ਕਹਿੰਦੇ ਨੇ ਕਿ ਇਸ਼ਕ ਅੰਨਾ ਹੁੰਦਾ ਏ ਇਹ ਅਮੀਰ ਗਰੀਬ ਜਾਤ ਪਾਤ ਕੁਝ ਨਹੀਂ ਵੇਖਦਾ, ਜਿਸਨੂੰ ਹੋ ਜਾਂਦਾ ਕੋਈ ਕੱਚੇ ਘੜਿਆਂ ਤੇ ਤਰਨ ਲਗ ਪੈਂਦਾ ਕੋਈ ਰੇਗਿਸਥਾਨ ਵਿੱਚ ਰੇਤ ਵਿੱਚ ਭਟਕ ਭਟਕ ਮਰ ਜਾਂਦਾ…. ਕੋਈ ਅਣਖ ਦਾ ਨਾਮ ਦੇ ਇਸਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਕੋਈ ਘਰ ਬਾਰ ਛੱਡ ਜਾਂਦਾ ਤੇ ਬਹੁਤ ਕੁਝ…..
ਇਸ਼ਕ ਦੀ ਇੱਕ ਸੱਚੀ ਕਹਾਣੀ ਨੂੰ ਜਿਵੇਂ ਸੁਣਿਆ ਤਿਵੇਂ ਲਿਖ ਰਿਹਾ ਹਾਂ ….
ਕਹਾਣੀ ਇਸ ਤਰ੍ਹਾਂ ਹੈ ਕਿ ਦੁਆਬੇ ਵਿੱਚ ਕਿਸੇ ਵਿਆਹ ਤੇ ਅੰਮ੍ਰਿਤਸਰ ਲਾਗੇ ਦੇ ਕਿਸੇ ਬਹੁਤ ਹੀ ਅਮੀਰ ਤੇ ਸਿਆਸੀ ਘਰਾਨੇ ਦੀ ਪੜ੍ਹੀ ਲਿਖੀ ਸੁੰਦਰ ਲੜ੍ਕੀ ਵਿਆਹ ਤੇ ਜਾਂਦੀ ਹੈ ਉੱਥੇ ਉਹ ਕਿਸੇ ਲੇਬਰ/ਡਰਾਈਵਰੀ ਕਰਨ ਵਾਲੇ ਮੁੰਡੇ ਨੂੰ ਆਪਣਾ ਦਿਲ ਦੇ ਬੈਠਦੀ ਹੈ ਤੇ ਫਿਰ ਗੱਲਬਾਤ ਦਾ ਸਿਲਸਲਾ ਜਾਰੀ ਰਹਿੰਦਾ ਮੋਬਾਇਲ ਦਾ ਜਮਾਨਾ ਹੈ…. ਦੋਨੋਂ ਪ੍ਰੇਮ ਵਿਆਹ ਦੀ ਸੋਚਦੇ ਨੇ ਪਰ ਲੜਕਾ ਤੇ ਬਹੁਤ ਗਰੀਬ ਸੀ, ਕੁੜੀ ਦੇ ਪਰਿਵਾਰ ਤੱਕ ਗੱਲ ਪਹੁੰਚਦੀ ਹੈ ਉਹ ਉਹਨਾਂ ਦਾ ਕਤਲ ਕਰਨ ਦੀ ਸ਼ਾਇਦ ਸੋਚਦੇ ਨੇ ਪਰ ਸਿਆਸੀ ਪਰਿਵਾਰ ਹੋਣ ਕਰਕੇ ਲੜਕੀ ਦਾ ਦਾਦਾ ਆਪਣੇ ਪੁੱਤਰ ਤੇ ਲੜਕੀ ਦੇ ਬਾਪ ਨੂੰ ਸਮਝਾਉਂਦਾ ਇਹ ਪਾਪ ਨਹੀਂ ਕਰਨਾ ਨਾਲੇ ਤੁਸੀ ਸਾਰੀ ਉਮਰ ਲਈ ਬੱਝ ਜਾਉਗੇ…. ਸਿਆਣੇ ਕਹਿੰਦੇ ਆ ਨਾ ਸੱਪ ਵੀ ਮਰ ਜਾਵੇ ਤੇ ਲਾਠੀ ਵੀ ਨਾ ਟੁੱਟੇ…. ਜ਼ੇ ਕੁੜੀ ਮੁੰਡੇ ਨੂੰ ਕੁਝ ਹੋ ਜਾਂਦਾ ਉਹ ਤੇ ਮਰ ਗਏ ਪਰ ਤੁਸੀ ਬੱਝ ਜਾਵੋਗੇ ਤੇ ਸਜਾ ਤੇ ਤੁਸੀ ਭੁਗਤੋਗੇ ਨਾ ਉਹਨਾਂ ਨੂੰ ਥੋੜ੍ਹੇ ਮਿਲਨੀ ਏ, ਇਸ ਲਈ ਮੈਂ ਜਿਵੇਂ ਕਹਿੰਦਾ ਹਾਂ ਉਵੇਂ ਕਰੋ….
ਵਿਆਹ ਹੋਣ ਦਿਉ ਪਰ ਲੜਕੀ ਨੇ ਤੁਹਾਡੀ ਬਦਨਾਮੀ ਕਰਵਾਈ ਏ ਤੁਸੀ ਵਿਆਹ ਤੋਂ ਬਾਅਦ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਮੇਲ ਜੋਲ ਬੰਦ ਕਰ ਦਿਉ ਸਾਰੀ ਉਮਰ ਲਈ …. ਤੁਹਾਡੀ ਵੀ ਰਹਿ ਆ ਜਾਵੇਗੀ ਤੇ ਕੁੜੀ ਵੀ ਸਾਰੀ ਉਮਰ ਪਛਤਾਵੇਗੀ….
ਲੜਕੀ ਦਾ ਬਾਪ ਮੰਨ ਗਿਆ ਤੇ ਸਾਰਾ ਪਰਿਵਾਰ ਸਹਿਮਤ ਹੋ ਗਿਆ…
: ਚਲੋ ਜੀ ਵਿਆਹ ਮੁਕੱਰਰ ਹੋ ਗਿਆ ਵਿਆਹ ਵਾਲਾ ਮੁੰਡਾ ਤੇ ਮਾਰੇ ਛਾਲਾਂ ਕਿ ਇਹੋ ਜਿਹਾ ਰਿਸ਼ਤਾ ਤੇ ਸੁਪਨਿਆਂ ਵਿੱਚ ਵੀ ਨਹੀਂ ਮਿਲਦਾ ਪਤਾ ਨਹੀਂ ਕਿਵੇਂ ਜਾਲ ਵਿੱਚ ਫਸ ਗਈ ਬਹੁਤ ਹੀ ਖੁਸ਼ ਕਿ ਦਾਜ ਵੀ ਮੋਟਾ ਮਿਲੇਗਾ….. ਗਰੀਬੀ ਕੱਟੀ ਜਾਵੇਗੀ… ਕੁੜੀ ਵਿਚਾਰੀ ਭੋਲੀ ਫਸ ਗਈ ਉਸਨੂੰ ਕੀ ਪਤਾ ਕਿ ਮੁੰਡੇ ਦਾ ਧਿਆਨ ਤੇ ਉਸਦੀ ਦੌਲਤ ਤੇ ਹੈ…..
ਕੁੜੀ ਵਾਲਿਆਂ ਨੇ ਵਿਆਹ ਦੀ ਇੱਕ ਸ਼ਰਤ ਰੱਖੀ ਕਿ ਘੱਟੋ ਘੱਟ ਡੇਢ ਸੌ ਬੰਦਾ ਬਾਰਾਤੇ ਆਉਂਣਾ ਚਾਹੀਦਾ ਏ…. ਮੁੰਡੇ ਵਾਲੇ ਮੰਨ ਗਏ, ਹੁਣ ਡੇਢ ਸੌ ਬੰਦੇ ਲਈ ਕਾਰਾਂ ਤੇ ਬੱਸ ਲਈ ਤੇ ਉਹਨਾਂ ਕੋਲ ਪੈਸੇ ਨਹੀਂ ਸਨ ਪਰ ਇਹ ਸੋਚ ਕੇ ਕਿ ਲੜਕੀ ਵਾਲੇ ਅਮੀਰ ਨੇ ਮੋਟਾ ਸ਼ਗਨ ਤੇ ਆਵੇਗਾ ਹੀ ਕੋਈ ਨਾ ਉਸ ਵਿਚੋਂ ਦੇ ਦੇਵਾਂਗੇ ਬਾਕੀ ਸਾਡਾ ਹੋਰ ਕਿਹੜਾ ਕੋਈ ਖਾਸ ਖਰਚਾ ਹੋਣਾ ਏ…. ਉਹ ਮੰਨ ਗਏ….
ਹੁਣ ਵਿਆਹ ਦਾ ਦਿਨ ਆ ਗਿਆ ਤਾਂ ਲੜਕੇ ਦੇ ਪਰਿਵਾਰ ਕੋਲ ਤੇ ਇਕ ਕਾਰ ਦੇ ਪੈਸੇ ਨਹੀਂ ਸਨ ਉਹਨਾਂ ਮੰਗ ਤੰਗ ਕੇ ਅਤੇ ਕੁਝ ਉਧਾਰ ਪੈਸੇ ਕਰਕੇ ਕੁਝ ਕਾਰਾਂ ਤੇ ਇਕ ਬੱਸ ਵਿਆਹ ਲਈ ਕੀਤੀ, ਜੋ ਡੋਲੀ ਵਾਲੀ ਕਾਰ ਸੀ ਉਸਨੂੰ ਵੀ ਕਿਹਾ ਕਿ ਵੇਖ ਸ਼ਗਨ ਵਾਧੂ ਹੋਣਾ ਏ ਮੈਂ ਪੈਸੇ ਆਉਂਦਿਆਂ ਦੇ ਦੇਵਾਂਗਾ, ਉਹ ਕਾਰ ਵਾਲਾ ਕਹਿੰਦਾ ਵੇਖ ਪੰਦਰਾਂ ਸੌ ਲਵਾਂਗਾ ਅਡਵਾਂਸ ਤੇ ਬਾਕੀ ਘਰ ਪਹੁੰਚਣ ਤੇ ਲੈਣੇ ਨੇ ਮੈਨੂੰ ਨਹੀਂ ਪਤਾ ਤੈਨੂੰ ਸ਼ਗਨ ਹੋਵੇ ਜਾਂ ਨਾ ਹੋਵੇ…. ਚਲੋ ਵਿਆਹ ਵਾਲਾ ਮੁੰਡਾ ਮੰਨ ਗਿਆ….
ਚਲੋ ਜੀ ਬਾਰਾਤ ਪਹੁੰਚ ਗਈ ਅੰਮ੍ਰਿਤਸਰ ਜਿਲੇ ਦੇ ਜੀ.ਟੀ.ਰੋਡ ਤੇ ਹੀ ਪੈਂਦੇ ਕਿਸੇ ਪਿੰਡ ਵਿੱਚ ….
ਲੜਕੀ ਵਾਲਿਆਂ ਬਾਰਾਤ ਦਾ ਬਹੁਤ ਮਾਣ ਤਾਨ ਕੀਤਾ ਬਹੁਤ ਸੋਹਣਾ ਵਿਆਹ ਸੀ ਖਾਣ ਪੀਣ ਖੁੱਲਾ ਬਹੁਤ ਹੀ ਵਧੀਆ …. ਵਿਆਹ ਵਾਲਾ ਮੁੰਡਾ ਤੇ ਬਾਗੋ ਬਾਗ ਹੋਇਆ ਫਿਰੇ ਕਿ ਜੇ ਵਿਆਹ ਇਹੋ ਜਿਹਾ ਸ਼ਾਨਦਾਰ ਏ ਤਾਂ ਦਾਜ ਤੇ ਸ਼ਗਨ ਕਿੰਨਾ ਹੋਵੇਗਾ….
ਜਦ ਵਿਆਹ ਵਾਲੀ ਜੋੜੀ ਦੇ ਸ਼ਗਨ ਪਾਉਣ ਦੀ ਵਾਰੀ ਆਈ ਤਾਂ ਮਸਾਂ ਪੰਦਰਾਂ ਸੌ ਵੀ ਸ਼ਗਨ ਨਾ ਹੋਇਆ ਕਿਸੇ ਨੇ ਪੰਜਾਹ ਰੁਪਏ ਤੋਂ ਵੱਧ ਸ਼ਗਨ ਨਾ ਦਿੱਤਾ….
ਹੁਣ ਡੋਲੀ ਤੋਰਨ ਦਾ ਵੇਲਾ ਆਇਆ ਲੜ੍ਕੀ ਦਾ ਦਾਦਾ ਅਸ਼ੀਰਵਾਦ ਦੇ ਕੇ ਉਹਨਾਂ ਦੋਨਾਂ ਲਾੜਾ ਲਾੜੀ ਨੂੰ ਕਹਿੰਦਾ ਵੇਖੋ ਬੱਚਿਉ ਤੁਸੀ ਆਪਣੀ ਮਰਜੀ ਕੀਤੀ ਹੈ ਬਹੁਤ ਵਧੀਆ ਅਸੀ ਤੁਹਾਡੀ ਮਰਜੀ ਦੇ ਖਿਲਾਫ਼ ਨਹੀਂ ਗਏ ਵਿਆਹ ਵੀ ਵਧੀਆ ਕੀਤਾ ਤੁਹਾਨੂੰ ਘਰੋਂ ਰਾਜੀ ਖੁਸ਼ੀ ਵਿਦਿਆ ਕਰ ਰਹੇ ਹਾਂ ….. ਹੁਣ ਧੀਏ ਅੱਜ ਤੋਂ ਤੂੰ ਸਾਡੇ ਲਈ ਮਰ ਗਈ ਅਸੀ ਤੇਰੇ ਲਈ….. ਤੇਨੂੰ ਦੁੱਖ ਹੋਵੇ ਤਕਲੀਫ਼ ਹੋਵੇ ਕੁਝ ਵੀ ਹੋਵੇ ਤੁਸੀ ਇੱਧਰ ਦਾ ਮੂੰਹ ਨਹੀਂ ਤੱਕਣਾ….. ਨਹੀਂ ਤੇ ਫਿਰ ਸਾਥੋਂ ਬੁਰਾ ਕੋਈ ਨਹੀਂ ਹੋਣਾ….. ਦੋਨੋਂ ਵੇਖਣ ਉਤਾਂਹ ਠਾਂਹ ਇਹ ਕੀ ਕੀਤਾ ਮਾਪਿਆਂ….
ਡੋਲੀ ਚਾਵਾਂ ਨਾਲ ਵਿਦਾਈ ਕੀਤੀ ਜਦ ਡੋਲੀ ਘਰ ਪਹੁੰਚੀ ਤਾਂ ਡੋਲੀ ਵਾਲੀ ਕਾਰ ਦਾ ਡਰਾਈਵਰ ਮੁੰਡੇ ਨੂੰ ਕਹਿੰਦਾ ਮੈਂ ਤੇ ਬਕਾਇਆ ਪੈਸੇ ਲਏ ਬਗੈਰ ਡੋਲੀ ਨਹੀਂ ਉੱਤਰਣ /ਜਾਣ ਦੇਣੀ…..
ਹੁਣ ਮੁੰਡੇ ਨੂੰ ਸ਼ਰਮੋ ਸ਼ਰਮੀ ਉੱਤਰਨਾ ਪਿਆ ਤੇ ਸ਼ਗਨ ਇੰਨਾ ਨਹੀਂ ਸੀ ਕਿ ਕਾਰ ਵਾਲੇ ਦੇ ਬਕਾਇਆ ਪੈਸੇ ਦੇ ਸਕਦਾ ਉਹ ਅਾਪਣੇ ਘਰ ਵਾਲਿਆਂ ਕੋਲੋਂ ਪੈਸੇ ਲੈਨ ਚਲਾ ਗਿਆ ਪਿੱਛੇ ਬਾਕੀ ਵੀ ਸਾਰੇ ਕਾਰ ਵਿਚੋਂ ਉੱਤਰ ਗਏ…
: ਇਕੱਲੀ ਵਿਆਹ ਵਾਲੀ ਲੜਕੀ ਕਾਰ ਵਿੱਚ ਬੈਠੀ ਸੀ ਉਸਨੂੰ ਕਾਰ ਦਾ ਮਾਲਕ/ਡਰਾਈਵਰ ਕਹਿਣ ਲੱਗਾ ਭੈਣ ਜੀ ਵੈਸੇ ਮੇਰਾ ਕਹਿਣਾ ਨਹੀਂ ਬਣਦਾ ਪਰ ਤੁਸੀ ਇਸ ਮੁੰਡੇ ਵਿੱਚ ਵੇਖਿਅਾ ਕੀ ਏ ਆਹ ਕਾਰ ਦਾ ਕਿਰਾਇਆ ਵੀ ਮੰਗ ਤੰਗ ਕੇ ਦੇ ਰਹੇ ਨੇ ਉਸ ਵਾਸਤੇ ਵੀ ਇਹਨਾਂ ਕੋਲ ਪੈਸੇ ਹੈਨੀ ਤੁਸੀ ਚੰਗੇ ਭਲੇ ਘਰ ਦੇ ਬੱਚੇ ਹੋ ਕੇ ਕਿੱਥੇ ਪਿਆਰ ਪਾ ਲਿਆ, ਤੁਹਾਡੇ ਅਮੀਰ ਘਰ ਦੇ ਖਰਚੇ ਤੇ ਆਰਾਮ ਇੱਥੇ ਕਿੱਥੇ ਲੱਭਣੇ ਨੇ ਮਸਾਂ ਇਹ ਪੰਜ ਹਜਾਰ ਕਮਾਉਂਦਾ ਇੰਨੇ ਤੇ ਤੁਹਾਡੇ ਮੇਕਅਪ ਤੇ ਲਗ ਜਾਇਆ ਕਰਨੇ ਨੇ… ਇਹ ਤੇ ਤੁਹਾਡੀ ਅਮੀਰੀ ਰੰਗ ਰੂਪ ਤੇ ਡੁੱਲਿਆ ਤੁਸੀ ਇਹਦੇ ਵਿੱਚ ਕੀ ਵੇਖਿਆ???
ਤੇ ਕੁਝ ਹੋਰ ਵੀ ਗੱਲਾਂ ਉਸ ਲੜਕੀ ਨੂੰ ਕਹੀਆਂ /ਦੱਸੀਆਂ, ਉਹ ਬੁੱਤ ਬਣ ਸੁਣਦੀ ਰਹੀ, ਸ਼ਾਇਦ ਅੰਦਰਖਾਤੀ ਪਛਤਾ ਰਹੀ ਹੋਣੀ ਏ….. ਪਰ…. ਸਿਆਣੇ ਕਹਿੰਦੇ ਨੇ ਨਾ ਹੁਣ ਪਛੋਤਾਉਣ ਦਾ ਕੀ ਫਾਇਦਾ ਜਦ ਚਿੜੀਆਂ ਚੁੱਗ ਗਈਆਂ ਖੇਤ ਨੂੰ …
ਜਸਵਿੰਦਰ ਸਿੰਘ