ਅੱਜ ਮੈਂ ਸੈਕਟਰ 35 ਕਿਤਾਬਾਂ ਖਰੀਦਣ ਗਈ ਸੀ। ਉੱਥੇ ਹੀ ਤੁਰਦੇ ਹੋਏ ਮੇਰੀ ਜੁੱਤੀ ਟੁੱਟ ਗਈ। ਰਾਹ ‘ਚ ਇੱਕ ਮੋਚੀ ਦੇਖਿਆ ਤਾਂ ਫੱਟ ਕਰ ਕੇ ਉਸ ਕੋਲ ਪਹੁੰਚ ਗਈ। ਮੈਂ ਆਪਣੀ ਜੁੱਤੀ ਦਿਖਾਈ ਤੇ ਉਹ ਠੀਕ ਕਰਨ ਲੱਗ ਗਿਆ। ਜੁੱਤੀ ਠੀਕ ਕਰਦੇ-ਕਰਦੇ ਸਾਡੀਆਂ ਗੱਲਾਂ ਵੀ ਸ਼ੁਰੂ ਹੋ ਗਈਆਂ। ਉਹਨਾਂ ਨੇ ਦੱਸਿਆ ਕਿ ਮੇਰਾ ਨਾਂਅ ‘ਜੀਤ’ ਹੈ। ਭਾਰੇ ਸਰੀਰ ਦੇ ਸਨ ਤਾਂ ਕਰ ਕੇ ਚੌਂਕੜੀ ਮਾਰ ਕੇ ਬੈਠੇ ਸਨ। ਗੱਲਾਂ ਚੱਲ ਪਈਆਂ। ਉਹਨਾਂ ਦੱਸਿਆ ਕਿ ‘ਮੇਰੇ 7 ਬੱਚੇ ਨੇ ਜਿੰਨ੍ਹਾਂ ‘ਚ 4 ਧੀਆਂ ਹਨ। ਸਾਰੀਆਂ ਵਿਆਹ ਦਿੱਤੀਆਂ। ਦੋ ਕੁੜੀਆਂ ਪੁਲਿਸ ਅਫਸਰ ਹਨ, ਇੱਕ ਅਧਿਆਪਕ ਤੇ ਇੱਕ ਹੋਰ ਕੋਈ ਕੰਮ ਕਰਦੀ ਹੈ। ਮੈਂ ਇਹ ਸੁਣ ਕੇ ਹੈਰਾਨ ਰਹਿ ਗਈ। ਮੈਂ ਕਿਹਾ ਅੰਕਲ ਜੀ ਕਿੰਨੇ ਕੁ ਪੈਸੇ ਹੋ ਜਾਂਦੇ ਨੇ ਇੱਕ ਦਿਨ ‘ਚ ਭਲਾ। ਕਿਉਂਕਿ ਮੇਰੇ ਮਨ ‘ਚ ਸੀ ਕਿ ਹੁਣ ਮੋਚੀ ਨੂੰ ਕੌਣ ਪੁੱਛਦਾ ਉਹ ਵੀ ਚੰਡੀਗੜ੍ਹ ਵਰਗੇ ਸ਼ਹਿਰ ‘ਚ। ਕਹਿੰਦੇ ਨਹੀਂ ਪੁੱਤ.. ‘ਏਦਾਂ ਨਹੀਂ ਹੈ ਮੇਰਾ ਵਧੀਆ ਚੱਲ ਰਿਹਾ’।
ਉਹਨਾਂ ਦੀ ਪ੍ਰੇਰਿਤ ਕਰਨ ਵਾਲੀ ਕਹਾਣੀ:
‘ਮੈਂ 45 ਸਾਲ ਪਹਿਲਾਂ ਚੰਡੀਗੜ੍ਹ ਆਇਆ ਸੀ। ਓਦੋਂ ਇੱਥੇ ਕੁੱਝ ਵੀ ਨਹੀਂ ਸੀ। ਸਭ ਉਜਾੜ ਸੀ। 15 ਦਿਨਾਂ ਤੱਕ ਰੋਟੀ ਨਹੀਂ ਖਾਧੀ ਕਿਉਂਕਿ ਕੋਈ ਕੰਮ ਨਹੀਂ ਆਉਂਦਾ ਸੀ ਤਾਂ ਕਰ ਕੇ ਕਿਤੇ ਨੌਕਰੀ ਨਹੀਂ ਕਰ ਪਾਇਆ। ਫੇਰ ਮੈਨੂੰ ਪੁਲਿਸ ਮਹਿਕਮੇ ‘ਚ ਨੌਕਰੀ ਮਿਲੀ। ਪਰ ਤਨਖਾਹਾਂ ਘੱਟ ਹੋਣ ਕਰ ਕੇ ਮੈਂ ਉੱਥੇ ਨੌਕਰੀ ਨਹੀਂ ਕੀਤੀ। ਕੁੱਝ ਦਿਨਾਂ ਬਾਅਦ ਮੈਂ ਸੋਚਿਆ ਆਹ ਮੋਚੀ ਵਾਲਾ ਕੰਮ ਹੀ ਕਰ ਲੈਂਦਾ ਹਾਂ। ਮੈਂ ਇਹ ਕੰਮ ਸਿੱਖਿਆ ਤੇ ਇਥੇ ਹੀ ਬੈਠਣ ਲੱਗ ਗਿਆ। ਪੁੱਤ, ‘ ਤੈਨੂੰ ਪਤਾ ਓਦੋਂ 50 ਪੈਸੇ ‘ਚ ਪੋਲਿਸ਼ ਹੋ ਜਾਂਦੀ ਸੀ ਤੇ ਹੁਣ 300 ਤੱਕ ਹੁੰਦੀ ਹੈ। ਦੇਖ ਲੈ ਸਮੇਂ ਦੀ ਖੇਡ। ਫੇਰ ਹੌਲੀ ਹੌਲੀ ਜ਼ਿੰਦਗੀ ਦੀ ਗੱਡੀ ਚੱਲੀ ਤੇ ਮੈਂ ਆਪਣੀਆਂ ਧੀਆਂ ਦੇ ਇੱਕ-ਇੱਕ ਕਰ ਕੇ ਵਿਆਹ ਕੀਤੇ। ਤੈਨੂੰ ਪਤਾ ਮੈਂ ਆਪਣੀ ਧੀਆਂ ਦੇ ਵਿਆਹ ਉੱਤੇ 12 ਲੱਖ ਰੁਪਏ ਲਗਾਏ ਜੋ ਸਾਰੀ ਉਮਰ ਦੀ ਜਮਾਂ ਪੂੰਜੀ ਸੀ ਤੇ ਮੇਰਾ ਆਪਣਾ ਵਿਆਹ 5 ਹਜ਼ਾਰ ‘ਚ ਹੋਇਆ ਸੀ। ਇਹ ਸਭ ਦੱਸਦੇ ਹੋਏ ਉਹਨਾਂ ਨੇ ਜੁੱਤੀ ਦਾ ਦੂਜਾ ਪਾਸਾ ਸਿਊਣਾ ਸ਼ੁਰੂ ਕੀਤਾ। ਆਪਣੀ ਜ਼ਿੰਦਗੀ ਦੀ ਕਹਾਣੀ ਬਾਰੇ ਹੋਰ ਦੱਸਦੇ ਹੋਏ ਉਹਨਾਂ ਕਿਹਾ ਕਿ ਪੁੱਤ, ‘ ਮੈਂ ਕਦੇ ਆਪਣੀਆਂ ਧੀਆਂ ਨੂੰ ਪੁੱਤਾਂ ਤੋਂ ਘੱਟ ਨਹੀਂ ਸਮਝਿਆ। ਸਭ ਨੂੰ ਪੜ੍ਹਾਇਆ ਵੀ। ਸ਼ਾਇਦ ਤਾਂ ਹੀ ਪਰਮਾਤਮਾ ਨੇ ਮੇਰੀ ਸੁਣ ਲਈ ਅਤੇ ਚੰਗੇ ਘਰਾਂ ‘ਚ ਵਿਆਹ ਹੋ ਗਏ। ਹੁਣ ਪਰਮਾਤਮਾ ਦਾ ਦਿੱਤਾ ਸਾਰਾ ਕੁੱਝ ਹੈ ਮੇਰੇ ਕੋਲ। ਮੈਨੂੰ ਬੱਚੇ ਕਹਿੰਦੇ ਕਿ ‘ਪਾਪਾ ਤੁਸੀਂ ਛੱਡ ਦਵੋ ਇਹ ਕੰਮ ਪਰ ਪੁੱਤ ਜਿਸ ਕੰਮ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ। ਉਹ ਛੱਡਣ ਦਾ ਮਨ ਜਿਹਾ ਨਹੀਂ ਕਰਦਾ। ਇੰਨੇ ਵਿੱਚ ਮੇਰੀ ਜੁੱਤੀ ਠੀਕ ਹੋ ਗਈ। ਤੇ ਅੰਕਲ ਨੇ ਕਿਹਾ ਕਿ ਪੁੱਤ 20 ਰੁਪਏ ਹੋ ਗਏ। ਬੱਸ ਫੇਰ ਉਹ ਆਪਣੇ ਹਿੱਸੇ ਦਾ ਕੰਮ ਕਰਨ ਲੱਗ ਗਏ ਤੇ ਮੈਂ ਹੱਸਦੀ ਹੋਈ ਆਖਿਰ ਵਿੱਚ ਕਿਹਾ ਕਿ ਮੈਨੂੰ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਸਰ, ਮੈਨੂੰ ਆਪਣਾ ਆਸ਼ੀਰਵਾਦ ਦਵੋ’।
Harneep Kaur