ਜਿਉਂਦੇ ਜੀ ਵਾਪਿਸ ਨੀ ਜਾਣਾ

by Manpreet Singh

ਉਸਨੂੰ ਅਕਸਰ ਹੀ ਸੁਨੇਹੇ ਮਿਲਦੇ ਰਹਿੰਦੇ ਕੇ ਪਿੰਡ ਆ ਬੇਬੇ ਬਾਪੂ ਨਾਲ ਗੱਲ ਤੋਰ ਲੈ ਪਰ ਮੇਜਰ ਸਾਬ ਹਮੇਸ਼ਾਂ ਹੀ ਇਹ ਆਖ ਛੁੱਟੀ ਵਾਲੀ ਅਰਜੀ ਪਾੜ ਦਿਆ ਕਰਦਾ ਕੇ ਬਾਡਰ ਤੇ ਹਾਲਾਤ ਬੜੇ ਗੰਭੀਰ ਨੇ…ਅਜੇ ਨਹੀਂ!

ਅਖੀਰ ਇੱਕ ਦਿਨ ਬੇਬੇ ਦੀ ਤਾਰ ਆਣ ਹੀ ਪਹੁੰਚੀ..ਵਿਚ ਲਿਖਿਆ ਸੀ ਤਗੜੀ ਨੀ ਹਾਂ..ਆ ਕੇ ਮਿਲ ਜਾ ਇੱਕ ਵਾਰ…ਛੁੱਟੀ ਮਨਜੂਰ ਹੋ ਗਈ..

ਦੋ ਦਿਨ..ਕਦੇ ਪੈਦਲ ਕਦੇ ਬੱਸਾਂ ਤੇ ਕਦੇ ਗੱਡੀਆਂ ਵਿਚ..ਧੱਕੇ ਖਾਂਦਾ ਜਦੋਂ ਘਰੇ ਪਹੁੰਚਿਆ ਤਾਂ ਅੱਗੋਂ ਨਿੱਕੇ ਦੀ ਜੰਝ ਚੜ ਰਹੀ ਸੀ..ਬੇਬੇ ਨੇ ਸ਼ਾਇਦ ਤਾਰ ਵਿਚ ਝੂਠ ਹੀ ਲਿਖਿਆ ਸੀ…ਉਹ ਤਾਂ ਚੰਗੀ ਭਲੀ ਤੁਰੀ ਫਿਰਦੀ ਸੀ ਸ਼ਗਨ ਸੁਆਰਥ ਕਰਦੀ ਹੋਈ

ਖੈਰ ਲਾਵਾਂ ਫੇਰਿਆਂ ਮਗਰੋਂ ਜਦੋਂ ਨਵੀਂ ਭਾਬੀ ਦੇ ਪੈਰਾਂ ਨੂੰ ਹੱਥ ਲਾਉਣ ਲੱਗਾ ਤਾਂ ਘੁੰਡ ਵਿਚੋਂ ਮਲੋ ਮੱਲੀ ਡਿੱਗੇ ਦੋ ਹੰਜੂਆਂ ਨੇ ਉਸਦੇ ਹੱਥ ਸਿੱਲੇ ਕਰ ਦਿੱਤੇ…
ਧਿਆਨ ਉੱਪਰ ਨੂੰ ਗਿਆ ਤਾਂ ਅਸਮਾਨੋਂ ਬਿਜਲੀ ਜਿਹੀ ਹੀ ਆਣ ਡਿੱਗੀ..
ਇਹ ਤਾਂ ਓਹੀ ਸੀ ਜਿਸਦੇ ਨਾਲ ਕਿਸੇ ਵੇਲੇ ਇਕੱਠੇ ਰਹਿਣ ਦੇ ਕੌਲ ਕਰਾਰ ਕੀਤੇ ਸਨ..!

ਲੰਮੇ ਸਾਰੇ ਘੁੰਡ ਦੇ ਘੇਰੇ ਹੇਠ ਆਈ ਰੂਹਾਂ ਦੀ ਹਾਣ ਅੱਜ ਭਾਬੀ ਬਣ ਜ਼ਾਰੋ-ਜਾਰ ਰੋਈ ਜਾ ਰਹੀ ਸੀ ਪਰ ਉਹ ਹੈ ਤਾਂ ਫੌਜੀ ਹੀ ਸੀ…ਕਿਦਾਂ ਰੋਂਦਾ?
ਪੱਥਰ ਬਣੇ ਨੂੰ ਇਹ ਫੈਸਲਾ ਲੈਂਦਿਆਂ ਕਿੰਨੀ ਦੇਰ ਲੱਗ ਗਈ ਕੇ ਹੁਣ ਅੱਗੋਂ ਕੀ ਕੀਤਾ ਜਾਵੇ..

ਥੋੜੀ ਦੇਰ ਮਗਰੋਂ ਹੀ ਏਨਾ ਆਖ ਵਾਪਿਸ ਛਾਉਣੀ ਨੂੰ ਤੁਰ ਪਿਆ ਕੇ ਸੁਨੇਹਾ ਆਇਆ ਕੇ ਬਾਡਰ ਤੇ ਹਾਈ-ਅਲਰਟ ਹੋ ਗਿਆ ਏ..ਛੁੱਟੀ ਕੈਂਸਲ ਹੋ ਗਈ…!

ਫੇਰ ਦੋ ਦਿਨ ਓਸੇ ਤਰਾਂ ਧੱਕੇ ਖਾਂਦਾ ਵਾਪਿਸ ਯੂਨਿਟ ਪਹੁੰਚਿਆ..ਫੌਜੀ ਟਰੇਨਿੰਗ ਨੇ ਹਰ ਚੰਗੇ ਮਾੜੇ ਹਾਲਾਤਾਂ ਨਾਲ ਦਲੇਰੀ ਨਾਲ ਲੜਨਾ ਸਿਖਾਇਆ ਸੀ…
ਆਉਂਦਿਆਂ ਹੀ ਵਰਦੀ ਪਾ ਮਸ਼ੀਨ ਗੰਨ ਚੁੱਕ ਲਈ ਤੇ ਮੋਰਚੇ ਤੇ ਡਟ ਗਿਆ..ਨਾਲਦਿਆਂ ਬਥੇਰਾ ਆਖਿਆ ਕੇ ਚੋਬਰਾਂ ਦੋ ਘੜੀ ਆਰਾਮ ਤਾਂ ਕਰ ਲੈਂਦਾ..ਅਸੀ ਹੈਗੇ ਹਾਂ…ਕੁਝ ਨੀ ਹੋਣ ਦਿੰਦੇ ਮੋਰਚੇ ਨੂੰ..ਪਰ ਅੱਗੋਂ ਆਖਣ ਲੱਗਾ..ਹੁਣੇ ਹੁਣੇ ਇੱਕ ਜੰਗ ਹਾਰੀ ਏ ਮੈਂ..ਤੇ ਦੂਜੀ ਹਾਰਨ ਦਾ ਹੋਂਸਲਾ ਨਹੀਂ ਏ ਮੇਰੇ ਵਿਚ…
ਨਾਲ ਹੀ ਮਸ਼ੀਨ ਗੰਨ ਚੁੱਕ ਸੀਨੇ ਨਾਲ ਲਾ ਲਈ..ਆਪਣੇ ਕਈ ਸਾਥੀਆਂ ਦੇ ਮਾਰੇ ਜਾਣ ਤੇ ਵੀ ਹਮੇਸ਼ਾਂ ਦਲੇਰੀ ਨਾਲ ਵਿਚਰਦਾ ਹੋਇਆ ਉਹ ਫੌਜੀ ਅੱਜ ਪਹਿਲੀ ਵਾਰ ਏਨੀ ਬੁਰੀ ਤਰਾਂ ਜ਼ਾਰੋ ਜਾਰ ਰੋ ਰਿਹਾ ਸੀ..!

ਕੁਝ ਦਿਨ ਮਗਰੋਂ
ਝੰਡੇ ਵਿਚ ਵਲ੍ਹੇਟੀ ਲਾਸ਼ ਪਿੰਡ ਅੱਪੜੀ ਤਾਂ ਨਾਲ ਆਇਆ ਮੇਜਰ ਸਾਬ ਦੱਸ ਰਿਹਾ ਸੀ ਕੇ ਸਰਹੱਦ ਪਾਰੋਂ ਆਉਂਦੇ ਅੱਠਾਂ ਨੂੰ ਮੁਕਾ ਕੇ ਫੇਰ ਮੁੱਕਿਆ ਸੀ ਆਪ..ਪਰ ਪਤਾ ਨੀ ਕਿਓਂ ਸਹਿਕਦਾ ਹੋਇਆ ਵੀ ਏਹੀ ਆਖੀ ਜਾਂਦਾ ਸੀ ਕੇ ਜਿਉਂਦੇ ਜੀ ਵਾਪਿਸ ਨੀ ਜਾਣਾ ਨਹੀਂ ਤੇ ਦੂਜੀ ਵਾਰ ਫੇਰ ਹਾਰ ਜਾਊਂ..

You may also like