ਬਜ਼ੁਰਗ ਆਸ਼ਰਮ ਵਿਚ ਸਾਰੇ ਖੁਸ਼ ਸਨ ।ਖੁਸ਼ ਵੀ ਕਿਉੰ ਨਾ ਹੁੰਦੇ ,ਅੱਜ ਕਈ ਦਿੰਨਾ ਬਾਅਦ ਉਨ੍ਹਾਂ ਨੂੰ ਫ਼ਲ ਖਾਣ ਨੂੰ ਮਿਲ ਰਹੇ ਸਨ ।
“ਲਓ ਮਾਂ ਜੀ । ” ਸੰਤਰਾ ਤੇ ਕੇਲਾ ਦਿੰਦਾ ਹੋਏ ਦਾਨੀ ਨੌਜਵਾਨ ਨੇ ਕਿਹਾ ।
ਮਾਂ ਜੀ , ਸ਼ਬਦ ਸੁਣਕੇ ਉਸਦੀਆਂ ਅੱਖਾਂ ਵਿਚੋਂ ਹੰਝੂ ਵਗਣ ਲੱਗੇ ਤੇ ਉਹ ਫੁੱਟ-ਫੁੱਟ ਕੇ ਰੋਣ ਲੱਗੀ ।
“ਕੀ ਹੋਇਆ ?” ਉਸਦੇ ਨਾਲ ਬੈਠੀ ਉਸਦੀ ਬਜ਼ੁਰਗ ਸਾਥਣ ਨੇ ਕਿਹਾ ।
“ਕੁਝ ਨਹੀਂ ।” ਉਸਨੇ ਆਪਣੇ ਹੰਝੂ ਛੁਪਾਂਉਂਦੇ ਹੋਏ ਕਿਹਾ ।
“ਆਸ਼ਰਮ ਵਿਚ ਅਸੀਂ ਤਾਂ ਇਕ ਦੂੱਜੇ ਦੇ ਦੁੱਖ-ਸੁੱਖ ਦੇ ਸਾਥੀ ਹਾਂ । ਆਪਣਾ ਦੁੱਖ ਮੇਰੇ ਨਾਲ ਸਾਂਝਾ ਕਰ ਲਉ । ਸਕੂਨ ਮਿਲੇਗਾ ।”
ਮਾਂ ਜੀ , ਸ਼ਬਦ ਸੁਣਦੇ ਹੀ ਮੇਰੀਆਂ ਅੱਖਾਂ ਸਾਹਮਣੇ ਮੇਰੇ ਬੇਟੇ ਦੀ ਤਸਵੀਰ ਤਾਜ਼ਾ ਹੋ ਗਈ । ਜਿਸ ਨੂੰ ਕਿਸੇ ਵੇਲੇ ਜਨਮ ਦੇਣ ਲਈ ਮੈਂ ਦੋ ਲੜਕੀਆਂ ਨੂੰ ਜਨਮ ਤੋਂ ਪਹਿਲਾਂ ਮਾਰ ਦਿੱਤਾ ਸੀ । ਹਾਏ! ਹਾਏ! ਮੈਂ ਪਾਪਣ ਨੇ ਲੜਕੀਆਂ ਦੀ ਕਬਰ ਤੇ ਜਿਹੜੀ ਜਿੰਦਗੀ ਉਸਾਰੀ ਉਸ ਲੜਕੇ ਨੇ ਮੰਨੂੰ ਹੀ ਘਰੋਂ ਕੱਢ ਦਿੱਤਾ । ਹਾਏ ! ਹਾਏ ! ਮੰਨੂ ਕਿੱਥੇ ਸਕੂਨ ਮਿਲਣਾ ਏ ?
ਉਸਦੀ ਸਾਥਣ ਕੋਲ ਵੀ ਹੁਣ ਉਸਨੂੰ ਦਿਲਾਸਾ ਦੇਣ ਲਈ ਕੋਈ ਸ਼ਬਦ ਨਹੀਂ ਸੀ ।