਰ ਇੱਕ ਅਮੀਰ ਆਦਮੀ ਨੇ ਉਸ ਨੂੰ ਇੱਕ ਵੱਛੀ ਦਾਨ ਵਿੱਚ ਦਿੱਤੀ। ਉਹ ਵੱਛੀ ਲੈ ਕੇ ਪਿੰਡ ਤੋਂ ਬਾਹਰ ਵੱਲ ਨੂੰ ਚੱਲ ਪਿਆ। ਉਸ ਨੂੰ ਵੱਛੀ ਲਈ ਆਉਂਦਿਆਂ ਚਾਰ ਠੱਗਾਂ ਨੇ ਵੇਖਿਆ। ਉਨ੍ਹਾਂ ਠੱਗਾਂ ਨੇ ਬ੍ਰਾਹਮਣ ਕੋਲੋਂ ਵੱਛੀ ਹਥਿਆਉਣ ਲਈ ਯੋਜਨਾ ਬਣਾਈ। ਉਹ ਥੋੜ੍ਹੀ-ਥੋੜ੍ਹੀ ਦੂਰ ਜਾ ਕੇ ਲੁਕ ਕੇ ਬੈਠ ਗਏ।

ਪਹਿਲੇ ਠੱਗ ਨੇ ਜਦੋਂ ਬ੍ਰਾਹਮਣ ਨੂੰ ਵੱਛੀ ਦਾ ਰੱਸਾ ਫੜੀ ਆਉਂਦਿਆਂ ਦੂਰੋਂ ਵੇਖਿਆ ਤਾਂ ਉਹ ਝਾੜੀਆਂ ਵਿੱਚੋਂ ਬਾਹਰ ਨਿਕਲ ਕੇ ਰਸਤੇ ਵਿੱਚ ਸਾਹਮਣੇ ਆ ਖਲੋਤਾ ਅਤੇ ਪੁੱਛਣ ਲੱਗਾ, ”ਪੰਡਤ ਜੀ, ਇਹ ਭੈੜਾ ਜਿਹਾ ਕੁੱਤਾ ਕਿੱਥੋਂ ਲਿਆ ਰਹੇ ਹੋ।”

ਬ੍ਰਾਹਮਣ ਨੇ ਹੱਸ ਕੇ ਕਿਹਾ, ”ਭਾਈ! ਇਹ ਵੱਛੀ ਹੈ, ਤੂੰ ਇਸ ਨੂੰ ਕੁੱਤਾ ਕਿਵੇਂ ਕਹਿ ਦਿੱਤਾ।”

ਜਦੋਂ ਬ੍ਰਾਹਮਣ ਥੋੜ੍ਹੀ ਦੂਰ ਹੋਰ ਅੱਗੇ ਗਿਆ। ਦੂਸਰੇ ਠੱਗ ਨੇ ਝਾੜੀਆਂ ਵਿੱਚੋਂ ਬਾਹਰ ਨਿਕਲ ਕੇ ਕਿਹਾ, ”ਕਿਉਂ ਜੀ, ਇਹ ਕੁੱਤਾ ਮੁੱਲ ਲਿਆ ਜਾਂ ਆਵਾਰਾ ਤੁਰਿਆ ਫਿਰਦਾ ਫੜ ਲਿਆਂਦਾ?”

 

ਉਸ ਨੇ ਗੱਲ ਨਾ ਸੁਣੀ ਤੇ ਸੋਚਾਂ ਵਿੱਚ ਡੁੱਬ ਹੋਇਆ ਅੱਗੇ ਤੁਰੀ ਗਿਆ। ਏਨੇ ਚਿਰ ਨੂੰ ਤੀਜਾ ਤੇ ਚੌਥਾ ਠੱਗ ਦੋਵੇਂ ਝਾੜੀਆਂ ‘ਚੋਂ ਬਾਹਰ ਆ ਗਏ ਤੇ ਸਾਹਮਣੇ ਆ ਕੇ ਕਹਿਣ ਲੱਗੇ, ”ਇਸ ਕੁੱਤੇ ਦੀਆਂ ਅੱਖਾਂ ਵਿੱਚ ਬੜੀ ਲਾਲੀ ਹੈ, ਇਸ ਦਾ ਇਤਬਾਰ ਨਾ ਕਰੋ ਤੇ ਇਸ ਨੂੰ ਜਿੱਥੋਂ ਲੈ ਕੇ ਆਏ ਹੋ ਉੱਥੇ ਹੀ ਛੱਡ ਆਓ।”

ਬ੍ਰਾਹਮਣ ਨੂੰ ਯਕੀਨ ਹੋ ਗਿਆ ਕਿ ਜਿਸ ਪਸ਼ੂ ਨੂੰ ਉਹ ਵੱਛੀ ਸਮਝ ਕੇ ਆਪਣੇ ਨਾਲ ਲਿਜਾ ਰਿਹਾ ਹੈ, ਉਹ ਵੱਛੀ ਨਹੀਂ ਸਗੋਂ ਕੁੱਤਾ ਹੈ। ਉਹ ਸੋਚਣ ਲੱਗਾ ਕਿ ਸ਼ਾਹੂਕਾਰ ਨੇ ਉਸ ਨਾਲ ਕਿੰਨਾ ਵੱਡਾ ਧੋਖਾ ਕੀਤਾ ਹੈ? ਉਸ ਨੇ ਵੱਛੀ ਨੂੰ ਜੰਗਲ ਵਿੱਚ ਛੱਡ ਦਿੱਤਾ। ਚਾਰੇ ਠੱਗ ਜੋ ਇਸ ਮੌਕੇ ਦੀ ਉਡੀਕ ਵਿੱਚ ਸਨ, ਉਨ੍ਹਾਂ ਨੇ ਝੱਟ ਵੱਛੀ ਦਾ ਰੱਸਾ ਫੜਿਆ ਤੇ ਆਪਣੇ ਨਾਲ ਲੈ ਗਏ।

 

(ਮਹਿਕਪ੍ਰੀਤ ਕੌਰ)

(ਮਹਿਕਪ੍ਰੀਤ ਕੌਰ)

You may also like