574
ਉਨ੍ਹੀਵੀਂ ਸਦੀ ਦੇ ਸਿੱਖਾਂ ਦੇ ਮਹਾਨ ਵਿਦਵਾਨ ਅਤੇ ‘ਗਿਆਨ ਖੜਗ ਦੇ ਧਾਰਨੀ’ ਗਿਆਨੀ ਦਿੱਤ ਸਿੰਘ ‘ਜ਼ਾਤੀ ਦੇ ਵੈਰ ਦਾ ਫਲ’ ਸਿਰਲੇਖ ਵਾਲੀ ਆਪਣੀ ਇਕ ਸੰਪਾਦਕੀ ਵਿਚ, ਖਾਨਾਜੰਗੀ ਨਾਲ ਤਬਾਹ ਹੋਈਆਂ ਕੌਮਾਂ ਦਾ ਹਸ਼ਰ ਇਕ ਲੋਕ ਕਹਾਣੀ ਜ਼ਰੀਏ ਦੱਸਦੇ ਹਨ,
”ਇਕ ਰੁੱਖ ਨੇ ਸਾਥੀ ਰੁੱਖਾਂ ਨੂੰ ਖ਼ਬਰ ਦਿੱਤੀ ਕਿ ਉਨ੍ਹਾਂ ਦੀ ਹੁਣ ਖ਼ੈਰ ਨਹੀਂ ਕਿਉਂਕਿ ਕੁਹਾੜਿਆਂ ਦੇ ਭਰੇ ਗੱਡੇ ਜੰਗਲ ਵਿਚ ਆ ਰਹੇ ਹਨ। ਦੂਜੇ ਰੁੱਖਾਂ ਨੇ ਉਸ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਉਹ ਰੱਤੀ ਭਰ ਫ਼ਿਕਰ ਨਾ ਕਰੇ ਕਿਉਂਕਿ ਉਨ੍ਹਾਂ ਦੇ ਆਪਸੀ ਮਿਲਾਪ ਕਾਰਨ ਕੁਹਾੜਿਆਂ ਦੀ ਇਕ ਨਹੀਂ ਚੱਲਣ ਵਾਲੀ। ਪਰ ਪਹਿਲੇ ਰੁੱਖ ਨੇ ਮੁੜ ਫ਼ਿਕਰ ਸਾਂਝਾ ਕਰਦਿਆਂ ਕਿਹਾ ਕਿ, ਗੱਲ ਤਾਂ ਠੀਕ ਹੈ, ਪਰ ਉਨ੍ਹਾਂ ਦੇ ਨਾਲ ਸਾਡੇ ਜ਼ਾਤੀ ਭਾਈ ਹੀ ਮਦਦਗਾਰ ਹੋ ਗਏ ਹਨ। ਜੋ ਕੁਹਾੜਿਆਂ ਦੇ ਦਸਤੇ ਬਣ ਕੇ ਉਨ੍ਹਾਂ ਵਿਚ ਜਾਇ ਪਏ ਹਨ। ਇਸ ਗੱਲ ਨੂੰ ਸੁਣ ਕੇ ਬਣ ਦੇ ਸਾਰੇ ਰੁੱਖ ਕੰਬ ਗਏ ਅਤੇ ਕਹਿਣ ਲੱਗੇ ਕਿ ਜ਼ਾਤੀ ਦਾ ਵੈਰ ਕੁਲ ਦੇ ਨਸ਼ਟ ਕਰਨ ਲਈ ਬਹੁਤ ਬੁਰਾ ਹੁੰਦਾ ਹੈ ਸੋ ਹੁਣ ਅਸੀਂ ਨਹੀਂ ਬਚਾਂਗੇ।”