ਉਸ ਨੇ ਅਜੇ ਬੱਸੋਂ ਉੱਤਰ ਪੈਰ ਥੱਲੇ ਲਾਇਆ ਹੀ ਸੀ ਕੇ ਅੱਗੋਂ ਲੈਣ ਆਏ ਨਿੱਕੇ ਵੀਰ ਨੇ ਸੰਦੂਖ ਚੁਕਦਿਆਂ ਹੀ ਸੁਨੇਹਾ ਦੇ ਦਿੱਤਾ ਕੇ ਭੈਣੇ ਬਾਪੂ ਕਹਿੰਦਾ ਸੀ ਕੇ ਇਸ ਵਾਰ ਸਿੱਧਾ ਘਰੇ ਆਉਣਾ ..ਚਾਚੇ ਪੂਰਨ ਸਿੰਘ ਵੱਲ ਖਲੋਣ ਦੀ ਕੋਈ ਲੋੜ ਨੀ ..ਹੁਣ ਹੈਨੀ ਬੋਲ ਚਾਲ ਆਪਸ ਵਿਚ ! ਨਿਆਈਆਂ ਵਾਲੇ ਕੀਲੇ ਦਾ ਰੌਲਾ ਏ !
ਉਹ ਇਹ ਸੁਣ ਠਠੰਬਰ ਕੇ ਖਲੋ ਜਿਹੀ ਗਈ ਕਿਓੰਕੇ ਹੁਣ ਤੱਕ ਉਹ ਜਦੋਂ ਵੀ ਪੇਕੇ ਆਉਂਦੀ ਤਾਂ ਰਾਹ ਵਿਚ ਪੈਦੇ ਚਾਚੇ ਪੂਰਨ ਸਿੰਘ ਦੇ ਘਰੇ ਬੈਠ ਪਾਣੀ -ਧਾਣੀ ਪੀ ਕੇ ਹੀ ਆਪਣੇ ਘਰੇ ਪੈਰ ਪਾਉਂਦੀ ਸੀ !
ਪਾਉਂਦੀ ਵੀ ਕਿਓਂ ਨਾ ..ਆਪਣਾ ਵਿਆਹ ਵਾਲਾ ਦਿਨ ਅਜੇ ਵੀ ਚੰਗੀ ਤਰਾਂ ਯਾਦ ਸੀ ਉਸਨੂੰ ..ਹਲਵਾਈਆਂ ਦੀ ਗਲਤੀ ਕਰਕੇ ਸਾਰੇ ਘਰ ਨੂੰ ਲੱਗ ਗਈ ਭਿਆਨਕ ਅੱਗ ਨੇ ਬਰਾਤੀਆਂ ਲਈ ਤਿਆਰ ਕੀਤੇ ਟੇਂਟ ਮਠਿਆਈਆਂ ਕੁਰਸੀਆਂ ਟੇਬਲ ਤੇ ਹੋਰ ਸਭ ਕੁਝ ਮਿੰਟਾ ਸਕਿੰਟਾਂ ਵਿਚ ਸਾੜ ਕੇ ਸੁਆਹ ਕਰ ਦਿੱਤਾ ਸੀ ਇਥੋਂ ਤੱਕ ਕੇ ਦਾਜ ਦਾ ਸਾਰਾ ਸਮਾਨ ਵੀ ਅੱਗ ਦੀ ਭੇਂਟ ਚੜ ਗਿਆ ਸੀ ! ਇਹ ਸਾਰਾ ਕੁਝ ਦੇਖ ਬਾਪੂ ਨੂੰ ਐਸੀ ਦੰਦਲ ਪਈ ਕੇ ਇੱਕ ਪਾਸਾ ਹੀ ਮਾਰਿਆ ਗਿਆ ਸੀ ! ਮਾਂ ਤੇ ਕਮਲੀ ਹੋਈ ਨੂੰ ਕੁਝ ਨਹੀਂ ਸੀ ਸੁਝਦਾ !
ਇਸ ਮੌਕੇ ਤੇ ਚਾਚੇ ਪੂਰਨ ਸਿੰਘ ਨੇ ਆਪਣਾ ਸਾਰਾ ਕੁਝ ਘਰੋਂ ਲਿਆ ਸਾਡੇ ਅੱਗੇ ਢੇਰੀ ਕਰ ਦਿੱਤਾ ਸੀ …ਜੰਝ ਲੈ ਆ ਢੁੱਕੇ ਵੀ ਸਿਆਣੇ ਨਿੱਕਲੇ ਤੇ ਓਹਨਾ ਚਾਰ ਕਪੜਿਆਂ ਵਿਚ ਕੁੜੀ ਤੋਰ ਲਈ ! ਸਾਰੇ ਪਿੰਡ ਨੇ ਰਲ ਮਿਲ ਕੇ ਬਾਰਾਤ ਦਾ ਸੇਵਾ ਪਾਣੀ ਕੀਤਾ ਤੇ ਚਾਚੇ ਪੂਰਨ ਸਿੰਘ ਨੇ ਪਿਓ ਬਣ ਸਾਰੇ ਕਾਰਜ ਸਹੀ ਢੰਗ ਨਾਲ ਨੇਪਰੇ ਚਾੜੇ !
ਚਾਚੇ ਪੂਰਨ ਸਿੰਘ ਦੇ ਘਰ ਅੱਗੋਂ ਲੰਘਣ ਲੱਗੀ ਤਾਂ ਕੀ ਦੇਖਦੀ ਕੇ ਸਾਣੀਂ ਮੰਜੀ ਤੇ ਬੈਠਾ ਚਾਚਾ ਟਿਕਟਿਕੀ ਲਗਾ ਬੂਹੇ ਵੱਲ ਦੇਖੀ ਜਾ ਰਿਹਾ ਸੀ ! ਉਸ ਕੋਲੋਂ ਰਿਹਾ ਨਾ ਗਿਆ ਤੇ ਉਸ ਨੇ ਪਿੱਛੇ ਮੁੜ ਚਾਚੇ ਦੇ ਘਰ ਦੀਆਂ ਬਰੂਹਾਂ ਟੱਪ ਧੂਹ ਕੇ ਜਾ ਮੰਜੇ ਬੈਠੇ ਚਾਚੇ ਨੂੰ ਜੱਫੀ ਪਾ ਲਈ !
ਜਜਬਾਤਾਂ ਤੇ ਆਪਸੀ ਮੋਹ ਦੀਆਂ ਤੰਦਾਂ ਨੇ ਨਿਆਈਆਂ ਵਾਲੇ ਖੇਤ ਦੀ ਮਸਲੇ ਜੜੋਂ ਪੁੱਟ ਸੁੱਟੇ ਤੇ ਦੋਨੋਂ ਪਾਸਿਓਂ ਹੋਈ ਹੰਜੂਆਂ ਦੀ ਵਾਛੜ ਨੇ ਮਨਾ ਤੇ ਪਏ ਮਣਾ ਮੂੰਹੀ ਭਾਰ ਨੂੰ ਕੱਖੋਂ ਹੌਲੇ ਕਰ ਸੁੱਟਿਆ !
ਅੱਖੀਂ ਦੇਖੇ ਵਰਤਾਰੇ
389
previous post