ਜੇ ਆਪਣੇ ਬਾਪੂ ਜੀ ਹੁੰਦੇ ਤਾਂ ਵੀ ਇੰਝ ਸੋਚੀ ਪੈਂਦੇ?

by admin

ਪੰਝੀ ਕੂ ਸਾਲ ਪਹਿਲਾਂ ਦੀ ਗੱਲ..ਮੋਹਾਲੀ ਲਾਗੇ ਪਿੰਡ..ਅੱਧੀ ਰਾਤ ਨੂੰ ਬੂਹਾ ਖੜਕਿਆ!
ਮਾਹੌਲ ਓਦਾਂ ਦੇ ਹੀ ਸਨ..ਨਾਲਦੀ ਵਾਸਤੇ ਪਾਈ ਜਾਵੇ ਬੂਹਾ ਨਾ ਖੋਲਿਆ ਜੇ..ਪਰ ਮੈਂ ਆਖਿਆ ਕੋਈ ਗੱਲ ਨੀ ਦੇਖਣਾ ਤੇ ਪੈਣਾ!
ਬਾਰ ਖੋਲਿਆ..ਸਾਮਣੇ ਹੱਟੀ ਵਾਲਾ ਖਲੋਤਾ ਸੀ..ਆਖਣ ਲੱਗਾ ਸਰਦਾਰਾ ਬਜ਼ੁਰਗ ਢਿੱਲਾ ਹੋ ਗਿਆ ਏ..ਹਸਪਤਾਲ ਖੜਨਾ ਪੈਣਾ..ਵਾਸਤਾ ਈ ਰੱਬ ਦਾ..ਇੱਕ ਵਗਾਰ ਪਾਉਣੀ ਏ..ਕਾਰ ਚਾਹੀਦੀ ਏ..!
ਓਹਨੀ ਦਿਨੀਂ ਸਾਰੇ ਪਿੰਡ ਵਿਚ ਸਿਰਫ ਸਾਡੇ ਕੋਲ ਹੀ ਫ਼ੀਏਟ ਕਾਰ ਹੋਇਆ ਕਰਦੀ ਸੀ..
ਬਹਾਨਾ ਸੋਚਦਾ ਹੋਇਆ ਨਾਂਹ ਨੁੱਕਰ ਕਰਨ ਹੀ ਲੱਗਾ ਸਾਂ ਕੇ ਨਾਲਦੀ ਨੇ ਹੁੱਜ ਮਾਰੀ..ਆਖਣ ਲੱਗੀ ਜੇ ਆਪਣੇ ਬਾਪੂ ਜੀ ਹੁੰਦੇ ਤਾਂ ਵੀ ਇੰਝ ਸੋਚੀ ਪੈਂਦੇ..?

ਮੈਂ ਸੂਰਤ ਸੰਭਾਲੀ ਤੇ ਆਖ ਦਿੱਤਾ ਕੇ ਦਸਾਂ ਮਿੰਟਾਂ ਵਿਚ ਆਉਂਦਾ ਹਾਂ ਬਾਪੂ ਨੂੰ ਗਲੀ ਤੋਂ ਬਾਹਰ ਲੈ ਕੇ ਖਲੋ ਜਾਵੋ!
ਓਥੇ ਅੱਪੜਿਆ ਤਾਂ ਬਾਪੂ ਬੜੀ ਬੁਰੀ ਹਾਲਤ ਵਿਚ..ਪਰ ਮੇਰੇ ਵੱਲ ਵੇਖ ਹੱਥ ਜੋੜੀ ਜਾਵੇ..ਮਰਦਾ ਮਰਦਾ ਵੀ ਆਖੀ ਜਾਵੇ..ਸਰਦਾਰਾ ਬੜੀ ਮੇਹਰਬਾਨੀ ਤੇਰੀ..

ਮੰਜੇ ਤੋਂ ਚੁੱਕ ਪਿਛਲੀ ਸੀਟ ਤੇ ਪਾਉਣ ਲੱਗੇ ਤਾਂ ਮੁਸ਼ਕ ਆਈ ਜਾਵੇ..
ਹੁਣ ਨਾਲਦੀ ਤੇ ਕੋਲ ਨਹੀਂ ਸੀ ਪਰ ਇਸ ਵਾਰ ਹੁੱਝ ਸ਼ਾਇਦ ਉੱਪਰ ਵਾਲੇ ਨੇ ਮਾਰ ਦਿੱਤੀ..ਆਪਣੇ ਬਾਪੂ ਹੁਰੀਂ ਚੇਤੇ ਆ ਗਏ ਤੇ ਮੁਸ਼ਕ ਆਉਣੀ ਹਟ ਗਈ..

ਪੀ ਜੀ ਆਈ ਖੜਿਆਂ..ਦਾਖਿਲ ਕਰਵਾਉਂਦਿਆਂ ਸੁਵੇਰ ਹੋ ਗਈ!
ਅਗਲੇ ਦਿਨ ਉਹ ਘਰੇ ਆ ਗਿਆ..ਮੁੱਠ ਵਿਚ ਸੋਂ ਦਾ ਨੋਟ..ਨਾਲੇ ਰੋਈ ਜਾਵੇ..ਅਖ਼ੇ ਸਰਦਾਰਾ ਰੱਬ ਬਣ ਬਹੁੜਿਆ ਕੱਲ..ਹਮਾਤੜ ਕੋਲ ਬਹੁਤੇ ਤੇ ਨਹੀਂ..ਆਹ ਸੌ ਰੱਖ ਲੈ ਤੇਲ ਪਾਣੀ ਜੋਗੇ!
ਨਾਲਦੀ ਫੇਰ ਗੱਲ ਪੈ ਗਈ ਅਖ਼ੇ ਸਾਡਾ ਵੀ ਤੇ ਲੱਗਦਾ ਬਾਪੂ ਕੁਝ..ਜਾਹ ਕੋਲ ਬੈਠ ਉਸਦੇ..ਤੈਨੂੰ ਉਡੀਕਦਾ ਹੋਉ..!
ਤੀਜ ਦਿਨ ਬਾਪੂ ਪੂਰਾ ਹੋ ਗਿਆ..ਮਕਾਣਾਂ ਆਉਣ ਲੱਗੀਆਂ ਤਾਂ ਉਹ ਹਰੇਕ ਨੂੰ ਉਹ ਕਾਰ ਵਾਲੀ ਕਹਾਣੀ ਸਬ ਤੋਂ ਪਹਿਲਾਂ ਦਸਿਆ ਕਰੇ!
ਲੋਕ ਤੁਰ ਗਏ ਨੂੰ ਚੇਤੇ ਕਰ ਕਰ ਵੈਣ ਪਾਈ ਜਾਣ ਤੇ ਨਾਲ ਨਾਲ ਮੈਨੂੰ ਦਵਾਵਾਂ ਦੇਈ ਜਾਣ..!

ਅੱਜ ਏਨੇ ਵਰ੍ਹਿਆਂ ਮਗਰੋਂ ਬਰਫ਼ਾਂ ਦੇ ਦੇਸ਼ ਵਿਚ ਮਿਲੀਅਨ ਡਾਲਰ ਦੇ ਘਰ ਅੱਗੇ ਪੰਜ-ਪੰਜ ਗੱਡੀਆਂ ਖਲੋਤੀਆਂ ਨੇ ਤੇ ਟ੍ਰਾੰਸਪੋਰਟ ਕੰਪਨੀ ਦਾ ਕੋਈ ਹਿਸਾਬ ਹੀ ਨਹੀਂ!

ਸ਼ਾਇਦ ਇਸੇ ਲਈ ਸਿਆਣੇ ਆਖਿਆ ਕਰਦੇ ਸੀ ਕੇ ਗਰੀਬ ਦੀ ਦੁਆ ਅਤੇ ਬਦ-ਦੁਆ ਦੋਵੇਂ ਹੀ ਧੁਰ ਦਰਗਾਹੇ ਬਿਨਾ ਕਿਸੇ ਰੋਕ ਟੋਕ ਦੇ ਅੱਪੜਦੀਆਂ ਨੇ!
(True Story)
ਹਰਪ੍ਰੀਤ ਸਿੰਘ ਜਵੰਦਾ

You may also like