ਹੰਝੂ

by Jasmeet Kaur

ਜਾਲੰਧਰ ਦੇ ਹੈੱਡ ਆਫਿਸ ’ਚੋਂ ਬਦਲ ਕੇ ਆਈ ਉਹ ਨਵੀਂ ਕੁੜੀ ਅਜੰਤਾ ਦੀ ਮੂਰਤ ਤੋਂ ਘੱਟ ਨਹੀਂ ਸੀ। ਗੋਰੀ ਚਿੱਟੀ, ਤਿੱਖੇ ਨੈਣ ਨਕਸ਼, ਪਤਲੇ ਬੁੱਲ, ਗੋਲ ਠੋਡੀ ਤੇ ਬਿੱਲੀਆਂ ਅੱਖਾਂ ਵਾਲੀ ਉਸ ਕੁੜੀ ਦੇ ਅੰਗ ਅੰਗ `ਚ ਇਕ ਅਜੀਬ ਕਿਸਮ ਦੀ ਖਿੱਚ ਸੀ।
ਅਕਸਰ ਮੇਰੇ ਕੋਲੋਂ ਮੇਰੇ ਮਾਂ ਪਿਉ, ਭੈਣ ਭਰਾਵਾਂ ਤੇ ਘਰ ਬਾਰ ਵਾਰੇ ਪੁੱਛਦੀ ਰਹਿੰਦੀ ਹੈ ਪਰ ਮੈਂ ਹੀ ਉਸਨੂੰ ਆਪਣਾ ਦਿਲ ਖੋਲ੍ਹ ਕੇ ਨਹੀਂ ਦੱਸ ਸਕਿਆ। ਚਲੋ ਹੁਣ ਮਾਂ ਦਾ ਚਾਅ ਵੀ ਪੂਰਾ ਕਰ ਦਿਆਂਗਾ ਉਹ ਤਾਂ ਹਰ ਵਕਤ ਮੇਰੇ ਵਿਆਹ ਦੀ ਹੀ ਰੱਟ ਲਾਈ ਫਿਰਦੀ ਸੀ।
ਅੱਜ ਦੀ ਡਾਕ ‘ਚ ਵਿਦੇਸ਼ ਰਹਿੰਦੀ ਮੇਰੀ ਭੈਣ ਦੀਆਂ ਰੱਖੜੀਆਂ ਆਈਆਂ ਸਨ। ਭੈਣ ਦੀ ਚਿੱਠੀ ਪੜ੍ਹਨ ਤੋਂ ਬਾਅਦ ਜਦ ਮੈਂ ਕਮਲ ਵੱਲ ਦੇਖਿਆ ਤਾਂ ਉਸਦੀਆਂ ਅੱਖਾਂ ‘ਚ ਹੰਝੂ ਆਏ ਹੋਏ ਸਨ।
ਤੇਰੀਆਂ ਅੱਖਾਂ ‘ਚ ਹੰਝੂ। ਮੈਂ ਉਸਨੂੰ ਪੁੱਛਿਆ।
ਪਿਛਲੇ ਸਾਲ ਰੱਖੜੀ ਵਾਲੇ ਦਿਨ ਮੇਰੇ ਵੀਰ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਹ ਇਸ ਦੁਨੀਆਂ ਤੋਂ ਸਦਾ ਲਈ ! ਮੇਰੀ ਬੁੱਢੀ ਮਾਂ ਉਸਦੇ ਗਮ `ਚ ਪਾਗਲ.. ਕੱਲ ਰੱਖੜੀ ਆ ਤੁਸੀਂ ਮੇਰੇ ਘਰ ਜਰੂਰ ਆਇਉ। ਮੇਰੀ ਮਾਂ ਤੁਹਾਨੂੰ ਦੇਖ ਬੜਾ ਖੁਸ਼ ਹੋਵੇਗੀ।
“ਪਰ ਮੇਰੀ ਮਾਂ ਦੀਆਂ ਖੁਸ਼ੀਆਂ ਦਾ ਕੀ ਹੋਵੇਗਾ?”

ਕਹਿੰਦੇ ਹੀ ਮੇਰੀਆਂ ਅੱਖਾਂ ‘ਚ ਹੰਝੂ ਆ ਗਏ।
ਯੁਵਕ ਵਿਕਾਊ ਹਨ/ਹਮਦਰਦਵੀਰ ਨੌਸ਼ਹਿਰਵੀ
ਤੀਰਥ ਕਾਲਜ ਯੂਵਕ ਸਭਾ ਦਾ ਪ੍ਰਧਾਨ ਸੀ। ਉਹ ਕਾਲਜ ਦੇ ਹਰ ਸਮਾਗਮ ਵੇਲੇ ਇਨਕਲਾਬੀ ਕਵਿਤਾ ਬੋਲਦਾ ਹੁੰਦਾ ਸੀ ਤੇ ਹਰ ਕਵਿਤਾ ਦੇ ਪਿੱਛੋਂ ਜੇ ਸੰਘਰਸ਼ ਕਹਿਣੋ ਉਹ ਕਦੀ ਨਹੀਂ ਸੀ ਰੁਕਦਾ।
ਇਕ ਵਾਰ ਕਾਲਜ ਵਿਚ ਯੁਵਕ ਸੁਧਾਰ ਸਭਾ ਨੇ ‘ਦਾਜ ਇਕ ਸਮਾਜਿਕ ਲਾਹਨਤ ਹੈ, ਦੇ ਵਿਸ਼ੇ ਉਤੇ ਇਕ ਬਹਿਸ ਰੱਖੀ। ਬਹਿਸ ਤੋਂ ਬਾਅਦ ਬਾਈ ਵਿਦਿਆਰਥੀਆਂ ਨੇ ਆਪਣੀ ਸ਼ਾਦੀ ਸਮੇਂ ਦਾਜ ਨਾ ਲੈਣ ਦੀ ਸੌਂਹ ਚੁੱਕੀ ਅਤੇ ਇੱਕ ਰਜਿਸਟਰ ਉਤੇ ਦਸਤਖਤ ਕੀਤੇ। ਸੌਂਹ ਚੁਕਣ ਵਾਲੇ ਵਿਦਿਆਰਥੀਆਂ ਵਿਚ ਤੀਰਥ ਦਾ ਨਾਮ ਸਭ ਤੋਂ ਉੱਪਰ ਸੀ।
ਛੇਤੀ ਹੀ ਤੀਰਥ ਦੀ ਕਿਸੇ ਵੱਡੇ ਘਰ ਮੰਗਣੀ ਹੋ ਗਈ। ਬਾਅਦ ਵਿਚ ਤੀਰਥ ਬੀ.ਏ . ਦੀ ਪੜ੍ਹਾਈ ਅਧਵਾਟੇ ਛੱਡ ਹੀ ਪੜ੍ਹਨੋਂ ਹਟ ਗਿਆ। ਉਸ ਦੀ ਪੜ੍ਹਾਈ ਦੀ ਮੰਜਿਲ ਸ਼ਾਇਦ ਮੰਗਣੀ ਤੱਕ ਹੀ ਸੀ।
ਉਸ ਦੀ ਸ਼ਾਦੀ ਲਈ ਦਾਅਵਤ ਨਾਮਾ ਮੈਨੂੰ ਵੀ ਮਿਲਿਆ ਪਰ ਮੈਂ ਜਾ ਨਾ ਸਕਿਆ।
ਪੰਦਰਾਂ ਵੀਹ ਦਿਨ ਹੋਰ ਬੀਤ ਗਏ।
ਇੱਕ ਸ਼ਾਮ ਮੈਂ ਕਾਲਜੋਂ ਆਪਣੀ ਡਿਊਟੀ ਮੁਕਾ ਕੇ ਘਰ ਮੁੜ ਰਿਹਾ ਸਾਂ। ਰਾਹ ਵਿਚ ਹੀ ਸਾਈਕਲ ਦੇ ਪਿਛਲੇ ਪਹੀਏ ਵਿੱਚੋਂ ਹਵਾ ਨਿਕਲ ਜਾਣ ਕਰਕੇ ਮੈਂ ਹੌਲੀ ਹੌਲੀ ਸਾਈਕਲ ਰਾਹੀਂ ਮੁੜ ਰਿਹਾ ਸਾਂ। ਪਿੱਛੋਂ ਇਕ ਤੇਜ਼ ਚਲਦਾ ਮੋਟਰ ਸਾਈਕਲ ਐਨ ਮੇਰੇ ਲਾਗੇ ਆਕੇ ਰੁਕ ਗਿਆ।
ਪ੍ਰੋਫੈਸਰ ਸਾਹਿਬ, ਸਤਿ ਸ੍ਰੀ ਅਕਾਲ।’ ਤੀਰਥ ਨੇ ਮੇਰੇ ਵਲ ਹੱਥ ਵਧਾਇਆ। ਉਸ ਦਾ ਸੋਨੇ ਦਾ ਕੜਾ ਮੇਰੇ ਹੱਥ ਨਾਲ ਵੀ ਟਕਰਾ ਗਿਆ। ਐਟੋਮੈਟਿਕ ਘੜੀ ਨੇ ਵੀ ਕੋਟ ਹੇਠਾਂ ਵਲ ਝਾਕਿਆ।
ਵਾਹ ਭਈ ਤੀਰਥਾ, ਤੂੰ ਤਾਂ ਬੜਾ ਚਮਕ ਪਿਆ ਏ: ਇਹ ਨਵਾਂ ਸੂਟ-ਨਵਾਂ ਮੋਟਰ ਸਾਈਕਲ ਕੋਈ ਖਜਾਨਾ ਤੇ ਨਹੀਂ ਲੱਭ ਪਿਆ।
ਪ੍ਰੋਫੈਸਰ ਸਾਹਿਬ, ਤੁਸੀਂ ਵੀ ਹੁਣ ਮੋਟਰਸਾਈਕਲ ਲਵੋ।
ਭਾਈ ਕੋਈ ਦੇਣ ਵਾਲਾ ਹੋਵੇ ਵੀ ਸਹੀ। ਇਸ ਉਮਰ ’ਚ ਮੇਰੀ ਹੁਣ ਦੁਬਾਰਾ ਸ਼ਾਦੀ ਤੇ ਨਹੀਂ ਹੋਣੀ।
ਤੀਰਥ ਸ਼ਰਮਿੰਦਾ ਜਿਹਾ ਹੋ ਕੇ ਦੂਜੇ ਪਾਸੇ ਵਲ ਵੇਖਣ ਲੱਗ ਪਿਆ।

ਰਾਜਿੰਦਰ ਸਿੰਘ ਤੋਖੀ

You may also like