ਹੱਡ ਬੀਤੀ

by admin

ਛੋਟਾ ਸੀ, ਲਾਡਲਾ ਸੀ, ਉੱਤੋਂ ਆ ਗਿਆ ਨਾਨਕੇ। 8-9 ਕੁ ਸਾਲ ਦਾ ਹੋਵਾਂਗਾ। ਨਾਨੀ ਜੀ ਇੱਕ ਸ਼ਾਮ ਕੱਦੂ ਦੀ ਸਬਜ਼ੀ ਨਾਲ ਰੋਟੀ ਲੈ ਆਏ। ਮੈਂ ਵਿੱਟਰ ਬੈਠਾ ਅਖੇ ਮੈਂ ਨੀ ਖਾਣੀ ਕੱਦੂ ਦੀ ਸਬਜ਼ੀ , ਆਖ ਥਾਲੀ ਨੂੰ ਲੱਤ ਮਾਰ ਪਰੇ ਧੱਕ ਦਿੱਤਾ। ਨਾਨਾ ਜੀ ਕੋਲ ਹੀ ਬੈਠੇ ਸਨ। ਉਹਨਾਂ ਥਾਲੀ ਚੁੱਕ ਨਾਨੀ ਜੀ ਨੂੰ ਫੜਾ ਦਿਤੀ ਅਤੇ ਕਿਹਾ ਕਿ ਜਦੋਂ ਉਸ ਨਹੀਂ ਖਾਣੀ ਤਾਂ ਧੱਕਾ ਕਿਉਂ ਕਰਦੇ ਓ। ਨਾਨੀ ਜੀ ਥਾਲੀ ਲੈ ਗਏ ਅਤੇ ਮੈਂ ਚੁੱਪ ਚਾਪ ਸੜਿਆ ਬਲਿਆ ਸੌਂ ਗਿਆ। ਰਾਤ 10 ਕੁ ਵਜੇ ਸਾਰੇ ਸੌਂ ਗਏ ਪਰ ਮੈਂ ਭੁੱਖਾ ਪਾਸੇ ਮਾਰੀ ਜਾਵਾਂ। ਏਨੇ ਨੂੰ ਲਾਈਟ ਜਗੀ ਅਤੇ ਨਾਨਾ ਜੀ ਹੱਥ ਚ ਰੋਟੀ ਵਾਲਾ ਥਾਲ ਚੁੱਕੀ ਖੜੇ ਸਨ, ਓਹੀ ਕੱਦੂ ਦੀ ਸਬਜ਼ੀ ਨਾਲ। ਮੈਂ ਚੁੱਪ ਚਾਪ ਸਾਰੀਆਂ ਰੋਟੀਆਂ ਨਬੇੜ ਦਿੱਤੀਆਂ। ਨਾਨਾ ਜੀ ਨੇ ਪਿਆਰ ਨਾਲ ਸਿਰ ਤੇ ਹੱਥ ਫੇਰਦਿਆਂ ਪੁੱਛਿਆ,” ਕਿਉਂ ਪੁੱਤ ਸਬਜ਼ੀ ਸਵਾਦ ਸੀ ਨਾ?”
“ਹੂੰ “,ਮੈਂ ਸਹਿਮਤੀ ਚ ਸਿਰ ਮਾਰ ਦਿੱਤਾ।
“ਪੁੱਤ ਸਵਾਦ ਰੋਟੀ ਚ ਨਹੀਂ ਭੁੱਖ ਚ ਹੁੰਦੈ” ਏਨਾ ਕਹਿ ਨਾਨਾ ਜੀ ਥਾਲੀ ਚੁੱਕ ਕੇ ਲੈ ਗਏ। ਉਸ ਦਿਨ ਤੋਂ ਬਾਦ ਮੈਂ ਕਦੇ ਰੋਟੀ ਖਾਂਦਿਆਂ ਨਖ਼ਰਾ ਨਹੀਂ ਕੀਤਾ। ਹੁਣ ਵੀ ਜੋ ਮਿਲੇ ਸ਼ੁਕਰ ਕਰ ਖਾ ਲਈਦੈ ।
-ਗੁਰਵਿੰਦਰ ਸਿੰਘ
ਸਰਹਿੰਦ।

Gurwinder Singh

You may also like