ਝੱਲਾ

by admin

ਝੱਲਾ ਜੋ ਕਿ ਬੜਾ ਹੀ ਸ਼ਰੀਫ ਤੇ ਨਰਮ ਸੁਭਾਅ ਦਾ ਮੁੰਡਾ ਪਿੰਡ ਦੇ ਸਰਕਾਰੀ ਸਕੂਲ ਵਿੱਚ ਗਿਆਰਵੀਂ ਜਮਾਤ ਦਾ ਵਿਦਿਆਰਥੀ ਸੀ, ਘਰ ਦੀ ਗਰੀਬੀ ਕਰਕੇ ਪਿੰਡ ਦੇ ਸਾਰੇ ਮੁੰਡੇ ਝੱਲਾ ਆਖ ਕੇ ਬੁਲਾਂਉਦੇ ਸੀ।
ਬੜੇ ਹੀ ਸਾਦੇ ਜਏ ਕੱਪੜੇ ਪਾ ਕੇ ਰੱਖਦਾ ਸੀ,
ਦਿਲ ਦਾ ਸਾਫ਼ ,
ਸਭ ਨੂੰ ਪਿਆਰ – ਮੋਹ ਕਰਨ ਵਾਲਾ,
ਮਾਂ ਬੋਲਦੀ ਝੱਲਿਆ ਜੇ ਤੂੰ ਏਦਾਂ ਹੀ ਰਿਹਾ ਕਿਸੇ ਨੇ ਕੁੜੀ ਨੀ ਦੇਣੀ ਤੈਨੂੰ.. ਕੋਈ ਗੱਲ ਨੀ ਮਾਂ ਕੋਈ ਤਾਂ ਹੋਊ ਮੇਰੇ ਜਹੀ ਝੱਲੀ ਜੋ ਬਸ ਰੱਬ ਨੇ ਮੇਰੇ ਲਈ ਹੀ ਬਣਾਈ ਹੋਊ … ਝੱਲੇ ਦਾ ਦਾਖਲਾ ਸਕੂਲ ਵਿੱਚ ਹੋਇਆ,
ਪਹਿਲਾਂ ਵਾਂਗ ਹੀ ਸਾਦਾ ਜਾ ਬਣ ਕੇ ਸਕੂਲ ਗਿਆ ,
ਝੱਲੇ ਨੂੰ ਵੇਖ ਕੇ ਸਾਰੇ ਜਮਾਤੀ ਹੱਸ ਪਏ,
ਅਧਿਆਪਕ ਨੇ ਪੁੱਛਿਆ ਕੀ ਨਾਂ ਏ ਤੇਰਾ ਕਾਕੇ ….? ਕਿਹਾ ਮਾਸਟਰ ਜੀ ਨਾਮ ਤਾਂ ਮੇਰਾ ਪਤਾ ਨੀ ਪਰ ਪਿੰਡ ਦੇ ਮੁੰਡੇ ਝੱਲਾ ਆਖਕੇ ਬਲਾਉਂਦੇ ਨੇ
ਤੇ ਮੇਰੀ ਭੋਲੀ ਮਾਂ ਵੀ।
ਮਾਸਟਰ ਵੀ ਹੱਸ ਕੇ ਬੋਲਿਆ ਅੱਛਾ ..
ਕੀ ਕਰਦਾ ਹੁੰਨਾ ਫਿਰ ਝੱਲਿਆ….?
ਝੱਲਾ ਥੋੜਾ ਉਦਾਸ ਹੋਕੇ…. ਕੁੱਝ ਨੀ ਮਾਸਟਰ ਜੀ ਬਸ ਗੁਆਂਢੀਆਂ ਦੀਆਂ ਮੱਝਾਂ ਚਾਰਨ ਲੈ ਜਾਨਾ।
“ਤੇ ਹੋਰ ਕੁੱਝ”
…….ਹੋਰ ਕੁੱਝ ਨੀ ਜੀ ਬਸ ਥੋੜਾ ਮੋਟਾ ਗਾ ਗੂ ਲਈ ਦਾ
“ਅੱਛਾ ਸੁਣਾ ਫਿਰ”
ਝੱਲੇ ਨੇ ਗੀਤ ਸੁਣਾਇਆ।
ਜਮਾਤ ਵਿੱਚ ਬੈਠੀ ਵੱਡੀ ਹਵੇਲੀ ਵਾਲਿਆਂ ਦੀ ਕੁੜੀ ਕਾਟੋ ਰੋ ਪਈ ਤੇ ਝੱਲਾ ਉਹਨੂੰ ਵੇਖ ਕੇ ਚੁੱਪ ਹੋ ਗਿਆ।
ਛੁੱਟੀ ਹੋਣ ਤੋਂ ਬਾਅਦ ਕਾਟੋ ਝੱਲੇ ਨੂੰ ਮਿਲਣਾ ਚਾਹੁੰਦੀ ਸੀ ਪਰ ਝੱਲਾ ਅੱਖ ਬਚਾ ਕੇ ਚਲਾ ਗਿਆ ਅਪਣੇ ਘਰ,
ਕਿਉਂਕਿ ਉਹ ਵੱਡੇ ਘਰ ਦੀ ਕੁੜੀ ਸੀ।
ਝੱਲਾ ਕਈ ਦਿਨ ਸਕੂਲ ਨਾ ਆਇਆ ਕਾਟੋ ਉਸ ਨੂੰ ਉਡੀਕ ਦੀ ਰਹੀ ਕੇ ਕਦ ਉਹ ਆਵੇ ਤੇ ਉਹ ਉਸ ਨੂੰ ਮਿਲੇ।
ਕਈ ਦਿਨਾਂ ਬਾਅਦ ਜਦ ਝੱਲਾ ਸਕੂਲ ਆਇਆ ਤਾਂ ਮਾਸਟਰ ਨੇ ਪੁੱਛਿਆ “ਕਿੱਥੇ ਚਲਾ ਗਿਆ ਸੀ ਝੱਲਿਆ,
ਇਨ੍ਹੇ ਦਿਨ ਹੋ ਗਏ ਤੂੰ ਸਕੂਲ ਨੀ ਆਇਆ”
ਤਾਂ ਝੱਲਾ ਰੋ ਪਿਆ ਕਿਹਾ ਮਾਸਟਰ ਜੀ ਮੇਰੀ ਮਾਂ ਬਹੁਤ ਬਿਮਾਰ ਹੋ ਗਈ ਸੀ ਤਾਂ ਮਾਸਟਰ ਨੇ ਝੱਲੇ ਨੂੰ ਅਪਣੀ ਬੁੱਕਲ ਵਿੱਚ ਘੁੱਟ ਕੇ ਪਿਆਰ ਦਿੱਤਾ ਤੇ ਸਭ ਸਮਝ ਗਿਆ।
ਛੁੱਟੀ ਹੋਣ ਤੋਂ ਬਾਅਦ ਫਿਰ ਝੱਲਾ ਕਾਟੋ ਨੂੰ ਬਿਨਾਂ ਮਿਲੇ ਘਰ ਆ ਗਿਆ।ਇਹਨਾਂ ਦਿਨਾਂ ਵਿੱਚ ਝੱਲੇ ਦੀ ਮਾਂ ਹੋਰ ਬਿਮਾਰ ਹੋ ਗਈ , ਮਾਂ ਦਾ ਝੱਲੇ ਤੋਂ ਬਗੈਰ ਤੇ ਝੱਲੇ ਦਾ ਮਾਂ ਤੋਂ ਬਗੈਰ ਹੋਰ ਕੋਈ ਨਹੀਂ ਸੀ। ਝੱਲਾ ਅੱਜ ਸਕੂਲ ਤਾਂ ਗਿਆ ਪਰ ਜਮਾਤ ਵਿੱਚ ਨਾ ਗਿਆ ਬਾਹਰ ਹੀ ਸਕੂਲ ਦੇ ਨਲਕੇ ਕੋਲ ਬੈਠਾ ਰਿਹਾ ਕਿ ਜਦੋਂ ਕਾਟੋ ਪਾਣੀ ਪੀਣ ਆਵੇਗੀ ਉਹ ਉਸ ਨਾਲ ਅਪਣੇ ਦੁੱਖ ਸਾਂਝੇ ਕਰੇਗਾ ਹੋ ਸਕਦਾ ਕਾਟੋ ਦੇ ਦਿਲ ਚ ਝੱਲੇ ਲਈ ਪਿਆਰ ਹੋਵੇ।
ਛੁੱਟੀ ਹੋਈ ਕਾਟੋ ਪਾਣੀ ਪੀਣ ਲਈ ਆਈ ਤੇ ਝੱਲੇ ਨੂੰ ਉਦਾਸ ਵੇਖਕੇ ਪੁੱਛਿਆ ਕੀ ਗੱਲ ਝੱਲਿਆ ਸਭ ਠੀਕ ਤਾਂ ਹੈ, ਝੱਲੇ ਨੇ ਕਿਹਾ ਕਾਟੋ ਪਹਿਲੇ ਦਿਨ ਜਦ ਮੈਂ ਜਮਾਤ ਵਿੱਚ ਗੀਤ ਗਾਇਆ ਸੀ ਮੈਂ ਵੇਖ ਲਿਆ ਸੀ ਤੇਰੀਆਂ ਅੱਖਾਂ ਦੇ ਹੰਝੂਆਂ ਵਿੱਚ ਮੇਰੀ ਜਿੰਦਗੀ ਦਾ ਦਰਦ ਤੂੰ ਕਿੰਨਾਂ ਮਹਿਸੂਸ ਕੀਤਾ।ਘਰ ਵਿੱਚ ਮੇਰੀ ਮਾਂ ਬਹੁਤ ਬਿਮਾਰ ਆ ਮੇਰੇ ਕੋਲ ਪੈਸੇ ਨਹੀਂ ਕੇ ਮੈਂ ਉਸ ਦਾ ਇਲਾਜ ਕਰਵਾ ਸਕਾਂ ।ਕਾਟੋ ਸਮਝ ਗਈ ਕਿਉਕਿ ਉਹ ਝੱਲੇ ਨੂੰ ਬਹੁਤ ਪਿਆਰ ਕਰਦੀ ਸੀ,ਦੂਸਰੇ ਦਿਨ ਕਾਟੋ ਨੇ ਆਪਣੀ ਮਾਂ ਤੋਂ ਜੋ ਪੈਸੇ ਲਏ ਉਹ ਝੱਲੇ ਨੂੰ ਦੇ ਦਿੱਤੇ ਤੇ ਝੱਲੇ ਨੇ ਪੈਸਿਆਂ ਦੇ ਬਦਲੇ ਵਿੱਚ ਕਾਟੋ ਨੂੰਉਸ ਦੇ ਘਰ ਕੋਈ ਵੀ ਕੰਮ ਕਰਨ ਲਈ ਕਿਹਾ,ਇਹ ਗੱਲ ਸੁਣਕੇ ਕਾਟੋ ਤੋਂ ਰਹਿ ਨਾ ਹੋਇਆ ਉਸ ਨੇ ਝੱਲੇ ਨੂੰ ਅਪਣੀਆਂ ਬਾਹਾਂ ਵਿੱਚ ਘੁੱਟ ਕੇ ਕਿਹਾ ਝੱਲਿਆ ਇਹ ਵੱਡੀ ਹਵੇਲੀ ਵਾਲਿਆਂ ਦੀ ਕੁੜੀ ਕਾਟੋ ਤੇਰੇ ਨਾਲ ਸਾਰੀ ਜਿੰਦਗੀ ਰਹਿਣ ਨੂੰ ਤਿਆਰ ਹੈ ਤੇ ਝੱਲਾ ਰੋਦਾਂ ਰੋਦਾਂ ਅਪਣੇ ਘਰ ਆ ਗਿਆ, ਘਰ ਆ ਕੇ ਮਾਂ ਨੂੰ ਕਿਹਾ ਮਾਂ ਮੈਂ ਤੇਰੇ ਇਲਾਜ ਲਈ ਵੱਡੀ ਹਵੇਲੀ ਵਾਲਿਆਂ ਦੀ ਕਾਟੋ ਤੋਂ ਪੈਸੇ ਲੈਕੇ ਆਇਆਂ ,ਮਾਂ ਮੈਂ ਕੱਲ ਤੇਰਾ ਇਲਾਜ ਕਰਵਾ ਦੇਵਾਂਗਾ ।ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ, ਮਾਂ ਤੂੰ ਅਰਾਮ ਕਰ ਮੈਂ ਤੇਰੇ ਖਾਣ ਲਈ ਕੁੱਝ ਲੈਕੇ ਆਉਣਾ …ਝੱਲਾ ਗਿਆ ਤੇ ਅਪਣੀ ਮਾਂ ਲਈ ਬਰੈੱਡ ਤੇ ਦੁੱਧ ਦਾ ਗਲਾਸ ਲੈ ਕੇ ਆਇਆ … ਲੈ ਮਾਂ ਤੂੰ ਖਾਹ ਸੁਬਾਹ ਹੁੰਦਿਆਂ ਹੀ ਤੈਨੂੰ ਹਸਪਤਾਲ ਲੈ ਜਾਵਾਗਾ….. ਲੈ ਮਾਂ ਖਾ।
ਝੱਲਾ ਅੱਧੀ ਰਾਤ ਅਪਣੀ ਮਾਂ ਦਾ ਸਿਰ ਘੁੱਟਦਾ ਰਿਹਾ ਮਾਂ ਸੌਂ ਗਈ ਤੇ ਮਾਂ ਨੂੰ ਵੇਖਕੇ ਝੱਲਾ ਵੀ ਸੌਂ ਗਿਆ।
ਸਵੇਰ ਹੋਈ, ਝੱਲਾ ਉਠਿਆ, ਆਪ ਸੋਚਦਾ ਮਾਂ ਨੀ ਉੱਠੀ ਅੱਗੇ ਆਪ ਪਹਿਲਾਂ ਉੱਠ ਕੇ ਮੈਂਨੂੰ ਜਗਾਉਂਦੀ ਪਰ ਅੱਜ ਨੀ … ।
ਝੱਲਾ ਉੱਚੀ ਉੱਚੀ ਬੋਲਿਆ
ਮਾਂ….. ਮਾਂ…..
ਮਾਂ ਹੋਵੇ ਤਾਂ ਜਾਗ ਆਵੇ..
ਝੱਲੇ ਦੀ ਮਾਂ ਵੀ ਝੱਲੇ ਨੂੰ ਛੱਡ ਗਈ ਹੁਣ ਸ਼ਾਇਦ ਕਾਟੋ ਤੋਂ ਬਗੈਰ ਝੱਲੇ ਦਾ ਕੋਈ ਨਾ ਰਿਹਾ।ਕਾਟੋ ਵੀ ਹਰ ਰੋਜ਼ ਸਕੂਲ ਦੇ ਨਲਕੇ ਕੋਲ ਝੱਲੇ ਦੀ ਉਡੀਕ ਕਰਦੀ ਤੇ ਚਲੀ ਜਾਂਦੀ ।
ਕਾਫ਼ੀ ਦਿਨ ਝੱਲਾ ਸਕੂਲ ਨਾ ਆਇਆ, ਮਾਸਟਰ ਮਿੱਠਾ ਸਿੰਘ ਇੱਕ ਨੇਕ ਇਨਸਾਨ, ਮਿੱਠੇ ਸੁਭਾਅ ਦਾ,
ਝੱਲੇ ਦੇ ਘਰ ਆਇਆ ਘਰ ਦਾ ਕੁੰਡਾ ਖੜਕਾਇਆ ਆਵਾਜ਼ ਮਾਰੀ “ਝੱਲਿਆ ਓਹ ਝੱਲਿਆ…?” ਮਾਸਟਰ ਜੀ ਦੀ ਆਵਾਜ ਸੁਣਕੇ ਝੱਲੇ ਨੇ ਬੂਹਾ ਖੋਲਿਆ ਤੇ ਮਾਸਟਰ ਨੂੰ ਜੱਫੀ ਪਾਕੇ ਰੋਣ ਲੱਗਿਆ…ਮਾਸਟਰ ਜੀ ਮੇਰੀ ਮਾਂ ਵੀ ਮੈਨੂੰ ਛੱਡ ਗਈ ।ਮਾਸਟਰ ਨੇ ਕਿਹਾ ਨਾ ਝੱਲਿਆ ਰੋ ਨਾ ਤੇਰੀ ਮਾਂ ਤੇਰੇ ਕੋਲ ਹੀ ਹੈ, ਮਾਸਟਰ ਝੱਲੇ ਨੂੰ ਆਪਣੇ ਘਰ ਲੈ ਜਾਂਦਾ ਹੈ ,ਉਸ ਨੂੰ ਘਰ ਵਿੱਚ ਅਪਣਾ ਪੁੱਤ ਬਣਾਕੇ ਰੱਖਦਾ ਹੈ ਤੇ ਕਈ ਹਫ਼ਤਿਆਂ ਬਾਅਦ ਜਦ ਝੱਲਾ ਸਕੂਲ ਜਾਦਾਂ ਹੈ ਤਾਂ ਜਮਾਤ ਵਿੱਚ ਕਾਟੋ ਨਹੀਂ ਹੁੰਦੀ ,ਛੁੱਟੀ ਹੋਣ ਤੇ ਜਦ ਝੱਲਾ ਨਲਕੇ ਵੱਲ ਵੇਖਦਾ ਹੈ ਤਾਂ ਕਾਟੋ ਉਸ ਦੀ ਉਡੀਕ ਕਰਦੀ ਝੱਲੇ ਨੂੰ ਨਜ਼ਰ ਆਉਂਦੀ ਹੈ।
ਝੱਲਾ ਕਾਟੋ ਕੋਲ ਜਾਦਾਂ ਹੈ ਉਸ ਨੂੰ ਪੈਸੇ ਵਾਪਿਸ ਕਰਦਾ ਤੇ ਰੋਂਦਾ ਹੋਇਆ ਆਖਦਾ ਹੈ ਕਾਟੋ ਝੱਲੇ ਦੀ ਮਾਂ ਉਸ ਨੂੰ ਛੱਡ ਗਈ ਤੇ ਹੁਣ ਉਸ ਦਾ ਕਾਟੋ ਤੋਂ ਬਗੈਰ ਕੋਈ ਨਹੀਂ ਇਸ ਦੁਨੀਆਂ ਵਿੱਚ ਉਹ ਕਦੀ ਉਸ ਤੋਂ ਦੂਰ ਨਾ ਜਾਵੇ ਤਾਂ ਕਾਟੋ ਅਪਣੇ ਦਿਲ ਤੇ ਪੱਥਰ ਰੱਖ ਕੇ ਝੱਲੇ ਨੂੰ ਆਖ ਦਿੰਦੀ ਹੈ ਕਿ ਉਸ ਦੇ ਪਿਓ ਨੇ ਉਸ ਤੋਂ ਬਿਨਾ ਪੁੱਛੇ ਉਸ ਦਾ ਰਿਸ਼ਤਾ ਕਨੇਡਾ ਵਿੱਚ ਰਹਿੰਦੇ ਉਸ ਦੇ ਦੋਸਤ ਦੇ ਮੁੰਡੇ ਸੱਤੀ ਨਾਲ ਕਰ ਦਿੱਤਾ, ਉਹ ਫਿਕਰ ਨਾ ਕਰੇ ਝੱਲੇ ਦੀ ਕਾਟੋ ਪਰਦੇਸ ਜਾਕੇ ਵੀ ਉਸ ਨੂੰ ਹੀ ਪਿਆਰ ਕਰੇਗੀ ਜਿਸ ਨੂੰ ਉਹ ਪਹਿਲਾਂ ਤੋਂ ਹੀ ਕਰਦੀ ਆਈ ਹੈ …..ਏਨੀ ਗੱਲ ਕਹਿਕੇ ਉਹ ਓਥੋਂ ਚਲੀ ਜਾਂਦੀ ਹੈ ।
ਅੱਜ 10 ਸਾਲ ਹੋ ਗਏ ਕਾਟੋ ਨੂੰ ਪਰਦੇਸ ਗਈ ਨੂੰ ਉਹ ਹਾਲੇ ਤੱਕ ਪਿੰਡ ਵਾਪਿਸ ਨਹੀ ਆਈ… ਤੇ ਨਾ ਹੀ ਕਦੀ ਝੱਲੇ ਨੂੰ ਮਿਲੀ,
ਤੇ ਝੱਲਾ ਅੱਜ ਵੀ ਝੱਲਿਆਂ ਵਾਂਗ ਸਕੂਲ ਦੇ ਨਲਕੇ ਕੋਲ ਬੈਠਾ ਕਾਟੋ ਦੀ ਉਡੀਕ ਕਰ ਰਿਹਾ ਹੈ….

ਅਗਿਆਤ

ਫੋਟੋ ਰਵਨ ਖੋਸਾ

unknown

You may also like