ਅਸੀਸ ਅਤੇ ਬਦਅਸੀਸ

by admin

ਮੇਰੀ 14 ਸਾਲ ਦੀ ਬੇਟੀ ਨੇ ਰਾਮਾਇਣ ਅਤੇ ਮਹਾਂਭਾਰਤ ਦੇਖ ਕੇ ਮੈਨੂੰ ਪੁੱਛਿਆ ਕਿ ਪਾਪਾ ਪੁਰਾਣੇ ਜ਼ਮਾਨੇ ਵਿਚ ਜਦੋਂ ਕੋਈ ਕਿਸੇ ਤੋਂ ਦੁਖੀ ਹੁੰਦਾ ਸੀ ਤਾਂ ਉਹ ਉਸ ਨੂੰ ਸ਼ਰਾਪ ਦੇ ਦਿੰਦਾ ਸੀ ਤੇ ਜਦੋਂ ਖੁਸ਼ ਹੁੰਦਾ ਸੀ, ਵਰਦਾਨ ਦੇ ਦਿੰਦਾ ਸੀ, ਕੀ ਇਹ ਸਭ ਕੁਝ ਅੱਜ ਵੀ ਹੋ ਸਕਦਾ ਹੈ? ਤਾਂ ਮੈਂ ਉਸ ਦੇ ਸਵਾਲ ਦਾ ਜਵਾਬ ਆਪਣੇ ਪਰਿਵਾਰ ਦੀ ਇਕ ਹੱਡਬੀਤੀ ਘਟਨਾ ਰਾਹੀਂ ਦਿੱਤਾ।

ਮੇਰੇ ਡੈਡੀ ਜੀ ਦੀ ਭੂਆ ਦੇ ਜਵਾਈ ਨੇ ਆਪਣੀ ਸੱਸ ਕੋਲੋਂ ਜ਼ਮੀਨ ਦੇ ਕਾਗਜਾਤ ਲੈ ਲਏ ਅਤੇ ਧੋਖੇ ਨਾਲ ਜਮੀਨ ਆਪਣੇ ਨਾਮ ਕਰਵਾ ਲਈ। ਭੂਆ ਨੇ ਜਵਾਈ ਅੱਗੇ ਤਰਲਾ ਮਿੰਨਤ ਕੀਤੀ ਕੇ ਪੁੱਤ ਮੇਰੀ ਜ਼ਮੀਨ ਮੈਨੂੰ ਵਾਪਸ ਕਰਦੇ , ਮੇਰੇ ਕੋਲ ਇਸ ਜ਼ਮੀਨ ਤੋਂ ਸਿਵਾ ਹੋਰ ਕੁਝ ਨਹੀਂ ਹੈਗਾ, ਮੈਂ ਤੇਰੇ ਤੇ ਵਿਸ਼ਵਾਸ ਕਰਕੇ ਤੈਨੂੰ ਪੇਪਰ ਦਿੱਤੇ ਸੀ, ਜੇ ਬਗੀਚਾ ( ਭੂਆ ਦਾ ਮੁੰਡਾ) ਮੈਨੂੰ ਰੋਟੀ ਦਿੰਦਾ ਤਾਂ ਮੈਂ ਤੈਥੋਂ ਜਮੀਨ ਨਾ ਮੰਗਦੀ, ਪਰ ਜਵਾਈ ਨੇ ਭੂਆ ਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ। ਜਦੋਂ ਰੋ ਰੋ ਕੇ ਭੂਆ ਨੇ ਆਪਣੇ ਜਵਾਈ ਦੇ ਤਰਲੇ ਕੱਢੇ ਤਾਂ ਜਵਾਈ ਨੇ ਆਪਣੀ ਰੋਂਦੀ ਹੋਈ ਸੱਸ ਦਾ ਮਜਾਕ ਉਡਾਉਂਦੇ ਹੋਏ ਕਿਹਾ,
“ਵੇਖ ਕਿਵੇਂ ਚਿੜੀ ਚੂਕਦੀ ਫਿਰਦੀ ਆ !”

ਜਦੋਂ ਭੂਆ ਨੂੰ ਕੋਈ ਹੋਰ ਰਸਤਾ ਨਾ ਨਜ਼ਰ ਆਇਆ ਤਾਂ ਉਸ ਨੇ ਮੁਸ਼ਕਿਲ ਸਮੇ ਤੇ ਰੱਬ ਨੂੰ ਯਾਦ ਕਰਦੇ ਹੋਏ ਕਿਹਾ,

” ਜਾ ! ਜਿਨ੍ਹਾਂ ਦੇ ਲਈ ਤੂੰ ਮੇਰੇ ਨਾਲ ਧੋਖਾ ਕੀਤਾ ਹੈ ਉਹੀ ਤੈਨੂੰ ਇਕ ਦਿਨ ਇਸੇ ਜਮੀਨ ਵਿਚ ਵੱਢਣਗੇ। ”

ਭੂਆ ਦਾ ਤਾਂ ਪਤਾ ਨਹੀਂ ਕੀ ਹੋਇਆ ਪਰ ਇਕ ਗੱਲ ਜੋ ਭੂਆ ਕਹਿ ਗਈ ਸੀ ਉਹ ਇਕ ਸ਼ਰਾਪ ਹੀ ਸੀ। ਕੁਝ ਸਾਲਾਂ ਬਾਅਦ ਉਹੀ ਹੋਇਆ ਜੋ ਭੂਆ ਦੇ ਮੁੱਖੋਂ ਨਿਕਲਿਆ ਸੀ।
ਜਵਾਈ ਦੇ ਮੁੰਡਿਆਂ ਨੇ ਜ਼ਮੀਨ ਦੀ ਖਾਤਰ ਆਪਣੇ ਪਿਓ ਨੂੰ ਉਸੇ ਜਮੀਨ ਵਿਚ ਵੱਢਿਆ ਸੀ…

” ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਹਿ ਜਬਾਬ ਖੁਦਾਇ ”

ਲਖਵਿੰਦਰ ਸਿੰਘ

You may also like