1K
ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਕ ਸ਼ਬਦ ਤੁਹਾਡੇ ਸਾਹਮਣੇ ਰੱਖਾਂ, ਜਿਸ ਵਿਚ ਸਾਹਿਬ ਕਹਿੰਦੇ ਨੇ, ਜੈਸੇ ਬੁਖਾਰ ਚੜ੍ਹੇ ਮਨੁੱਖ ਨੂੰ ਭੋਜਨ ਚੰਗਾ ਨਹੀਂ ਲਗਦਾ, ਤ੍ਰਿਸ਼ਨਾ ਗ੍ਰਸੇ ਮਨ ਨੂੰ ਭਜਨ ਚੰਗਾ ਨਹੀਂ ਲੱਗਦਾ। ਲੋਭ ਗ੍ਰਸੇ ਮਨ ਨੂੰ ਧਰਮ ਨਹੀਂ ਚੰਗਾ ਲੱਗਦਾ ਅਤੇ ਦੁਵਿਧਾ ਵਿਚ ਪਏ ਮਨ ਨੂੰ ਗੁਰਬਾਣੀ ਨਹੀਂ ਚੰਗੀ ਲੱਗੇਗੀ। ਸਾਹਿਬ ਨੇ ਇਕ ਸਰੋਵਰ ਵੇਖਿਆ, ਉਸ ਦੇ ਵਿਚ ਆਪ ਜੀ ਕੰਵਲ ਦੇ ਫੁੱਲ ਵੇਖਦੇ ਪਏ ਨੇ। ਸਤਿਗੁਰੂ ਜੀ ਬੈਠ ਗਏ ਨੇ ਤੇ ਕੀ ਦੇਖਦੇ ਹਨ, ਇਸ ਸਰੋਵਰ ਵਿਚ ਇਕ ਮੇਂਡਕ (ਡੱਡੂ) ਭੀ ਘੁੰਮ ਰਿਹਾ ਹੈ। ਉਹ ਲੱਭ ਰਿਹਾ ਹੈ ਸਰੋਵਰ ਵਿਚੋਂ ਕੁਛ ਗੰਦਗੀ, ਕੀੜੇ ਮਕੌੜੇ। ਥੋੜ੍ਹੀ ਦੇਰ ਵਿਚ ਸੂਰਜ ਚੜ੍ਹਿਆ ਹੈ, ਕੰਵਲ ਦੇ ਫੁੱਲ ਖਿੜੇ ਨੇ, ਭੌਰਿਆਂ ਦੀਆਂ ਡਾਰਾਂ ਦੀਆਂ ਡਾਰਾਂ ਆ ਗਈਆਂ। ਉਹ ਕੰਵਲ ਦੇ ਫੁੱਲ ‘ਤੇ ਬੈਠ ਗਏ। ਬਸ ਇਤਨਾ ਵੇਖਦੇ ਸਾਰ ਇਕ ਰੱਬੀ ਕਲਾਮ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਦਰੋਂ ਫੁੱਟੀ ਏ।
ਸਾਹਿਬ ਕਹਿੰਦੇ ਨੇ :–
“ਦਾਦਰ ਤੂ ਕਬਹਿ ਨ ਜਾਨਸਿ ਰੇ॥
ਭਖਸਿ ਸਿਬਾਲੁ ਬਸਸਿ ਨਿਰਮਲ, ਜਲ ਅੰਮ੍ਰਿਤੁ ਨ ਲਖਸਿ ਰੇ॥
ਅੈ ਮੇਂਡਕ! ਤੂੰ ਰਹਿੰਦਾ ਨਿਰਮਲ ਸਰੋਵਰ ਵਿਚ ਹੈਂ, ਉਸ ਸਰੋਵਰ ਵਿਚ ਜਿਥੇ ਕੰਵਲ ਦਾ ਫੁੱਲ ਹੈ ਤੇ ਤੂੰ ਉਸ ਨਿਰਮਲ ਜਲ ‘ਚ ਰਹਿ ਕੇ ਵੀ ਕੰਵਲ ਦੇ ਫੁੱਲ ਦੇ ਨੇੜੇ ਨਹੀਂ ਜਾਂਦਾ, ਤੇ ਤੂੰ ਉਥੋਂ ਗੰਦਗੀ ਲੱਭਦਾ ਪਿਆ ਹੈਂ, ਕੀੜੇ ਮਕੌੜੇ ਲੱਭ ਰਿਹਾ ਹੈਂ। ਤੂੰ ਉਥੋਂ ਕਾਈ ਲੱਭ ਕੇ ਖਾ ਰਿਹਾ ਹੈਂ।ਤੇਰਾ ਇਸ ਅੰਮ੍ਰਿਤ ਨਾਲ ਕੋਈ ਸੰਬੰਧ ਹੀ ਨਹੀਂ। ਫੁੱਲ ਦੇ ਕੋਲ ਰਹਿੰਦਾ ਹੋਇਆ ਵੀ ਤੂੰ ਫੁੱਲ ਦੀ ਸਾਰ ਨਾ ਜਾਣੀ, ਤੇ ਫੁੱਲਾਂ ਦੀ ਮਿਠਾਸ ਨੂੰ ਭੰਵਰੇ ਪਏ ਕੱਢਦੇ ਨੇ। ਹੱਦ ਹੋ ਗਈ, ਤੂੰ ਨਿਰਮਲ ਸਰੋਵਰ ਵਿਚੋਂ ਭੀ ਗੰਦਗੀ ਲੱਭ ਰਿਹਾ ਹੈਂ। ਹੁਣ ਇਥੇ ਪੁਛਿਆ ਜਾ ਸਕਦਾ ਹੈ,ਬਾਬਾ ਜੀ ਇਥੇ ਕੀ ਆਖਦੇ ਪਏ ਨੇ? ਧਾਰਮਿਕ ਮੰਦਰ ਇਕ ਨਿਰਮਲ ਸਰੋਵਰ ਹੁੰਦਾ ਹੈ। ਗੁਰੂ ਦਾ ਸ਼ਬਦ ਇਕ ਖਿੜਿਆ ਹੋਇਆ ਕੰਵਲ ਦਾ ਫੁੱਲ। ਪਰ ਜੈਸੇ ਸਰੋਵਰ ਵਿਚ ਕਾਈ ਹੁੰਦੀ ਏ, ਅਕਸਰ ਧਾਰਮਿਕ ਮੰਦਰਾਂ ਵਿਚ ਵੀ ਮਾਇਆ ਦੀ ਕਾਈ ਹੁੰਦੀ ਏ, ਜ਼ਰੂਰ ਹੁੰਦੀ ਹੈ। ਅਕਸਰ ਜਿਹੜੇ ਮੇਂਡਕ ਸਮਾਨ ਬਿਰਤੀ ਦੇ ਹੁੰਦੇ ਹਨ, ਬਾਬਾ ਨਾਨਕ ਦੇਵ ਜੀ ਕਹਿੰਦੇ ਨੇ ਉਹ ਗੁਰਦਵਾਰੇ ‘ਚ ਆ ਕੇ ਸ਼ਬਦ ਦਾ ਰਸ ਨਹੀਂ ਲੈਂਦੇ, ਜਿਹੜਾ ਖਿੜਿਆ ਹੋਇਆ ਕੰਵਲ ਹੈ ਉਸ ਦਾ ਰਸ ਨਹੀਂ ਲੈਂਦੇ, ਬਲਕਿ ਉਸ ਧਾਰਮਿਕ ਮੰਦਰ ਰੂਪੀ ਸਰੋਵਰ ਵਿਚ ਜਿਹੜੀ ਕਾਈ ਪਈ ਹੈ ਨਾ, ਉਹਦੇ ਵਿਚੋਂ ਕੀੜੇ ਮਕੌੜੇ ਲੱਭਦੇ ਪਏ ਨੇ।
ਇਹ ਸ਼ਬਦ ਤੁਹਾਡੇ ਸਾਹਮਣੇ ਮੈਂ ਇਸ ਵਾਸਤੇ ਰੱਖ ਰਿਹਾ ਹਾਂ, ਕਿ ਪਹਿਲੇ ਸਾਨੂੰ ਗੁਰਦਵਾਰੇ ਆਵਣ ਦਾ ਢੰਗ ਪਤਾ ਹੋਣਾ ਚਾਹੀਦਾ ਹੈ।ਕਿਸ ਵਾਸਤੇ ਆਏ ਹਾਂ? ਕਿਉਂ ਆਏ ਹਾਂ? ਇਹ ਕਿਉਂ ਬਣਾਏ ਨੇ? ਕਿਸ ਵਾਸਤੇ ਬਣਾਏ ਨੇ? ਇਹ ਠੀਕ ਹੈ ਜਿਤਨੀਆਂ ਜ਼ਿਆਦਾ ਟਕਸਾਲਾਂ ਹੋਵਣ ਚੰਗੀਆਂ ਹਨ, ਜਿਤਨੇ ਜ਼ਿਆਦਾ ਸਰੋਵਰ ਹੋਵਣ, ਬਹੁਤ ਅੱਛੇ ਨੇ। ਲੇਕਿਨ ਬਣਨਾ ਅਸੀਂ ਭੌਰੇ ਹੈ, ਮੇਂਡਕ ਨਹੀਂ। ਬੱਸ ਇੰਨੀ ਕੁ ਅਰਜ਼ ਹੈ।
ਗਿਅਾਨੀ ਸੰਤ ਸਿੰਘ ਜੀ ਮਸਕੀਨ