ਇਕ ਤਰਫ਼ਾ ਪਿਆਰ

by admin

ਸੁੱਖੀ ਬਹੁਤ ਹੀ ਸੋਹਣੀ ਕੁੜੀ ਸੀ। ਲੰਮਾ ਲੰਝਾ ਕੱਦ ਕਾਠ, ਹੰਸੂ ਹੰਸੂ ਕਰਦਾ ਚਿਹਰਾ ਹਰ ਇਕ ਦਾ ਮਨ ਲੁਭਾ ਲੈਂਦਾ ਸੀ। ਗੁਰਵਿੰਦਰ ਉਸ ਦੇ ਨਾਲ ਹੀ ਇਕੋ ਕਲਾਸ ਵਿਚ ਪੜ੍ਹਦਾ ਸੀ। ਦੋਵੇਂ ਇਕੱਠੇ ਹੀ ਬੈਠਦੇ ਤੇ ਪੜ੍ਹਾਈ ਵੀ ਇਕੱਠੇ ਹੀ ਕਰਦੇ। ਦੋਨੋ ਹੀ ਕਲਾਸ ਵਿਚ ਹੁਸਿ਼ਆਰ ਅਤੇ ਪਹਿਲੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਵਿਚੋਂ ਸਨ। ਦੋਵਾਂ ਦਾ ਸਾਥ ਪੜ੍ਹਾਈ ਵਿਚ ਹੁਸਿ਼ਆਰ ਹੋਣ ਕਰਕੇ ਪੂਰੇ ਹੀ ਕਾਲਜ ਵਿਚ ਮਸ਼ਹੂਰ ਸੀ। ਗੁਰਵਿੰਦਰ ਤੇ ਸੁੱਖੀ ਇਕ ਦੂਜੇ ਨੂੰੰ ਪਸੰਦ ਵੀ ਬਹੁਤ ਕਰਦੇ ਸਨ। ਦੋਵਾਂ ਦੀ ਨੇੜਤਾ ਸਮਾਂ ਪਾ ਕੇ ਮੋਹੱਬਤ ਵਿਚ ਬਦਲ ਗਈ। ਦੋਵੇਂ ਇਕ ਦੂਜੇ ਨੂੰ ਪਿਆਰ ਕਰਨ ਲੱਗ ਪਏ। ਕਹਿੰਦੇ ਨੇ ਪਿਆਰ ਦੀ ਦੁਨੀਆ ਵਿਚ ਖੋ ਕੇ ਸਮੇਂ ਦਾ ਪਤਾ ਹੀ ਨਹੀਂ ਲੱਗਦਾ। ਦੋਵਾਂ ਦੀ ਪੜ੍ਹਾਈ ਪੂਰੀ ਹੋ ਗਈ। ਗੁਰਵਿੰਦਰ ਅਗਲੇਰੀ ਪੜ੍ਹਾਈ ਲਈ ਚੰਡੀਗੜ੍ਹ ਚਲਾ ਗਿਆ ਪਰ ਸੁੱਖੀ ਘਰ ਹੀ ਰਹੀ। ਉਸ ਦੇ ਘਰਦਿਆਂ ਨੇ ਉਸ ਲਈ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ। ਜਿ਼ਆਦਾ ਸੁਨੱਖੀ ਹੋਣ ਕਰਕੇ ਸੁੱਖੀ ਦਾ ਰਿਸ਼ਤਾ ਬਾਹਰ ਕੈਨੇਡਾ ਰਹਿੰਦੇ ਇਕ ਮੁੰਡੇ ਨਾਲ ਹੋ ਗਿਆ ਤੇ ਉਹ ਵਿਆਹ ਕਰਵਾ ਕੇ ਕੈਨੇਡਾ ਚਲੀ ਗਈ। ਘਰਦਿਆਂ ਦੀਆਂ ਖੁਸ਼ੀਆਂ ਅੱਗੇ ਸੁੱਖੀ ਨੇ ਆਪਣਾ ਪਿਆਰ ਸ਼ਾਇਦ ਕੁਰਬਾਨ ਕਰਨਾ ਚੰਗਾ ਸਮਝ ਲਿਆ ਹੋਵੇ ਪਰ ਗੁਰਵਿੰਦਰ ਕਦੇ ਇਹ ਗੱਲ ਸਮਝ ਨਾ ਪਾਇਆ ਕਿ ਸੁੱਖੀ ਨੇ ਅਜਿਹਾ ਕਿਉਂ ਕੀਤਾ।
ਪੜ੍ਹਾਈ ਪੂਰੀ ਕਰਕੇ ਜਦੋਂ ਗੁਰਵਿੰਦਰ ਪਿੰਡ ਵਾਪਸ ਆਇਆ ਤਾਂ ਉਸ ਨੂੰ ਸੁੱਖੀ ਦੇ ਰਿਸ਼ਤੇ ਬਾਰੇ ਪਤਾ ਲੱਗਿਆ। ਗੁਰਵਿੰਦਰ ਇਹ ਗ਼ਮ ਸਹਾਰ ਨਾ ਸਕਿਆ ਤੇ ਸ਼ਰਾਬ ਵਿਚ ਡੁੱਬ ਗਿਆ। ਇਕ ਦਿਨ ਉਹ ਮੈਖਾਨੇ ਵਿਚ ਬੈਠਾ ਸ਼ਰਾਬ ਪੀ ਰਿਹਾ ਸੀ ਕਿ ਇਕ ਹੋਰ ਸ਼ਰਾਬੀ ਸ਼ੇਅਰ ਗੁਣਗੁਣਾਉਂਦਾ ਹੋਇਆ ਉਸ ਕੋਲ ਆਇਆ ਤੇ ਉਸ ਨੂੰ ਪੁੱਛਣ ਲੱਗਿਆ। “ਓਏ ਮੁੰਡਿਆ…ਐਨੀ ਕੱਚੀ ਜਵਾਨੀ ਵਿਚ ਐਡੇ ਐਡੇ ਸ਼ਰਾਬ ਦੇ ਪਿਆਲੇ ਹਿੱਕ ਵਿਚ ਸੁੱਟ ਕੇ ਹਿੱਕ ਠਾਰ ਰਿਹੈਂ… ਬੱਲੇ…ਤੂੰ ਕਦੇ ਪਿਆਰ ਤਾਂ ਨੀ ਕਰ ਬੈਠਾ…ਸਾਨੂੰ ਵੀ ਦੱਸ…ਕੀਤਾ ਕਦੇ ਪਿਆਰ ਕਿ ਨਹੀਂ….ਹਾਹਾਹਾ…।
ਗੁਰਵਿੰਦਰ — “ਪਿਆਰ ਤਾਂ ਕੀਤਾ ਬਾਈ…ਪਰ….ਇਕ ਤਰਫਾ…”
ਉਹ ਆਦਮੀ ਇਹ ਗੱਲ ਸੁਣ ਕੇ ਕਦੇ ਆਪਣੇ ਜ਼ਾਮ ਅਤੇ ਕਦੇ ਗੁਰਵਿੰਦਰ ਦੇ ਜਾਮ ਵੱਲ ਵੇਖ ਰਿਹਾ ਸੀ। ਸ਼ਾਇਦ ਉਸ ਨੂੰ ਦੋਵੇਂ ਜਾਮ ਇਕ ਦੂਜੇ ਦੇ ਹਾਣ ਦੇ ਲੱਗੇ।

ਲੇਖਕ — ਭੁਪਿੰਦਰ ਤੱਗੜ

You may also like