1.2K
ਪਿੰਕੀ ਦਾ ਮਨ ਉਡੂ ਉਡੂ ਕਰ ਰਿਹਾ ਸੀ । ਉਹ ਰਾਣੀ ਕੇ ਘਰ ਨੂੰ ਭੱਜੀ ਜਾ ਰਹੀ ਸੀ । ਉਹ ਖੁਸ਼ ਹੁੰਦੀ ਆਪ ਮੁਹਾਰੇ ਬੋਲਦੀ ਜਾਂਦੀ ਸੀ, “ ਆਹ ਤਾਂ ਗੱਲ ਬਣ ਗਈ, ਆਹ ਤਾਂ ਗੱਲ ਬਣ ਗਈ।” ਉਹਨੇ ਭੱਜ ਕੇ ਰਾਣੀ ਦਾ ਦਰਵਾਜਾ ਖੋਲਿਆ ਤਾਂ ਰਾਣੀ ਦੀ ਦਾਦੀ ਨਾਲ ਉਹ ਟਕਰਾਂਉਦੀ ਟਕਰਾਂਉਦੀ ਬਚੀ । “ ਧਿਆਨ ਨਾਲ ਤੁਰ ਕਮਲੀਏ।” ਰਾਣੀ ਦੀ ਦਾਦੀ ਨੇ ਕਿਹਾ । ਪਿੰਕੀ ਚੜ੍ਹੇ ਸਾਹ ਨਾਲ ਬੋਲੀ, “ ਰਾਣੀ ਕਿੱਥੇ ਹੈ।” ਫੇਰ ਉਸਦਾ ਕੋਈ ਉੱਤਰ ਸੁਣੇ ਬਿਨਾਂ ਉਹ ਅੰਦਰ ਦੌੜ ਗਈ ।
ਪਿੰਕੀ ਅੱਜ ਬਹੁਤ ਖੁਸ਼ ਸੀ । ਉਸ ਦਾ ਬਾਲ ਮਨ ਪਿਛਲੇ ਕਈ ਮਹੀਨੀਆਂ ਤੋਂ ਅਜੀਬ ਕਸ਼ਮਕਸ਼ ਤੇ ਦੁੱਖ ਵਿੱਚ ਘਿਰਿਆ ਪਿਆ ਸੀ । ਉਸ ਨੂੰ ਚੰਗੀ ਤਰਾਂ ਯਾਦ ਹੈ ਕਿ ਇਕ ਦਿਨ ਜਦੋਂ ਸਕੂਲੋਂ ਮੁੜੀ ਤਾਂ ਉਸ ਨੂੰ ਪਸ਼ੂਆਂ ਵਾਲੀ ਖੁਰਲੀ ਕੋਲ ਮੈਂਅ-ਮੈਂਅ ਦੀ ਅਵਾਜ ਸੁਣਾਈ ਦਿੱਤੀ । ਉਸਦਾ ਧਿਆਨ ਬਦੋਬੱਦੀ ਉਸ ਪਾਸੇ ਵੱਲ ਚਲਾ ਗਿਆ । ਉਹ ਕੀ ਦੇਖਦੀ ਹੈ ਕਿ ਇਕ ਕਾਲਾ ਸ਼ਾਹ ਬੱਕਰਾ ਖੁਰਲੀ ਕੋਲ ਬੰਨਿਆ ਅਵਾਜਾਂ ਕੱਢ ਰਿਹਾ ਹੈ । ਉਹ ਭੱਜ ਕੇ ਉਹਦੇ ਕੋਲ ਚਲੀ ਗਈ । ਉਹ ਉਸਨੂੰ ਬੜਾ ਪਿਆਰਾ ਲੱਗਿਆ । ਪਹਿਲਾਂ ਤਾਂ ਉਸਨੂੰ ਡਰ ਲੱਗਿਆ ਫਿਰ ਉਸ ਨੇ ਹੱਥ ਲਾਇਆ ਤਾਂ ਬੱਕਰਾ ਬਿਲਕੁਲ ਨਾ ਡਰਿਆ ਤੇ ਨਾ ਹਿੱਲਿਆ । ਥੌੜੇ ਸਮੇ ਬਾਅਦ ਪਿੰਕੀ ਉਹਦੇ ਉੱਪਰ ਹੱਥ ਫੇਰ ਰਹੀ ਸੀ,ਦੋਵਾਂ ਦੀ ਦੋਸਤੀ ਹੋ ਗਈ ਸੀ । ਮੰਮੀ ਉਸ ਨੂੰ ਬੜੀ ਮੁਸ਼ਕਿਲ ਨਾਲ ਅੰਦਰ ਲੈ ਕੇ ਗਈ । ਪਿੰਕੀ ਨੂੰ ਘਰ ਵਿੱਚ ਖੇਡਣ ਵਾਲਾ ਨਵਾਂ ਸਾਥੀ ਮਿਲ ਗਿਆ ਸੀ । ਉਹ ਸਕੂਲੋਂ ਘਰ ਆਂਉਦੀ ਤਾਂ ਸਭ ਤੋਂ ਪਹਿਲਾਂ ਉਹ ਉਸ ਬੱਕਰੇ ਦੀ ਰੱਸੀ ਖੋਲਦੀ । ਉਸਨੇ ਉਸਦਾ ਨਾਮ ਭੋਲੂ ਰੱਖ ਲਿਆ ਸੀ । ਉਸਦੀ ਸਹੇਲੀ ਰਾਣੀ ਵੀ ਕਦੇ ਕਦੇ ਉਹਨਾਂ ਦੀ ਖੇਡ ਵਿੱਚ ਆ ਸ਼ਾਮਿਲ ਹੁੰਦੀ । ਕਦੇ ਉਹ ਭੋਲੂ ਦੀ ਸਵਾਰੀ ਕਰ ਰਹੀ ਹੁੰਦੀ ਕਦੇ ਭੋਲੂ ਉਹਨਾਂ ਦੇ ਢੁੱਡਾਂ ਮਾਰ ਰਿਹਾ ਹੁੰਦਾ । ਪਿੰਕੀ ਅੱਖ ਬਚਾ ਕੇ ਆਟੇ ਵਾਲੇ ਢੋਲ ਵਿੱਚੋ ਆਟੇ ਦੀ ਕੋਲੀ ਭੋਲੂ ਦੇ ਪੱਠਿਆਂ ਉੱਪਰ ਪਾ ਦਿੰਦੀ । ਕਾਲੇ ਸ਼ਾਹ ਭੋਲੂ ਦੇ ਵਾਲਾਂ ਦਾ ਰੰਗ ਹੋਰ ਚਮਕ ਉੱਠਿਆ ਸੀ ।
ਪਿੰਕੀ ਤੇ ਭੋਲੂ ਦੀ ਦੋਸਤੀ ਨੇ ਉਸਦੀ ਦਾਦੀ ਦਾ ਧਿਆਨ ਖਿੱਚਿਆ । ਪਿੰਕੀ ਦੇ ਪਾਪਾ ਤਾਂ ਪਹਿਲਾਂ ਵੀ ਉਸ ਵਲ ਬਹੁਤਾ ਧਿਆਨ ਨਹੀ ਦਿੰਦੇ ਸੀ । ਉਹ ਆਪਣੇ ਕੰਮ ਵਿੱਚ ਰੁੱਝੇ ਰਹਿੰਦੇ ਸੀ ਤੇ ਸ਼ਾਮੀ ਸ਼ਰਾਬ ਪੀਣ ਬੈਠ ਜਾਂਦੇ । ਮੰਮੀ ਘਰ ਦੇ ਕੰਮਾਂ ਵਿੱਚ ਉਲਝੀ ਰਹਿੰਦੀ । ਪਾਪਾ ਮੰਮੀ ਨਾਲ ਕਈ ਵਾਰ ਬਹੁਤ ਝਗੜਾ ਵੀ ਕਰਦੇ ਤੇ ਪਿੰਕੀ ਡਰ ਕੇ ਦਾਦੀ ਦੀ ਬੁੱਕਲ ਵਿੱਚ ਆ ਲੁੱਕਦੀ । ਇਹੋ ਜਿਹੇ ਮੌਕੇ ਤੇ ਪਾਪਾ ਨੇ ਉਸਨੂੰ ਵੀ ਕਈ ਵਾਰੀ ਦੇਖ ਕੇ ਕਹਿਆ ਸੀ ਵੀ ਇਹ ਪੱਥਰ ਮਾਰਿਆ ਮੇਰੇ ਸਿਰ ।
ਭੋਲੂ ਦੇ ਆਉਣ ਤੋਂ ਬਾਅਦ ਹੁਣ ਪਾਪਾ ਨੇ ਵੀ ਪੀਣੀ ਘੱਟ ਕਰ ਦਿੱਤੀ ਸੀ । ਹੁਣ ਤਾਂ ਕਦੇ ਕਦੇ ਉਹ ਪਿੰਕੀ ਨੂੰ ਵੀ ਆਪਣੀ ਗੋਦੀ ਬਿਠਾ ਕੇ ਪਿਆਰ ਕਰਦੇ ।ਮੇਰੀ ਧੀ ਵੀਰੇ ਨਾਲ ਖੇਡਿਆ ਕਰੂ ਉਹ ਕਈ ਵਾਰ ਲੋਰ ਵਿੱਚ ਆਏ ਆਖਦੇ । ਪਰ ਪਿੰਕੀ ਉਦੌਂ ਹੈਰਾਨ ਹੋ ਗਈ ਜਦੋਂ ਦਾਦੀ ਨੇ ਭੋਲੂ ਨਾਲ ਖੇਡਣ ਤੋਂ ਮਨਾਂ ਕਰ ਦਿੱਤਾ । ਪਿੰਕੀ ਬੜੀ ਹੈਰਾਨ ਪਰੇਸ਼ਾਨ ਸੀ ਵੀ ਦਾਦੀ ਨੇ ਉਸਨੂੰ ਕਿੳਂ ਰੋਕਿਆ । ਇਕ ਦਿਨ ਤਾਂ ਉਸਨੇ ਸਬਰ ਕੀਤਾ । ਪਰ ਅਗਲੇ ਦਿਨ ਉਹ ਭੋਲੂ ਨਾਲ ਫੇਰ ਖੇਡਣ ਲੱਗ ਪਈ । ਇਸ ਵਾਰ ਦਾਦੀ ਨੇ ਉਸਨੂੰ ਝਿੜਕਦੇ ਹੋਏ ਕਿਹਾ, “ਕੁੜੀਏ ਤੈਨੂੰ ਰੋਕਿਆ ਸੀ । ਤੂੰ ਹੱਟਦੀ ਕਿੳਂ ਨਹੀ।” ਪਿੰਕੀ ਇਕ ਵਾਰ ਤਾਂ ਡਰ ਗਈ ਪਰ ਫੇਰ ਹੋਸਲਾ ਕਰਕੇ ਬੋਲੀ, “ ਬੀ ਜੀ ਖੇਡ ਲੈਣ ਦਿਉ । ਭੋਲੂ ਵਿਚਾਰਾ ਵੀ ਮੇਰੇ ਵੱਲ ਹੀ ਝਾਕਦਾ ਰਹਿੰਦਾ ਹੈ।” ਦਾਦੀ ਦਾ ਰੁੱਖ ਸਖਤ ਹੋ ਗਿਆ ਸੀ । “ਇਕ ਵਾਰ ਕਹਿਤਾ ਨਹੀ ਤਾਂ ਬੱਸ ਨਹੀ ਚੱਲ ਇੱਥੌਂ।” ਦਾਦੀ ਕੜਕੀ । ਪਿੰਕੀ ਦਾ ਰੋਣ ਨਿਕਲ ਗਿਆ । ਦਾਦੀ ਉਸਨੂੰ ਬਾਂਹ ਤੋਂ ਫੜ ਕੇ ਲੈ ਗਈ । ਪਿੰਕੀ ਉਸ ਸ਼ਾਮ ਰੋਂਦੀ ਰਹੀ । ਰਾਤ ਨੂੰ ਦਾਦੀ ਨੇ ਉਸਨੂੰ ਨਾਲ ਪਾ ਲਿਆ । ਉਹ ਦਾਦੀ ਨਾਲ ਰੁੱਸੀ ਰਹੀ । ਤਾਂ ਦਾਦੀ ਨੇ ਕਿਹਾ, “ ਝੱਲੀਏ ਕੁੜੀਏ ਦਾਦੀ ਨਾਲ ਵੀ ਕਦੇ ਰੁੱਸੀਦਾ।” ਤਾਂ ਪਿੰਕੀ ਨੇ ਕਿਹਾ, “ ਦਾਦੀ ਤੁਸੀ ਬਹੁਤ ਗੰਦੇ ਹੋ ਮੈਨੂੰ ਭੋਲੂ ਨਾਲ ਨਹੀ ਖੇਡਣ ਦਿੰਦੇ।” ਦਾਦੀ ਨੇ ਲੰਬਾ ਹੋਂਕਾ ਲਿਆ ਤੇ ਨਾਲ ਹੀ ਕਿਹਾ, “ ਪੁੱਤ ਭੋਲੂ ਤਾਂ ਡੇਰੇ ਵਾਲੇ ਬਾਬਾ ਜੀ ਦੀ ਅਮਾਨਤ ਹੈ। ਆਪਣੇ ਕੋਲ ਤਾਂ ਕੁਝ ਦਿਨ ਮਹਿਮਾਨ ਹੈ।” ਪਿੰਕੀ ਹੈਰਾਨ ਹੋ ਗਈ । ਇਹ ਤਾਂ ਨਵੀ ਗੱਲ ਸੀ । ਦਾਦੀ ਭੋਲੂ ਨੂੰ ਆਪਾਂ ਡੇਰੇ ਛੱਡ ਆਵਾਂਗੇ?” “ ਹਾਂ ਪੁੱਤ ਤੇਰੇ ਪਾਪਾ ਨੇ ਸੁੱਖਿਆ ਹੋਇਆ ਵੀ ਜਦੋਂ ਤੇਰੇ ਵੀਰਾ ਆਊਗਾ ਤਾਂ ਆਪਾਂ ਇਸ ਨੂੰ ਪ੍ਰਸਾਦ ਵਾਸਤੇ ਉੱਥੇ ਛੱਡ ਆਵਾਂਗੇ।”
ਪਿੰਕੀ ਲਈ ਇਹ ਅਚੰਭੇ ਵਾਲੀ ਗੱਲ ਸੀ । ਉਸਨੂੰ ਯਾਦ ਆਇਆ ਵੀ ਕਈ ਮਹੀਨੇ ਪਹਿਲਾਂ ਉਹ ਸਾਰੇ ਬਾਬੇ ਦੇ ਡੇਰੇ ਗਏ ਸੀ । ਉੱਥੇ ਲੋਕ ਲਾਈਨ ਵਿੱਚ ਲੱਗੇ ਬਾਬੇ ਤੋਂ ਪ੍ਰਸਾਦ ਲਈ ਜਾਂਦੇ ਸੀ । ਬਾਬੇ ਨੇ ਇਕ ਸੇਬ ਤੇ ਕੁਝ ਪਤਾਸੇ ਉਹਦੀ ਮਾਂ ਦੀ ਝੌਲੀ ਪਾਏ ਸੀ ।ਉਸ ਦਿਨ ਪਾਪਾ ਬਹੁਤ ਖੁਸ਼ ਸੀ ਤੇ ਨਾਲ ਹੀ ਕਿਹਾ ਸੀ, “ ਲੈ ਵੀ ਪੁੱਤਰਾ ਤੇਰਾ ਵੀਰਾ ਆਉਣਾ ਤੇਰੇ ਨਾਲ ਖੇਡਣ ਲਈ।” ਪਿੰਕੀ ਨੇ ਦਾਦੀ ਨੂੰ ਪੁੱਛਿਆ , “ ਬੇ ਜੀ ਉਹ ਭੋਲੂ ਦਾ ਕੀ ਕਰਨਗੇ?” ਦਾਦੀ ਇਕ ਵਾਰ ਤਾਂ ਚੁੱਪ ਕਰ ਗਈ । ਜਦੋਂ ਦੁਬਾਰਾ ਪਿੰਕੀ ਨੇ ਜੋਰ ਦਿੱਤਾ ਤਾਂ ਉਸਨੇ ਦੱਸਿਆ ਕਿ ਭੋਲੂ ਨੂੰ ਪਕਾ ਕੇ ਉਸਦਾ ਪ੍ਰਸਾਦ ਸੰਗਤਾਂ ਵਿੱਚ ਵੰਡਿਆ ਜਾਊ । ਕਿੳਂਕਿ ਬਾਬਾ ਜੀ ਦੇ ਫਲ ਨਾਲ ਸ਼ਰਤੀਆ ਮੁੰਡਾ ਹੁੰਦਾ । ਪਿੰਕੀ ਦਾ ਤਰਾਹ ਨਿਕਲ ਗਿਆ । ਉਹ ਭੋਲੂ ਨੂੰ ਮਾਰ ਦੇਣਗੇ । ਉਸ ਰਾਤ ਪਿੰਕੀ ਦੀ ਨੀਂਦ ਕਈ ਵਾਰ ਖੁੱਲੀ । ਹਰ ਵਾਰੀ ਉਹ ਦਾਦੀ ਨਾਲ ਡਰ ਕੇ ਚਿੰਬੜ ਜਾਂਦੀ ।
ਹੁਣ ਉਸ ਨੇ ਧਿਆਨ ਦਿੱਤਾ ਵੀ ਪਾਪਾ ਜੀ ਹਰ ਰੋਜ ਸਵੇਰੇ ਬਾਬੇ ਦੀ ਤਸਵੀਰ ਸਾਹਮਣੇ ਅਗਰਬੱਤੀ ਜਲਾ ਕੇ ਅਰਦਾਸ ਕਰਦੇ ਹਨ । ਇਸ ਤੋਂ ਬਾਅਦ ਪਿੰਕੀ ਦਾਦੀ ਤੋਂ ਅੱਖ ਬਚਾ ਕੇ ਭੋਲੂ ਨਾਲ ਥੌੜਾ ਬਹੁਤ ਖੇਡ ਲੈਂਦੀ । ਹੁਣ ਤਾਂ ਸਗੋਂ ਉਹ ਉਸਨੂੰ ਦੇਖ ਕੇ ਉਦਾਸ ਹੋ ਜਾਂਦੀ । ਉਸਦੀਆਂ ਮੋਟੀਆਂ ਮੋਟੀਆਂ ਅੱਖਾਂ ਦੇਖ ਉਸਨੂੰ ਬੜਾ ਤਰਸ ਆਂਉਦਾ । ਉਸਨੇ ਆਪਣੀ ਇਹ ਸਮੱਸਿਆ ਆਪਣੀ ਸਹੇਲੀ ਰਾਣੀ ਨਾਲ ਸਾਂਝੀ ਕੀਤੀ ਤਾਂ ਉਹ ਵੀ ਸੋਚਾਂ ਵਿੱਚ ਡੁੱਬ ਗਈ । ਦੋਵੇਂ ਜਦੋਂ ਮਿਲਦੀਆਂ ਤਾਂ ਭੋਲੂ ਨੂੰ ਬਚਾਉਣ ਲਈ ਕੋਈ ਨਾ ਕੋਈ ਤਰਕੀਬ ਸੋਚਦੀਆਂ ਰਹਿੰਦੀਆਂ ।
ਇਕ ਦਿਨ ਰਾਣੀ ਨੇ ਆਪਣੀ ਮੰਮੀ ਨਾਲ ਗੱਲ ਸਾਂਝੀ ਕੀਤੀ ਤਾਂ ਉਹ ਉਸਨੂੰ ਭੱਜ ਕੇ ਪਈ ਕਿਉਂ ਪੁੱਠੇ ਪਾਸੇ ਧਿਆਨ ਕੀਤਾ । ਪੜਾਈ ਵੱਲ ਧਿਆਨ ਦੇ , ਹਾਲੇ ਤੀਜੀ ਜਮਾਤ ਵਿੱਚ ਹੈ ,ਇਹ ਤੇਰੇ ਵਸੋਂ ਬਾਹਰੀ ਗੱਲ ਹੈ ,ਇਹ ਸਾਰੀਆਂ ਗੱਲਾਂ ਰੱਬ ਤੇ ਛੱਡ ਦੇ।” ਰਾਣੀ ਨੂੰ ਇਕ ਦਮ ਗੱਲ ਸੁੱਝੀ ਉਸ ਨੇ ਪੁੱਛਿਆ, “ ਮੰਮੀ ਰੱਬ ਬਾਬੇ ਨਾਲੋਂ ਵੱਡਾ ਹੁੰਦਾ?” ਮੰਮੀ ਨੇ ਕਿਹਾ, “ ਹਾਂ ਪੁੱਤ ਰੱਬ ਤਾਂ ਸਭ ਤੋਂ ਵੱਡਾ ਹੁੰਦਾ।” ਰਾਣੀ ਚੁੱਪ ਕਰ ਗਈ । ਥੌੜੇ ਸਮੇਂ ਬਾਅਦ ਰਾਣੀ ਪਿੰਕੀ ਕੋਲ ਪਹੁੰਚ ਗਈ । ਉਸਨੇ ਪਿੰਕੀ ਨੂੰ ਦੱਸ ਦਿੱਤਾ ਸੀ ਕਿ ਰੱਬ ਬਾਬੇ ਤੋਂ ਵੱਡਾ । ਆਪਾਂ ਰੱਬ ਕੋਲ ਅਰਦਾਸ ਕਰਾਂ ਗਈਆਂ ਕਿ ਉਹ ਭੋਲੂ ਨੂੰ ਬਚਾ ਲਵੇ ਤੇ ਉਸ ਤੋਂ ਬਾਅਦ ਉਹਨਾਂ ਦੋਵਾਂ ਨੇ ਰੱਬ ਕੋਲ ਅਰਦਾਸ ਕੀਤੀ । ਅਗਲੇ ਦਿਨ ਜਦੋਂ ਪਾਪਾ ਜੀ ਨੇ ਬਾਬੇ ਦੀ ਤਸਵੀਰ ਅਗੇ ਅਰਦਾਸ ਕੀਤੀ ਤਾਂ ਪਿੰਕੀ ਨੇ ਵੀ ਭੋਲੂ ਲਈ ਰੱਬ ਅੱਗੇ ਅਰਦਾਸ ਕਰ ਦਿੱਤੀ। ਮੰਮੀ ਦੇ ਵਧੇ ਹੋਏ ਪੇਟ ਵੱਲ ਵੀ ਉਸਦਾ ਧਿਆਨ ਜਾਂਦਾ ਸੀ । ਉਸਨੂੰ ਧਿਆਨ ਆਇਆ ਵੀ ਇਸ ਤੋਂ ਪਹਿਲਾਂ ਵੀ ਮੰਮੀ ਕਈ ਵਾਰੀ ਮੋਟੀ ਹੋ ਜਾਂਦੀ ਸੀ ਤਾਂ ਪਾਪਾ ਉਸਨੂੰ ਹਸਪਤਾਲ ਲੈ ਜਾਂਦੇ ਸੀ ਤੇ ਉਹ ਕੰਬਦੀ ਡਿੱਗਦੀ ਪੀਲੀ ਹੋਈ ਮੁੜਦੀ ਸੀ ਤੇ ਉਸਨੂੰ ਕਲਾਵੇ ਵਿੱਚ ਲੈ ਕੇ ਰੋਣ ਲੱਗਦੀ ਸੀ । ਪਰ ਇਸ ਵਾਰੀ ਉਹ ਮੋਟੀ ਹੋਰ ਮੋਟੀ ਹੋਈ ਜਾ ਰਹੀਸੀ । ਲਗਦਾ ਬਾਬਾ ਜੀ ਕਰਕੇ ਪਾਪਾ ਉਸਨੂੰ ਹਸਪਤਾਲ ਨਹੀ ਲੈ ਕੇ ਗਏ ਸੀ । ਹੁਣ ਹਰ ਰੋਜ ਘਰ ਵਿੱਚ ਦੋ ਅਰਦਾਸਾਂ ਹੁੰਦੀਆਂ ਸਨ । ਪਾਪਾ ਵੱਲੌਂ ਵੀਰੇ ਲਈ ਤੇ ਉਸ ਵੱਲੋਂ ਭੋਲੂ ਲਈ । ਰਾਣੀ ਨੇ ਜਦੋਂ ਅਰਦਾਸ ਵਾਲੀ ਗੱਲ ਆਪਣੀ ਮੰਮੀ ਨੂੰ ਦੱਸੀ ਤਾਂ ਉਸਨੇ ਹਾਉਕਿਆਂ ਤੇ ਨਾਲ ਹੀ ਮਨ ਵਿੱਚ ਚਿਤਵੀਆਂ ਕਿ ਪਿੰਕੀ ਦੀ ਅਰਦਾਸ ਮੰਨਜੂਰ ਵੀ ਹੋ ਗਈ ਤਾਂ ਭੋਲੂ ਕਿਸੇ ਕਸਾਈ ਕੋਲ ਜਾਊ ਕਿੳਂਕਿ ਬੱਕਰੇ ਦੀ ਮਾਂ ਕਿੰਨੇ ਕੁ ਦਿਨ ਖੈਰ ਮਨਾਊ” ਕਹਾਵਤ ਐਵੇਂ ਨੀ ਬਣੀ । ਪਰ ਉਹ ਬੱਚੀਆਂ ਨੂੰ ਇਹ ਦੱਸ ਕੁ ਦੁਖੀ ਨਹੀ ਕਰਨਾ ਚਾਹੁੰਦੀ ਸੀ ।
ਪਿੰਕੀ ਇਕ ਦਿਨ ਜਦੋਂ ਸਕੂਲ ਗਈ ਤਾਂ ਵਾਪਿਸ ਆ ਕੇ ਦੇਖਿਆ ਮੰਮੀ ਪਾਪਾ ਘਰ ਨਹੀ ਸੀ । ਉਸਨੇ ਦਾਦੀ ਨੂੰ ਪੁੱਛਿਆ ਤਾਂ ਉੁਸਨੇ ਦੱਸਿਆ ਵੀ ਉਹ ਉਸ ਲਈ ਵੀਰਾ ਲੇਣ ਲਈ ਹਸਪਤਾਲ ਗਏ ਹਨ । ਅਗਲੇ ਦਿਨ ਦਾਦੀ ਉਸਨੂੰ ਸਕੂਲ ਛੱਡ ਕੇ ਹਸਪਤਾਲ ਚਲੀ ਗਈ । ਜਦੋਂ ਉਹ ਘਰ ਵਾਪਿਸ ਆਈ ਤਾਂ ਸਾਰੇ ਘਰ ਸਨ । ਮੰਮੀ ਦਾ ਨਾਲ ਇਕ ਛੋਟਾ ਜਿਹਾ ਬੱਚਾ ਪਿਆ ਪਰ ਉਹ ਰੋ ਰਹੀ ਸੀ । ਪਾਪਾ ਜੀ ਸਾਹਮਣੇ ਕਮਰੇ ਵਿੱਚ ਬੈਠੇ ਸਰਾਬ ਪੀਈ ਜਾਂਦੇ ਸੀ । ਦਾਦੀ ਬਾਹਰ ਮੰਜੇ ਤੇ ਸਿਰ ਫੜੀ ਬੈਠੀ ਸੀ । ਪਿੰਕੀ ਨੇ ਦੇਖਿਆ ਕੋਈ ਨਹੀ ਬੋਲ ਰਿਹਾ । ੳੇਹ ਅੰਦਰ ਕਾਕੇ ਨੂੰ ਦੇਖ ਆਈ ਸੀ ਉਹ ਭੱਜ ਕੇ ਖੁਰਲੀ ਕੋਲ ਭੋਲੂ ਨੂੰ ਦੇਖਣ ਗਈ । ਉਹ ਅਰਾਮ ਨਾਲ ਆਪਣੇ ਬੱਠਲ ਵਿੱਚ ਪੱਠੇ ਖਾਈ ਜਾਂਦਾ ਸੀ । ਉਹ ਪਿੰਕੀ ਨੂੰ ਦੇਖ ਕੇ ਮਿਆਕਿਆ,ਉਸ ਨੇ ਪਿਆਰ ਨਾਲ ਉਸਦੇ ਸਿਰ ਤੇ ਹੱਥ ਫੇਰਿਆ।ਪਰ ਉਸ ਦਾ ਬਾਲ ਮਨ ਭੋਲੂ ਲਈ ਬਹੁਤ ਫ਼ਿਕਰਮੰਦ ਸੀ । ਪਿੰਕੀ ਫੇਰ ਦਾਦੀ ਕੋਲ ਗਈ ਤੇ ਬੋਲੀ, “ ਬੇ ਜੀ ਵੀਰਾ ਆ ਗਿਆ ਹੁਣ ਪਾਪਾ ਭੋਲੂ ਨੂੰ ਡੇਰੇ ਚੜ੍ਹਾ ਆਉਣਗੇ।” ਬੇ ਜੀ ਨੇ ਸਿਰ ਉੱਪਰ ਚੁੱਕਿਆ, “ ਤੈਨੂੰ ਇਸ ਔਤਰੇ ਦੀ ਪਈ ਐ ਉਧਰ ਰੱਬ ਨੇ ਇਕ ਹੋਰ ਪੱਥਰ ਮੇਰੇ ਪੁੱਤ ਦੇ ਮੱਥੇ ਤੇ ਮਾਰਿਆ।” ਫਿਰ ਉਹਨਾਂ ਜਿਵੇਂ ਆਪਣੇ ਆਪ ਨਾਲ ਗੱਲ ਕੀਤੀ ਤੇ ਰੋਂਦੇ ਲਹਿਜੇ ਵਿੱਚ ਸ਼ਿਕਵਾ ਕੀਤਾ, “ ਮੈਂ ਤਾਂ ਬਥੇਰਾ ਪਿੱਟੀ ਵੀ ਪਹਿਲਾਂ ਵਾਂਗ ਟੈਸਟ ਕਰਾ ਲਾ ਪਰ ਉਸ ਬੂਥਨੇ ਦੇ ਬਚਨਾਂ ਤੇ ਪੱਕਾ ਰਿਹਾ। ਹਾਏ ਵੇ ਮੇਰਿਆ ਪੁੱਤਾ ਕਿਵੇ ਚੁੱਕੇਗਾ ਇੰਨਾਂ ਭਾਰ।” ਪਿੰਕੀ ਡੋਰ ਭੋਰ ਖੜੀ ਰਹੀ । ਉਸਦੇ ਹਾਲੇ ਵੀ ਗੱਲ ਸਮਝ ਨਹੀ ਲੱਗੀ ਸੀ । ਉਹ ਭੱਜ ਕੇ ਮੰਮੀ ਕੋਲ ਅੰਦਰ ਗਈ, “ ਮੰਮੀ ਵੀਰਾ ਆ ਗਿਆ।” ਤਾਂ ਮੰਮੀ ਨੇ ਮਰੀਆ ਜਿਹੇ ਬੋਲ ਕੱਢੇ , “ ਨਹੀ ਪੁੱਤ ਭੈਣ ਆਈ ਹੈ।” ਪਿੰਕੀ ਨੇ ਗੁਲਾਬੀ ਗੁਲਾਬੀ ਆਪਣੀ ਛੋਟੀ ਭੈਣ ਨੂੰ ਦੇਖਿਆ, “ ਤਾਂ ਮੰਮੀ ਹੁਣ ਭੋਲੂ ਨੂੰ ਪਾਪਾ ਡੇਰੇ ਛੱਡ ਆਉਣਗੇ।” ਮੰਮੀ ਨੇ ਨਾਹ ਵਿੱਚ ਸਿਰ ਹਿਲਾਇਆ, “ ਨਹੀ ਪੁੱਤ, ਤੇਰੇ ਭੋਲੂ ਦਾ ਪਤਾ ਨਹੀ ਕਦੋਂ ਤੱਕ ਬਚੂ ਪਰ ਉਸ ਕਰਮਾਂ ਵਾਲੇ ਨੇ ਇੱਕ ਜਿੰਦ ਜਰੂਰ ਬਚਾ ਦਿੱਤੀ ਹੈ। ਜਿੱਥੇ ਇਨਸਾਨ ਆਪਣੇ ਬੱਚੇ ਨੂੰ ਕਤਲ ਕਰਨ ਤੋਂ ਨਹੀ ਹੱਟਦਾ ਉੱਥੇ ਤੇਰਾ ਭੋਲੂ ਜਾਨਵਰ ਹੋ ਕੇ ਵੀ ਇਕ ਬੱਚੀ ਦੀ ਜਾਨ ਬਚਾਉਣ ਵਾਲਾ ਹੋ ਨਿਬੜਿਆ, ਲਗਦਾ ਜਾਨਵਰ ਤੇ ਇਨਸਾਨ ਦਾ ਜਾਮਾ ਬਦਲ ਗਿਆ।” ਇੰਨੇ ਕਹਿੰਦੇ ਉਸ ਦੇ ਮੰਮੀ ਨੇ ਨਾਲ ਪਈ ਉਸਦੀ ਭੈਣ ਨੂੰ ਸੀਨੇ ਨਾਲ ਲਾ ਲਿਆ । ਮੰਮੀ ਦੀ ਗੱਲ ਭਾਵੇਂ ਉਸ ਨੂੰ ਬਹੁਤੀ ਸਮਝ ਤਾਂ ਨਹੀ ਆਈ ਪਰ ਉਹ ਸਮਝ ਗਈ ਭੋਲੂ ਬੱਚ ਗਿਆ।ਉਸੇ ਸਮੇਂ ਰਾਣੀ ਵੱਲ ਭੱਜ ੳੇੁੱਠੀ । ਉਹਨੇ ਰਾਣੀ ਨੂੰ ਕੋਠੇ ਤੇ ਜਾ ਲੱਭਿਆ ਤੇ ਜੱਫੀ ਪਾਂਉਦੇ ਕਿਹਾ, “ ਰਾਣੀ ਭੋਲੂ ਬੱਚ ਗਿਆ ਰੱਬ ਜੀ ਨੇ ਆਪਣੀ ਅਰਦਾਸ ਸੁਣ ਲਈ।”
-;;- ਭੁਪਿੰਦਰ ਸਿੰਘ ਮਾਨ