ਇੱਕ ਬਹੁਤ ਵੱਡਾ ਵਿਸ਼ਾਲ ਰੁੱਖ ਸੀ । ਉਸ ਤੇ ਦਰਜਨਾਂ ਹੰਸ ਰਹਿੰਦੇ ਸਨ । ਉਨ੍ਹਾਂ ਵਿੱਚ ਇੱਕ ਬਹੁਤ ਸਿਆਣਾ ਹੰਸ ਸੀ, ਸੂਝਵਾਨ ਅਤੇ ਬਹੁਤ ਦੂਰਦਰਸ਼ੀ । ਸਭ ਉਸਨੂੰ ਇੱਜ਼ਤ ਨਾਲ ‘ਤਾਇਆ’ ਕਹਿਕੇ ਬੁਲਾਉਂਦੇ ਸਨ। ਇੱਕ ਦਿਨ ਉਸਨੇ ਇੱਕ ਛੋਟੀ–ਜਿਹੀ ਵੇਲ ਨੂੰ ਰੁੱਖ ਦੇ ਤਣੇ ਤੇ ਬਹੁਤ ਹੇਠਾਂ ਚਿੰਮੜਿਆ ਪਾਇਆ। ਤਾਏ ਨੇ ਦੂਜੇ ਹੰਸਾਂ ਨੂੰ ਸੱਦ ਕੇ ਕਿਹਾ “ਵੇਖੋ, ਇਸ ਵੇਲ ਨੂੰ ਨਸ਼ਟ ਕਰ ਦੇਵੋ। ਇੱਕ ਦਿਨ ਇਹ ਵੇਲ ਸਾਨੂੰ ਸਾਰਿਆਂ ਨੂੰ ਮੌਤ ਦੇ ਮੂੰਹ ਵਿੱਚ ਲੈ ਜਾਵੇਗੀ ।”
ਇੱਕ ਜਵਾਨ ਹੰਸ ਹੱਸਦੇ ਹੋਏ ਬੋਲਿਆ “ਤਾਇਆ, ਇਹ ਛੋਟੀ–ਜਿਹੀ ਵੇਲ ਸਾਨੂੰ ਕਿਵੇਂ ਮੌਤ ਦੇ ਮੂੰਹ ਵਿੱਚ ਲੈ ਜਾਵੇਗੀ ?”
ਸਿਆਣੇ ਹੰਸ ਨੇ ਸਮਝਾਇਆ “ਅੱਜ ਇਹ ਤੈਨੂੰ ਛੋਟੀ ਜਿਹੀ ਲੱਗ ਰਹੀ ਹੈ। ਹੌਲ਼ੀ–ਹੌਲ਼ੀ ਇਹ ਰੁੱਖ ਦੇ ਸਾਰੇ ਤਣੇ ਨੂੰ ਲਪੇਟਾ ਮਾਰਕੇ ਉਪਰ ਤੱਕ ਆ ਜਾਵੇਗੀ। ਫਿਰ ਵੇਲ ਦਾ ਤਣਾ ਮੋਟਾ ਹੋਣ ਲੱਗੇਗਾ ਅਤੇ ਰੁੱਖ ਨਾਲ ਚਿਪਕ ਜਾਵੇਗਾ, ਤਦ ਹੇਠੋਂ ਉਪਰ ਤਕ ਰੁੱਖ ਤੇ ਚੜ੍ਹਣ ਲਈ ਪੌੜੀ ਬਣ ਜਾਵੇਗੀ। ਕੋਈ ਵੀ ਸ਼ਿਕਾਰੀ ਪੌੜੀ ਦੇ ਸਹਾਰੇ ਚੜ੍ਹ ਕੇ ਸਾਡੇ ਤੱਕ ਪਹੁੰਚ ਜਾਏਗਾ ਅਤੇ ਅਸੀਂ ਸਾਰੇ ਮਾਰੇ ਜਾਵਾਂਗੇ।”
ਦੂਜੇ ਹੰਸ ਨੂੰ ਭਰੋਸਾ ਨਹੀਂ ਆਇਆ, “ਇੱਕ ਛੋਟੀ ਜਿਹੀ ਵੇਲ ਕਿਵੇਂ ਪੌੜੀ ਬਣੇਗੀ ?”
ਤੀਜਾ ਹੰਸ ਬੋਲਿਆ, “ਤਾਇਆ, ਤੂੰ ਤਾਂ ਇੱਕ ਛੋਟੀ ਜਿਹੀ ਵੇਲ ਨੂੰ ਖਿੱਚ ਕੇ ਜ਼ਿਆਦਾ ਹੀ ਲੰਬਾ ਕਰ ਰਿਹਾ ਹੈਂ।”
ਇੱਕ ਹੰਸ ਬੁੜਬੁੜਾਇਆ, “ਇਹ ਤਾਇਆ ਆਪਣੀ ਅਕਲ ਦਾ ਰੋਹਬ ਪਾਉਣ ਲਈ ਅੰਟ-ਸ਼ੰਟ ਕਹਾਣੀ ਬਣਾ ਰਿਹਾ ਹੈ।”
ਇਸ ਪ੍ਰਕਾਰ ਕਿਸੇ ਵੀ ਹੰਸ ਨੇ ਤਾਏ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇੰਨੀ ਦੂਰ ਤੱਕ ਵੇਖ ਸਕਣ ਦੀ ਉਨ੍ਹਾਂ ਵਿੱਚ ਅਕਲ ਕਿੱਥੇ ਸੀ ?
ਸਮਾਂ ਗੁਜ਼ਰਦਾ ਰਿਹਾ। ਵੇਲ ਚਿੰਮੜਦੇ-ਲਿਪਟਦੇ ਉਪਰ ਸ਼ਾਖਾਵਾਂ ਤੱਕ ਪਹੁੰਚ ਗਈ। ਵੇਲ ਦਾ ਤਣਾ ਮੋਟਾ ਹੋਣਾ ਸ਼ੁਰੂ ਹੋਇਆ ਅਤੇ ਸਚਮੁੱਚ ਹੀ ਰੁੱਖ ਦੇ ਤਣੇ ਤੇ ਪੌੜੀ ਬਣ ਗਈ। ਜਿਸ ਤੇ ਸੌਖ ਨਾਲ ਚੜਿਆ ਜਾ ਸਕਦਾ ਸੀ। ਸਾਰਿਆਂ ਨੂੰ ਤਾਏ ਦੀ ਗੱਲ ਦੀ ਸੱਚਾਈ ਸਾਹਮਣੇ ਨਜ਼ਰ ਆਉਣ ਲੱਗੀ। ਪਰ ਹੁਣ ਕੁੱਝ ਨਹੀਂ ਕੀਤਾ ਜਾ ਸਕਦਾ ਸੀ ਕਿਉਂਕਿ ਵੇਲ ਇੰਨੀ ਮਜਬੂਤ ਹੋ ਗਈ ਸੀ ਕਿ ਉਸਨੂੰ ਨਸ਼ਟ ਕਰਨਾ ਹੰਸਾਂ ਦੇ ਵੱਸ ਦੀ ਗੱਲ ਨਹੀਂ ਸੀ । ਇੱਕ ਦਿਨ ਜਦੋਂ ਸਾਰੇ ਹੰਸ ਦਾਣਾ ਚੁਗਣ ਬਾਹਰ ਗਏ ਹੋਏ ਸਨ ਤਦ ਇੱਕ ਚਿੜੀਮਾਰ ਉਧਰ ਆ ਨਿਕਲਿਆ। ਰੁੱਖ ਤੇ ਬਣੀ ਪੌੜੀ ਨੂੰ ਵੇਖਦੇ ਹੀ ਉਸਨੇ ਰੁੱਖ ਤੇ ਚੜ੍ਹ ਕੇ ਜਾਲ ਵਿਛਾਇਆ ਅਤੇ ਚਲਾ ਗਿਆ। ਸਾਂਝ ਨੂੰ ਸਾਰੇ ਹੰਸ ਪਰਤ ਆਏ ਅਤੇ ਰੁੱਖ ਤੇ ਉੱਤਰੇ ਤਾਂ ਚਿੜੀਮਾਰ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸ ਗਏ। ਜਦੋਂ ਉਹ ਜਾਲ ਵਿੱਚ ਫਸ ਗਏ ਅਤੇ ਫੜਫੜਾਉਣ ਲੱਗੇ, ਤਦ ਉਨ੍ਹਾਂ ਨੂੰ ਤਾਏ ਦੀ ਅਕਲਮੰਦੀ ਅਤੇ ਦੂਰ-ਦ੍ਰਿਸ਼ਟੀ ਦਾ ਪਤਾ ਲਗਾ । ਸਭ ਤਾਏ ਦੀ ਗੱਲ ਨਾ ਮੰਨਣ ਲਈ ਸ਼ਰਮਿੰਦਾ ਸਨ ਅਤੇ ਆਪਣੇ ਆਪ ਨੂੰ ਕੋਸ ਰਹੇ ਸਨ । ਤਾਇਆ ਸਭ ਨਾਲ ਰੁਸ਼ਟ ਸੀ ਅਤੇ ਚੁਪ ਬੈਠਾ ਹੋਇਆ ਸੀ ।
ਇੱਕ ਹੰਸ ਨੇ ਹਿੰਮਤ ਕਰਕੇ ਕਿਹਾ “ਤਾਇਆ, ਅਸੀਂ ਮੂਰਖ ਹਾਂ, ਲੇਕਿਨ ਹੁਣ ਸਾਡੇ ਤੋਂ ਮੂੰਹ ਨਾ ਫੇਰੋ।”
ਦੂਜਾ ਹੰਸ ਬੋਲਿਆ, “ਇਸ ਸੰਕਟ ਵਿੱਚੋਂ ਨਿਕਲਣ ਦੀ ਤਰਕੀਬ ਤੁਸੀਂ ਹੀ ਸਾਨੂੰ ਦੱਸ ਸਕਦੇ ਹੋ। ਅੱਗੇ ਤੋਂ ਅਸੀਂ ਤੁਹਾਡੀ ਕੋਈ ਗੱਲ ਨਹੀਂ ਟਾਲਾਂਗੇ।” ਸਾਰੇ ਹੰਸਾਂ ਨੇ ਹਾਮੀ ਭਰੀ ਤਦ ਤਾਏ ਨੇ ਉਨ੍ਹਾਂ ਨੂੰ ਦੱਸਿਆ “ਮੇਰੀ ਗੱਲ ਧਿਆਨ ਨਾਲ ਸੁਣੋ । ਸਵੇਰੇ ਜਦੋਂ ਚਿੜੀਮਾਰ ਆਵੇਗਾ, ਤਦ ਮੁਰਦਾ ਹੋਣ ਦਾ ਡਰਾਮਾ ਕਰਨਾ । ਚਿੜੀਮਾਰ ਥੋਨੂੰ ਮੁਰਦਾ ਸਮਝ ਕੇ ਜਾਲ ਤੋਂ ਕੱਢ ਜ਼ਮੀਨ ਤੇ ਰਖਦਾ ਜਾਵੇਗਾ । ਉੱਥੇ ਵੀ ਮਰਿਆਂ ਵਾਂਗ ਪਏ ਰਹਿਣਾ । ਜਿਵੇਂ ਹੀ ਉਹ ਅਖੀਰਲੇ ਹੰਸ ਨੂੰ ਹੇਠਾਂ ਰੱਖੇਗਾ, ਮੈਂ ਸੀਟੀ ਬਜਾਊਂਗਾ । ਮੇਰੀ ਸੀਟੀ ਸੁਣਦੇ ਹੀ ਸਭਨਾਂ ਨੇ ਉੱਡ ਜਾਣਾ ।”
ਸਵੇਰੇ ਚਿੜੀਮਾਰ ਆਇਆ । ਹੰਸਾਂ ਨੇ ਉਵੇਂ ਹੀ ਕੀਤਾ ਜਿਵੇਂ ਤਾਏ ਨੇ ਸਮਝਾਇਆ ਸੀ । ਸਚਮੁੱਚ ਚਿੜੀਮਾਰ ਹੰਸਾਂ ਨੂੰ ਮੁਰਦਾ ਸਮਝ ਕੇ ਜ਼ਮੀਨ ਤੇ ਪਟਕਦਾ ਗਿਆ । ਸੀਟੀ ਦੀ ਅਵਾਜ ਦੇ ਨਾਲ ਹੀ ਸਾਰੇ ਹੰਸ ਉੱਡ ਗਏ । ਚਿੜੀਮਾਰ ਅਵਾਕ ਹੋਕੇ ਵੇਖਦਾ ਰਹਿ ਗਿਆ ।