ਇੱਕ ਵਾਰ ਇੱਕ ਪਹਾੜ ਦੀ ਉੱਚੀ ਚੋਟੀ ਉੱਤੇ ਇੱਕ ਬਾਜ ਰਹਿੰਦਾ ਸੀ । ਉਸੇ ਪਹਾੜ ਦੇ ਪੈਰਾਂ ਵਿੱਚ ਬੋਹੜ ਦੇ ਰੁੱਖ ਉੱਤੇ ਇੱਕ ਕਾਂ ਦਾ ਆਲ੍ਹਣਾ ਸੀ । ਉਹ ਬੜਾ ਚਲਾਕ ਅਤੇ ਮੱਕਾਰ ਸੀ । ਉਹ ਹਮੇਸ਼ਾ ਇਹੀ ਸੋਚਦਾ ਰਹਿੰਦਾ ਕਿ ਬਿਨਾਂ ਮਿਹਨਤ ਕੀਤੇ ਵਧੀਆ ਖਾਣ ਨੂੰ ਮਿਲ ਜਾਵੇ । ਰੁੱਖ ਦੇ ਕੋਲ ਗੁਫ਼ਾ ਵਿੱਚ ਖਰਗੋਸ਼ ਰਹਿੰਦੇ ਸਨ । ਜਦੋਂ ਵੀ ਖਰਗੋਸ਼ ਬਾਹਰ ਆਉਂਦੇ ਤਾਂ ਬਾਜ ਉੱਚੀ ਉਡਾਣ ਭਰਦੇ ਅਤੇ ਕਿਸੇ ਨਾ ਕਿਸੇ ਖਰਗੋਸ਼ ਨੂੰ ਆਪਣੇ ਪੰਜਿਆਂ ਵਿੱਚ ਚੁੱਕ ਕੇ ਲੈ ਜਾਂਦੇ ।
ਇੱਕ ਦਿਨ ਕਾਂ ਨੇ ਸੋਚਿਆ , ‘ਉਂਜ ਤਾਂ ਇਹ ਚਲਾਕ ਖਰਗੋਸ਼ ਮੇਰੇ ਹੱਥ ਨਹੀਂ ਆਉਣ ਲੱਗੇ, ਇਨ੍ਹਾਂ ਦਾ ਨਰਮ ਮਾਸ ਖਾਣ ਲਈ ਮੈਨੂੰ ਵੀ ਬਾਜ ਵਾਂਗ ਕਰਨਾ ਪਵੇਗਾ । ਮੈਂ ਵੀ ਅਚਾਨਕ ਝਪੱਟਾ ਮਾਰਕੇ ਇਨ੍ਹਾਂ ਨੂੰ ਫੜ ਲਵਾਂਗਾ ।’
ਦੂਜੇ ਦਿਨ ਕਾਂ ਨੇ ਵੀ ਇੱਕ ਖਰਗੋਸ਼ ਨੂੰ ਫੜਨ ਦੀ ਗੱਲ ਸੋਚਕੇ ਉੱਚੀ ਉੜਾਨ ਭਰੀ । ਫਿਰ ਉਹਨੇ ਖਰਗੋਸ਼ ਨੂੰ ਫੜਨ ਲਈ ਬਾਜ ਦੀ ਤਰ੍ਹਾਂ ਜ਼ੋਰ ਨਾਲ ਉਪਰੋਂ ਝਪੱਟਾ ਮਾਰਿਆ । ਭਲਾ ਕਾਂ ਤੇ ਬਾਜ ਦਾ ਕੀ ਮੁਕਾਬਲਾ ? ਖਰਗੋਸ਼ ਨੇ ਕਾਂ ਨੂੰ ਵੇਖ ਲਿਆ ਅਤੇ ਉਸੇ ਵੇਲੇ ਭੱਜਕੇ ਚੱਟਾਨ ਦੇ ਪਿੱਛੇ ਲੁੱਕ ਗਿਆ । ਕਾਂ ਪੂਰੇ ਜ਼ੋਰ ਨਾਲ ਚੱਟਾਨ ਵਿੱਚ ਜਾ ਵੱਜਿਆ । ਚੱਟਾਨ ਨਾਲ ਵਜਦਿਆਂ ਸਾਰ ਹੀ ਉਹਦੀ ਚੁੰਜ ਅਤੇ ਗਰਦਨ ਟੁੱਟ ਗਈਆਂ ਅਤੇ ਉਹ ਉਥੇ ਹੀ ਤੜਫ਼ ਤੜਫ਼ ਕੇ ਮਰ ਗਿਆ ।
ਸਿੱਖਿਆ-ਨਕਲ ਕਰੋ ਪਰ ਅਕਲ ਨਾਲ ।