ਹਰ ਸਾਲ ਦੀ ਤਰ੍ਹਾਂ, ਪਿਛਲੇ ਸਾਲ ਵੀ ਜਦ ਮੈਂ ਸਰਦੀ ਦੇ ਸ਼ੁਰੁ ਵਿੱਚ ਆਪਣੇ ਵਤਨ ਪਰਤੀ ਤਾਂ ਘਰ ਦੀ ਹਾਲਤ ਕਾਫੀ ਉੱਖੜੀ ਹੋਈ ਸੀ। ਘਰ ਦੀ ਦੀਵਾਰ ਦੇ ਦੋਹੀਂ ਪਾਸੀਂ ਲਾਏ, ਅਸ਼ੋਕਾ ਟਰੀ, ਫਾਈਕਸ ਤੇ ਚਾਂਦਨੀ ਦੇ ਪੌਦੇ ਇੱਕ ਜੰਗਲ ਬਣ ਚੁੱਕੇ ਸਨ। ਸੰਘਣੀ ਛਾਂ ਲਈ ਲਾਏ ਸੱਤ ਪੱਤਰੀ ਦੇ ਰੁੱਖ ਦੇ ਟਾਹਣ ਛੱਤ ਤੇ ਵਿਹੜੇ ਵਿੱਚ ਝੁਕੇ ਪਏ ਸਨ, ਜਿਹਨਾਂ ਨੇ ਸਰਦ ਰੁੱਤ ਵਿੱਚ ਵਿਹੜੇ ਵਿੱਚ ਆਉਣ ਵਾਲੀਆਂ ਸੂਰਜ ਦੀਆਂ ਕਿਰਨਾਂ ਨੂੰ ਰੋਕ ਰੱਖਿਆ ਸੀ। ਫਾਈਕਸ ਵੀ ਇੰਨੇ ਫੈਲ ਗਏ ਸਨ ਕਿ- ਮੈਂ ਆਪਣੇ ਦੇਸ ਦੀ, ਸਰਦੀ ਦੀ ਕੋਸੀ ਕੋਸੀ ਧੁੱਪ ਦਾ ਨਿੱਘ ਮਾਨਣ ਤੋਂ ਵੀ ਵਾਂਝੀ ਹੋ ਗਈ ਸਾਂ। ਜਿਸ ਦਾ ਕਾਰਨ ਮਾਲੀ ਆਪਣੇ ਪਿੰਡ ਚਲਾ ਗਿਆ ਸੀ, ਤੇ ਪਿਛਲੇ ਛੇ ਮਹੀਨੇ ਤੋਂ ਪੌਦਿਆਂ ਦੀ ਕਾਂਟ ਛਾਂਟ ਨਹੀਂ ਸੀ ਹੋਈ।
ਭਾਵੇਂ ਮੈਂ, ਆਪਣੀ ਕੰਮ ਵਾਲੀ ਨੂੰ, ਛੱਤ ਤੇ ਇੱਕ ਕਮਰਾ ਦੇ ਕੇ ਘਰ ਦੀ ਸਾਂਭ ਸਫਾਈ ਦੀ ਜ਼ਿੰਮੇਵਾਰੀ ਸੌਂਪ ਕੇ, ਵਿਦੇਸ਼ ਬੱਚਿਆਂ ਕੋਲ ਗਈ ਸਾਂ- ਪਰ ਫਿਰ ਵੀ ਵਿਹੜੇ ਦਾ ਪੱਥਰ ਪੂਰੀ ਸਫਾਈ ਨਾ ਹੋਣ ਕਾਰਨ ਕਾਲਾ ਪੈ ਗਿਆ ਸੀ, ਅਲਮਾਰੀਆਂ ਵਿੱਚ ਧੂੜ ਜੰਮੀ ਪਈ ਸੀ। ਕੋਠੀ ਪੁਰਾਣੀ ਹੋਣ ਕਾਰਨ, ਕਈ ਥਾਵਾਂ ਤੋਂ ਰਿਪੇਅਰ ਦੀ ਮੰਗ ਕਰਦੀ ਸੀ, ਕੋਈ ਟੂਟੀ ਖਰਾਬ ਹੋਈ ਪਈ ਸੀ, ਤੇ ਕੋਈ ਲਾਈਟ। ਇੱਕ ਅਲਮਾਰੀ ਸਿਉਂਕ ਨੇ ਖਾ ਲਈ ਸੀ। ਸੋ ਮੈਂ, ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ- ਬਿਜਲੀ ਵਾਲਾ, ਲੱਕੜ ਵਾਲਾ ਤੇ ਰਾਜ ਮਿਸਤਰੀ ਬੁਲਾਇਆ, ਤੇ ਰਿਪੇਅਰ ਸ਼ੁਰੂ ਕਰਵਾਈ। ਇਸ ਵਾਰ ਤਾਂ ਮੈਂ, ਸਾਰੀ ਕੋਠੀ ਰੰਗ ਰੋਗਨ ਕਰਵਾਉਣ ਦਾ ਮਨ ਵੀ ਬਣਾ ਲਿਆ।
ਮਾਲੀ, ਪੌਦਿਆਂ ਦੀ ਕਾਂਟ ਛਾਂਟ ਕਰਦਾ ਹੋਇਆ ਕਹਿਣ ਲੱਗਾ-“ਯੇ ਗ02ਰ ਵੀ ਬਿਨਾਂ ਮਾਲਕ ਕੇ, ਉਦਾਸ ਹੋ ਜਾਤੇ ਹੈਂ ਬੀਬੀ ਜੀ!”
“ਹਾਂ ਮਾਲੀ..” ਮੈਂ ਹਉਕਾ ਭਰਿਆ।
ਅੱਜ ਮੇਰੀ ਮੰੰਜੂ ਵੀ ਕੰਮ ਮੁਕਾ, ਮੇਰੇ ਕੋਲ ਬੈਠ ਗਈ ਤੇ ਕਹਿਣ ਲੱਗੀ- “ਬੀਬੀ ਜੀ, ਜੋ ਕਾਮ ਕਰਵਾਨਾ, ਇਸੀ ਮਹੀਨੇ ਕਰਵਾ ਲੋ, ਹਮ ਅਗਲੇ ਮਹੀਨੇ ਅਪਨੇ ਗਾਓਂ ਜਾ ਰਹੇ ਹਂੈ।”
“ਤੂੰ ਇੰਨੀ ਜਲਦੀ ਗਾਓਂ ਕੀ ਕਰਨ ਜਾਣਾ, ਮੰਜੂ?” ਉਸ ਹੈਰਾਨ ਹੋ ਕੇ ਪੁੱਛਿਆ।
“ਕੁੱਛ ਪੈਸੇ ਜੋੜੇ ਹੈਂ.. ਉੱਧਰ ਆਪਣਾ ਘਰ ਬਨਵਾਨਾ ਹੈ.. ਔਰ ਫਿਰ ਪੋਤੇ ਕੇ ਮੁੰਡਨ ਵੀ ਤੋ ਕਰਵਾਨੇ ਹੈਂ” ਉਸ ਨੇ ਜਵਾਬ ਦਿੱਤਾ।
“ਤੁਸੀ ਲੋਕਾਂ ਨੇ ਰਹਿਣਾ ਤਾਂ ਪੰਜਾਬ ਹੁੰਦਾ ਹੈ ਤੇ ਇੱਧਰ ਜੰਮੇ ਪਲੇ ਤੁਹਾਡੇ ਬੱਚਿਆਂ ਦਾ ਵੀ ਉੱਧਰ ਦਿਲ ਨਹੀਂ ਲਗਦਾ, ਫਿਰ ਘਰ ਉੱਧਰ ਕਿਸ ਲਈ ਬਣਾਉਂਦੇ ਹੋ..?” ਮੈਂ ਆਪਣੀ ਸਿਆਣਪ ਝਾੜੀ।
“ਇੱਧਰ ਤੋ ਕਾਮ ਕੇ ਲੀਏ ਆਏ ਹੈਂ ਬੀਵੀ ਜੀ.. ਉੱਧਰ ਅਪਨਾ ਗਾਓਂ ਹੈ.. ਰਿਸ਼ਤੇਦਾਰ ਹੈਂ.. ਫਿਰ ਬੱਚੋਂ ਕੇ ਸ਼ਾਦੀ ਵਿਆਹ ਵੀ ਤੋ ਉੱਧਰ ਹੀ ਕਰੇਂਗੇ ਨਾ!”
ਮੇਰਾ ਜਵਾਬ ਉਡੀਕੇ ਬਿਨਾ ਹੀ, ਮੇਰੇ ਵੱਲ ਵੇਖ ਫਿਰ ਕਹਿਣ ਲੱਗੀ- “ਆਪ ਲੋਗ ਵੀ ਤੋ ਇੱਧਰ ਆਕੇ ਅਪਨੇ ਘਰੋਂ ਕੋ ਬਨਾਤੇ ਸੰਵਾਰਤੇ ਹੀ ਹੋ ਨਾ..ਰਹਤੇ ਤੋ ਆਪ ਵੀ ਕਿਤਨਾ ਕੁ ਹੈਂ…?”
ਇਹ ਸੁਣ ਮੈਂ ਚੁੱਪ ਹੋ ਗਈ ਤੇ ਮਨ ਹੀ ਮਨ ਆਪਣੇ ਤੇ ਉਸਦੇ ਹਾਲਾਤ ਦੀ ਤੁਲਨਾ ਕਰਨ ਲੱਗੀ।
ਗੁਰਦੀਸ਼ ਕੌਰ ਗਰੇਵਾਲ
856
previous post