ਆਸਟਰੇਲੀਆ ਦੁਨੀਆ ਦਾ ਸਭ ਤੋ ਖੁਸ਼ਕ ਟਾਪੂ ਹੈ ਮਤਲਬ ਕਿ ਇੱਥੇ ਪਾਣੀ ਦੀ ਬਹੁਤ ਘਾਟ ਹੈ ਇਸੇ ਕਰਕੇ ਇੱਥੇ ਜ਼ਮੀਨੀ ਪਾਣੀ ਨੂੰ ਕੱਢਣ ਤੇ ਮਨਾਹੀ ਹੈ । ਕਿਸਾਨ ਆਪਣੀ ਫਸਲ ਨੂੰ ਪਾਣੀ ਜਾਂ ਤਾਂ ਨਹਿਰਾਂ ਦਾ ਲਾਉਂਦੇ ਹਨ ਜਿਸਦਾ ਉਹਨਾਂ ਨੂੰ ਮੁੱਲ ਤਾਰਨਾ ਪੈਂਦਾ ਹੈ ਜਾਂ ਫਿਰ ਆਪਣੇ ਖੇਤਾਂ ਵਿੱਚ ਆਪਣਾ ਡੈਮ ਬਣਾਉਂਦੇ ਹਨ ਜਿਸ ਵਿੱਚ ਮੀਂਹ ਦਾ ਪਾਣੀ ਇੱਕਠਾ ਹੁੰਦਾ ਹੈ ਅਤੇ ਉਸ ਡੈਮ ਵਿੱਚੋਂ ਭੇਡਾਂ ਗਾਵਾਂ ਅਤੇ ਫਸਲਾ ਨੂੰ ਪਾਣੀ ਮਿਲਦਾ ਹੈ । ਪੀਣ ਵਾਲਾ ਪਾਣੀ ਵੀ ਮੀਂਹ ਦਾ ਪਾਣੀ ਹੁੰਦਾ ਹੈ ਜੋ ਡੈਮ ਤੋ ਫ਼ਿਲਟਰ ਹੋਕੇ ਘਰਾਂ ਵਿੱਚ ਪਹੁੰਚਦਾ ਹੈ । ਜਿੰਨੀ ਟੈਕਨੋਲਜੀ ਗੋਰਿਆਂ ਕੋਲ ਹੈ ਇਹਨਾਂ ਨੇ ਤਾਂ ਥੱਲਿਉ ਰਹਿੰਦਾ ਖੂੰਦਾ ਪਾਣੀ ਵੀ ਕੱਢ ਲੈਣਾ ਸੀ ਪਰ ਨੀਤੀ ਘਾੜਿਆਂ ਨੇ ਇਸ ਉੱਤੇ ਲੀਕ ਹੀ ਮਾਰ ਦਿੱਤੀ ਕਿ ਆਉਣ ਵਾਲ਼ੀਆਂ ਨਸਲਾਂ ਦੇ ਵਾਤਾਵਰਣ ਲ਼ਈ ਧਰਤੀ ਹੇਠਲਾ ਪਾਣੀ ਕੱਢਣਾ ਘਾਤਕ ਸਿੱਧ ਹੋਵੇਗਾ । ਆਸਟਰੇਲੀਆ ਦੇ ਅੰਬ, ਕਣਕ, ਬੈਰੀਆਂ, ਅੰਗੂਰਾਂ ਦੀ ਬਣੀ ਵਾਈਨ, ਸੰਤਰੇ ਅਤੇ ਚੌਲ ਸਾਰੀ ਦੁਨੀਆ ਵਿੱਚ ਮਸ਼ਹੂਰ ਹਨ ਅਤੇ ਖੇਤੀ-ਬਾੜੀ ਦੇਸ਼ ਦਾ ਦੂਜਾ ਵੱਡਾ ਸੈਕਟਰ ਹੈ । ਹੋਣ ਨੂੰ ਸਭ ਕੁਝ ਹੋ ਸਕਦਾ ਹੈ ਪਰ ਸ਼ਰਤ ਇਹ ਹੈ ਕਿ ਤੁਹਾਡੇ ਤੇ ਰਾਜ ਕਰਨ ਵਾਲੇ ਸਮਝਦਾਰ ਅਤੇ ਇਮਾਨਦਾਰ ਹੋਣ ।
Unknown