ਰੁੱਖਾਂ ਦੀ ਜੀਰਾਂਦ

by admin

ਉਹ ਆਪਣੀਆਂ ਸੋਚਾਂ ਵਿੱਚ ਉਲਝਿਆ , ਦੁਨੀਆਂ ਦੀ ਭੀੜ ਵਿੱਚ ਖ਼ੁਦ ਨੂੰ ਇਕੱਲ੍ਹਾ ਮਹਿਸੂਸ ਕਰ ਰਿਹਾ ਸੀ, ਸਵੇਰ ਤੋ ਕਿਸੇ ਕੰਮ ਤੇ ਜਾਣ ਨੂੰ ਵੀ ਦਿਲ ਨਾ ਕੀਤਾ । ਉਦਾਸੀ ਭਰੇ ਗੀਤ ਸੁਣ ਸੁਣ ਰੋਂਦਾ ਰਿਹਾ।

ਕਿਸਕਾ ਰਸਤਾ ਦੇਖੇ
ਐ ਦਿਲ ਸ਼ੌਦਾਈ । …..

ਤੁਝਸੇ ਨਾਰਾਜ ਨਹੀਂ ਐ ਜ਼ਿੰਦਗੀ
ਹੈਰਾਨ ਹੂੰ ਮੈਂ …..
ਸਾਰਾ ਦਿਨ ਸਿਰਹਾਣੇ ਚ ਸਿਰ ਦੇ ਕੇ ਪਿਆ ਰਿਹਾ , ਸ਼ਾਮ ਢਲ ਆਈ । ਬਾਹਰ ਦਾ ਮੌਸਮ ਬੇਹੱਦ ਸੁਹਾਵਣਾ ਸੀ, ਹੁਣੇ ਪਤਾ ਲੱਗਿਆ ਜਦ ਪਰਦੇ ਹਟਾਕੇ ਤੱਕਿਆ । ਦਿਲ ਕੀਤਾ ਬਾਹਰ ਜਾ ਕੇ ਵੇਖੇ , ਫਿਰ ਇੱਕ ਸੋਚ ਆਈ ਕਿ ਰਹਿਣ ਦਿਓ, ਕੀ ਕਰਨਾ ਘੁੰਮ ਕੇ ਵੀ, ਅਗਰ ਕੁਝ ਸਾਲ ਘੱਟ ਵੀ ਜੀਅ ਲਵਾਂਗਾ ਤਾਂ ਕੀ ਫਰਕ ਪੈਂਦਾ , ਕਿਸੇ ਨੂੰ ਕੋਈ ਘਾਟਾ ਨਹੀ ਪੈਣ ਲੱਗਿਆ । ਅੱਜ ਮਰੇ ਕੱਲ੍ਹ ਨੂੰ ਦੂਜਾ ਦਿਨ , ਸਭ ਆਪੋ ਆਪਣੇ ਸੁੱਖਾਂ ਨੂੰ ਰੋਂਦੇ ਨੇ , ਕੋਈ ਕਿਸੇ ਦੇ ਦੁੱਖ ਨੂੰ ਨਹੀ ਰੋਂਦਾ , ਤੇ ਮੇਰਾ ਕਿਸੇ ਨੂੰ ਕੀ ਸੁਖ ਏ ਜੋ ਦੁਖੀ ਹੋਵੇਗਾ ਮੇਰੇ ਤੁਰ ਜਾਣ ਤੋ ਬਾਅਦ । ਪਰ ਜੱਕੋ ਤੱਕੀ ਕਰਦਿਆਂ ਪਤਾ ਨਹੀਂ ਕਿਸ ਵਕਤ ਉਹ ਬੂਟ ਪਹਿਨ ਕੇ ਬਾਹਰ ਨਿਕਲ ਗਿਆ ਤੇ ਘਰ ਦੇ ਨਜ਼ਦੀਕ ਈ ਬਣੇ ਪਾਰਕ ਵਿੱਚ ਜਾ ਵੜਿਆ । ਬੱਚਿਆਂ ਨੂੰ ਛੁੱਟੀਆਂ ਹੋਣ ਕਾਰਨ ਪਾਰਕ ਵਿੱਚ ਰੌਣਕ ਸੀ । ਬੱਚੇ , ਬੁੱਢੇ ਜਵਾਨ ਸਭ ਉਮਰ ਵਰਗ ਦੇ ਲੋਕ ਸਨ ਓਥੇ । ਬੱਚੇ , ਜ਼ਿੰਦਗੀ ਨਾਲ ਭਰਪੂਰ, ਬਿਨਾ ਕਿਸੇ ਫਿਕਰ ਫ਼ਾਕੇ ਤੋ ਹੱਸ ਖੇਡ ਰਹੇ ਸਨ, ਖ਼ੁਸ਼ੀ ਵਿੱਚ ਖੀਵੇ ਹੋ ਰਹੇ ਸਨ ।ਕੁਝ ਪੈਨਸ਼ਨਰ ਬਜ਼ੁਰਗ ਸਨ, ਆਪਣੇ ਹਾਣੀਆਂ ਨਾਲ ਟਹਿਲ ਰਹੇ ਸਨ ਪਾਰਕ ਵਿੱਚ ਬਣੇ ਟ੍ਰੈਕ ਤੇ । ਉਹ ਵੀ ਬੋਝਲ ਕਦਮਾਂ ਨਾਲ ਟਹਿਲਣ ਲੱਗਾ , ਤੁਰਦਾ ਰਿਹਾ ਬੜੀ ਦੇਰ ਤੱਕ , ਜਦ ਆਲੇ ਦੁਆਲੇ ਨਿਗਾ ਦੁੜਾਈ ਤਾਂ ਸਭ ਲੋਕ ਜਾ ਚੁੱਕੇ ਸਨ , ਕੁਝ ਦੇਰ ਪਹਿਲਾਂ ਲੋਕਾਂ ਨਾਲ ਭਰਿਆ ਪਾਰਕ ਭਾਂਅ ਭਾਂਅ ਕਰ ਰਿਹਾ ਸੀ । ਉਹ ਵੀ ਆਹਿਸਤਾ ਆਹਿਸਤਾ ਤੁਰਦਾ ਇੱਕ ਦਰਖ਼ਤ ਕੋਲ ਜਾ ਕੇ ਠਹਿਰ ਗਿਆ , ਵਿਸ਼ਾਲ ਦਿਓ ਕੱਦ ਦਰੱਖਤ ਸੀ ਓਹ । ਸ਼ਾਇਦ ਕੱਦ ਅਤੇ ਉਮਰ ਮੁਤਾਬਿਕ ਪਾਰਕ ਦਾ ਸਭ ਤੋ ਉਮਰ ਦਰਾਜ਼ ਤੇ ਵੱਡਾ ਸੀ ਓਹ ਦਰਖ਼ਤ ।
ਓਹ ਨਿਢਾਲ ਹੋਇਆ ਓਸ ਦਰਖ਼ਤ ਦੇ ਤਣੇ ਨਾਲ ਲੱਗ ਕੇ ਖੜੋ ਗਿਆ । ਪਤਾ ਨਹੀ ਕਿਉਂ , ਉਸਨੂੰ ਲੱਗਾ ਜਿਵੇ ਦਰਖ਼ਤ ਵੀ ਉਸਨੂੰ ਕਲਾਵੇ ਚ ਲੈਣਾ ਚਾਹੁੰਦਾ ਹੋਵੇ , ਕੁਝ ਕਹਿਣਾ ਲੋਚਦਾ ਹੋਵੇ ਉਸਦੇ ਕੰਨ ਚ । ਤੇ ਅਚਾਨਕ ਉਹਦੇ ਹੰਝੂ ਵਹਿ ਤੁਰੇ , ਉਹ ਦਰਖ਼ਤ ਨੂੰ ਕਲਾਵੇ ਚ ਲੈਣ ਦੀ ਨਾਕਾਮ ਕੋਸ਼ਿਸ਼ ਕਰਨ ਲੱਗਾ , ਚਿੰਬੜ ਗਿਆ ਉਹਦੇ ਵਿਸ਼ਾਲ ਤਣੇ ਨਾਲ , ਜਿਵੇਂ ਛੋਟਾ ਬੱਚਾ ਆਪਣੇ ਬਾਪ ਦੀਆਂ ਲੱਤਾਂ ਨਾਲ ਜੁੜਦਾ ਏ ਡਡਿਆ ਕੇ । ਤੇ ਰੁੱਖ ਨੇ ਵੀ ਜਿਵੇ ਉਸਨੂੰ ਘੁੱਟ ਕੇ ਨਾਲ ਲਾ ਲਿਆ ,ਕਿ ਚੱਲ ਬੱਚੇ, ਕਰ ਈ ਲੈ ਦਿਲ ਹੌਲ਼ਾ ਤੂੰ ਚੰਗੀ ਤਰਾਂ ।
ਜਦ ਉਸਨੇ ਮਨ ਹਲਕਾ ਕਰ ਲਿਆ ਤਾਂ ਉਸਨੂੰ ਲੱਗਾ ਜਿਵੇ ਅੰਦਰਲਾ ਸ਼ੋਰ ਰੁਕ ਗਿਆ ਹੋਵੇ । ਅਚਾਨਕ ਉਸਨੂੰ ਜਾਪਿਆ , ਜਿਵੇਂ ਦਰਖ਼ਤ ਨੇ ਪੁੱਛਿਆ ਹੋਵੇ ,ਕਿ ਕੀ ਹੋਇਆ ਈ ਝੱਲਿਆ, ਏਨਾ ਫਿੱਸਿਆ ਕਿਉਂ ਪਿਆਂ ? ਤੇ
ਉਹ ਮਨ ਈ ਮਨ ਦਰਖ਼ਤ ਨਾਲ ਗੱਲੀਂ ਲੱਗ ਗਿਆ ,” ਕੀ ਦੱਸਾਂ ਪਿਆਰੇ ਬਿਰਖ ਮੈਂ ਤੈਨੂੰ? ਮੈ ਜ਼ਿੰਦਗੀ ਦੀਆਂ ਤਲਖ਼ੀਆਂ ਤੋ ਤੰਗ ਆ ਗਿਆਂ , ਜਿੰਨ੍ਹਾਂ ਦੀ ਖ਼ਾਤਰ ਮੈ ਦੇਸੋਂ ਪਰਦੇਸ ਆਇਆ, ਮੁਸ਼ੱਕਤਾਂ ਕੀਤੀਆਂ , ਜਿੰਨ੍ਹਾਂ ਦੇ ਸੁਪਨੇ ਸਿਰਜਦਿਆਂ ਆਪਣੀ ਨੀਂਦ ਗਵਾਈ, ਅੱਜ ਓਹ ਸਿੱਧੇ ਮੂੰਹ ਗੱਲ ਵੀ ਨਹੀ ਕਰਦੇ । ਜਿੰਨ੍ਹਾਂ ਦੇ ਬੋਲ ਮੈ ਸੁਣਨ ਨੂੰ ਤਰਸਦਾ ਸੀ, ਅੱਜ ਉਹਨਾਂ ਨੂੰ ਮੇਰੀ ਬੋਲੀ ਖੱਰਵ੍ਹੀ ਲੱਗਦੀ ਏ , ਆਵਾਜ਼ ਅੱਖਰਦੀ ਏ । ਜਿੰਨ੍ਹਾਂ ਨੂੰ ਉਂਗਲੀ ਫੜ੍ਹ ਤੁਰਨਾ ਸਿਖਾਇਆ , ਜਦ ਉਹ ਵੱਡੇ ਹੋਏ ਤਾਂ ਮੇਰਾ ਕੱਦ ਵੀ ਸੁੰਗੜ ਗਿਆ ਤੇ ਰੁਤਬਾ ਵੀ ਉਹਨਾ ਦੀ ਡੀਲ ਡੌਲ ਸਾਹਮਣੇ , ਫੌਜਾਂ ਜਿੱਤ ਕੇ ਅੰਤ ਨੂੰ ਹਾਰਨ ਵਾਲੀ ਗੱਲ ਬਣ ਗਈ ਏ ਯਾਰਾ ,ਬੇਰਸ , ਬੇਕਾਰ ਹੋ ਗਈ ਏ ਜ਼ਿੰਦਗੀ ।ਕੀ ਕਰਾਂ , ਕਿੱਥੇ ਜਾਵਾਂ “ਏਨਾ ਆਖ ਉਹ ਫਿਰ ਮਨ ਭਰ ਆਇਆ ।
ਦਰਖ਼ਤ ਬਾਦਸਤੂਰ ਹਵਾ ਨਾਲ ਝੂਮ ਰਿਹਾ ਸੀ , ਪਹਿਲਾ ਵਾਂਗ ਈ ਲਹਿਲਹਾਉਂਦਾ ਹੋਇਆ ।
ਕੁਝ ਦੇਰ ਬਾਅਦ ਉਹਨੂੰ ਆਵਾਜ਼ ਆਈ, ਆਪਣੇ ਈ ਅੰਤਰਮਨ ਤੋਂ, ਇਹ ਦਰਖ਼ਤ ਬੋਲ ਰਿਹਾ ਸੀ ।
“ਓਇ ਝੱਲਿਆ, ਥਸ ਐਨੀ ਕੁ ਗੱਲੋਂ ਦੁਖੀ ਹੋ ਗਿਆਂ , ਕਦੀ ਆਪਣੇ ਤੋਂ ਦੁਖੀਏ ਵੱਲ ਵੀ ਤੱਕ ਲਿਆ ਕਰ , ਪਤਾ ਈ, ਤੇਰਾ ਡਾਕਟਰ , ਨਰੇਸ਼, ਲੋਕਾਂ ਦੇ ਇਲਾਜ ਕਰਦਾ ਆਪ ਮਰੀਜ ਹੋ ਗਿਆ ਏ, ਹਫਤੇ ਚ ਦੋ ਵਾਰ ਡਾਇਲਸਿਜ਼ ਕਰਵਾ ਰਿਹਾ ਈ,ਓਹ ਤੇਰਾ ਰੇਂਜ ਰੋਵਰਾਂ ਦਾ ਸ਼ੌਕੀਨ ਦੋਸਤ, ਕੈਂਸਰ ਨੇ ਕੱਠਾ ਕਰ ਸੁੱਟਿਆ , ਗੱਡੀ ਚ ਚੜ੍ਹਨੋ ਵੀ ਆਤੁਰ ਹੋ ਗਿਆ ਏ , ਤੈਨੂੰ ਕੋਈ ਅਜਿਹੀ ਸਮੱਸਿਆ ਤਾਂ ਨਹੀ ਏ ਨਾ । ਔਹ ਵੇਖ ਗੁਰਨਾਮ ਸਿੰਹੁੰ ਨੂੰ, ਸਾਰੀ ਉਮਰ ਫਾਊੰਡਰੀਆਂ ਚ ਭੱਠ ਝੋਕਿਆ ਏ, ਨਾਲ ਦੀ ਤੁਰ ਗਈ, ਰੋਟੀ ਗੁਰੂ ਘਰੋਂ ਖਾਂਦਾ ਏ , ਚਾਰ ਬੱਚਿਆਂ ਨੂੰ ਪਾਲਣ ਵਾਲਾ ਪਿਓ ਨਹੀ ਸਾਂਭਿਆ ਗਿਆ ਚੌਹਾਂ ਬੱਚਿਆਂ ਤੋ ਰਲਕੇ ।ਤੇਰੀ ਇਹ ਹਾਲਤ ਤਾਂ ਨਹੀਂ ਏ ਨਾ ?

ਤਲਖ਼ੀਆਂ ਕਿਸਦੀ ਜ਼ਿੰਦਗੀ ਚ ਨਹੀ ਨੇ ? ਮੇਰੇ ਵੱਲ ਵੇਖ , ਪੱਤਝੜ ਮੈਂ ਝੱਲਦਾਂ ,ਬਰਫ਼ਾਨੀ ਹਵਾਵਾਂ ਮੈ ਬਰਦਾਸ਼ਤ ਕਰਦਾਂ ,ਆਸਮਾਨਾਂ ਤੋ ਬਿਜਲੀ ਕੜਕਦੀ ਏ, ਮੈ ਚੁੱਪ-ਚਾਪ ਸਹਿਨਾਂ। ਟੁੰਡ ਮੁੰਢ , ਬਦਸੂਰਤ ਹੋ ਕੇ ਬਹਾਰ ਰੁੱਤ ਉਡੀਕਦਾਂ ਮੈਂ ਵੀ ਕਿ ਕਦੋ ਰੌਣਕਾਂ ਲੱਗਣ , ਕਦੋ ਮੈ ਬਲਿਹਾਰੀ ਜਾਵਾਂ ਵੇਖ ਕੇ ਨੰਨ੍ਹੇ ਮੁੰਨ੍ਹੇਂ ਬੱਚਿਆਂ ਨੂੰ । ਕਈ ਵਾਰ ਮੇਰੇ ਵੀ ਟਾਹਣ ਟੁੱਟਦੇ ਨੇ, ਮੇਰੇ ਵੀ ਪਾਣੀ ਸਿੰਮਦਾ ਏ ਪਰ ਮੈਂ ਮਾਯੂਸ ਨਹੀ ਹੁੰਦਾ , ਉਸ ਪਾਣੀ ਤੋ ਮਲ੍ਹਮ ਬਣਾ ਕੇ ਵਰਤ ਲੈਨਾ, ਆਪਣਾ ਇਲਾਜ ਆਪ ਕਰ ਲੈਨਾ । ਮੇਰਾ ਧਰਮ ਏ ਹਰ ਦੁੱਖ ਜਰਨਾ ਤੇ ਆਪਣੇ ਕੰਮ ਚ ਲੱਗੇ ਰਹਿਣਾ, ਜਹਿਰੀਲੀ ਹਵਾ ਨੂੰ ਜੀਵਨ ਦਾਤੀ ਆਕਸੀਜਨ ਚ ਬਦਲਨਾ , ਛਾਂ ਤੇ ਹਰਿਆਵਲ ਦੇਣੀ । ਅਖੀਰ ਜਦ ਮੈਨੂੰ ਕੱਟਣ ਆਉਂਦੇ ਨੇ ਮਨੁੱਖ , ਤਾਂ ਕੁਹਾੜੇ ਵਿੱਚ ਦਸਤਾ ਮੇਰੀ ਲੱਕੜ ਦਾ ਈ ਹੁੰਦਾ ਏ ਅਕਸਰ , ਪਰ ਮੈਨੂੰ ਸੰਤੁਸ਼ਟੀ ਏ ਕਿ ਮੇੈ ਕਿਸੇ ਕੰਮ ਆਉਂਨਾ , ਇਹੀ ਮੇਰਾ ਧਰਮ ਏ, ਕੋਈ ਆਸ ਰੱਖੇ ਬਿਨਾ , ਹਮੇਸ਼ਾਂ ਦੇਦੇ ਰਹਿਣਾ, ਬਦਲੇ ਚ ਕੁਝ ਮੰਗਣਾ ਨਹੀ ਕਿਸੇ ਤੋਂ ਵੀ ।ਇਸ ਲਈ ਮੈ ਮਨੁੱਖਾਂ ਵਾਂਗ ਮਾਣ ਨਹੀ ਕਰਦਾ , ਕੋਈ ਅਹਿਸਾਨ ਨਹੀ ਕਰਦਾ ਕਿਸੇ ਸਿਰ ।
ਅਗਰ ਜ਼ਿੰਦਗੀ ਸੁਖਾਲੀ ਕਰਨੀ ਏ ਤਾਂ ਜ਼ਰਾ ਕੁ ਮੇਰੇ ਵਰਗਾ ਬਣ , ਦਰਵੇਸ਼ ਹੋ ਜਾ । ਤੇਰੇ ਤਾਂ ਗੁਰੂ ਨੇ ਵੀ ਦੱਸਿਆ ਹੋਇਆ ਏ ਕਿ
ਦਰਵੇਸ਼ਾਂ ਨੂੰ ਲੋੜੀਏ , ਰੁੱਖਾਂ ਦੀ ਜੀਰਾਂਦ ।।
ਮੈ ਇਹ ਨਹੀ ਕਹਿੰਦਾ ਕਿ ਜੜ੍ਹ ਪੱਥਰ ਹੋ ਜਾ, ਸਿਰਫ ਕੁਝ ਕੁ ਗੁਣ ਈ ਲੈ ਲੈ, ਉੱਚਾ ਉੱਠ ਜਾਵੇਂਗਾ ।
ਦਿਲਗੀਰ ਨਹੀ ਹੋਈਦਾ, ਜਦ ਵੀ ਮਨ ਟਿਕਾਣੇ ਨਾ ਹੋਵੇ ਤੇ ਆ ਜਾਵੀਂ, ਮੈ ਏਥੇ ਈ ਮਿਲੂੰਗਾ , ਦਿਨ ਰਾਤ , ਜਦੋਂ ਮਰਜ਼ੀ ਦਿਲ ਹੌਲਾ ਕਰ ਲਵੀਂ ਪਰ ਜ਼ਿੰਦਗੀ ਤੋ ਨਿਰਾਸ਼ ਨਾ ਹੋਵੀਂ , ਆਪਣੇ ਕੰਮ ਲੱਗਿਆ ਰਹਿ , ਅਜਿਹਾ ਬਣ ਕਿ ਕੋਈ ਤੇਰੇ ਤੋ ਆਸ ਰੱਖ ਸਕੇ , ਪਰ ਆਪ ਕਦੀ ਕਿਸੇ ਤੋ ਕੋਈ ਆਸ ਨਾ ਰੱਖੀਂ ।
ਤੇ ਉਸਨੂੰ ਲੱਗਿਆ , ਜਿਵੇ ਉਹ ਫਿਰ ਤੋ ਜੀਵਨ ਊਰਜਾ ਨਾਲ ਭਰ ਗਿਆ ਹੋਵੇ , ਲਬਾ ਲਬ, ਤਰੋ ਤਾਜ਼ਾ । ਉਹਨੇ ਦਰਖ਼ਤ ਨੂੰ ਚੁੰਮਿਆਂ, ਧੰਨਵਾਦ ਕੀਤਾ ਤੇ ਕਾਹਲੇ ਕਦਮੀ ਘਰ ਨੂੰ ਤੁਰ ਪਿਆ ।
ਥੋੜੀ ਦੂਰ ਜਾ ਕੇ ਉਹਨੇ ਧੰਨਵਾਦੀ ਨਜ਼ਰਾਂ ਨਾਲ ਦਰਖ਼ਤ ਨੂੰ ਟੀਸੀ ਤੋ ਲੈ ਕੇ ਮੁੱਢ ਤੱਕ ਨਿਹਾਰਿਆ ,ਲੱਗਿਆ ਜਿਵੇ ਦਰਖ਼ਤ ਵੀ ਉਸਦੇ ਉਤਸ਼ਾਹ ਤੋ ਖੁਸ਼ ਹੋ ਕੇ ਝੂਮ ਰਿਹਾ ਹੋਵੇ ,ਫਿਰ ਮਿਲਣ ਆਉਣ ਦੀ ਤਾਕੀਦ ਕਰ ਰਿਹਾ ਹੋਵੇ ।

You may also like