ਗੁਰਦੀਪ ਸਿੰਘ ਬਹੁਤ ਹੀ ਭੈੜੀ ਅਤੇ ਚਿੰਤਾ ਜਨਕ ਹਾਲਤ ਵਿੱਚ ਕਿਸੇ ਦੀ ਮਦਦ ਨਾਲ ਹਸਪਤਾਲ ਪਹੁੰਚ ਗਿਆ ਸੀ। ਹਸਪਤਾਲ ਪਹੁੰਚ ਕੇ ਚਿੰਤਾ ਹੋਰ ਵੀ ਵਧ ਗਈ। ਉਸ ਨੂੰ ਤੁਰੰਤ ਖੂਨ ਦੀ ਲੋੜ ਸੀ ਪਰ ਉਸ ਦੇ ਗਰੁੱਪ ਓ ਨੈਗਟਿਵ ਦਾ ਖੂਨ ਹਸਪਤਾਲ ਵਿੱਚ ਕੁੱਲ ਖਤਮ ਹੋ ਗਿਆ ਸੀ। ਅੰਤਮ ਸਾਹਾਂ ਉੱਤੇ ਇੱਕ ਸਿਆਸੀ ਲੀਡਰ ਨੂੰ ਕਾਹਲੀ ਵਿੱਚ ਬਾਹਰ ਨਾਹਰੇ ਸੁਣਕੇ- ਸਾਰਾ ਖੂਨ ਹੀ ਚੜ੍ਹਾ ਦਿੱਤਾ ਸੀ। ਉਸ ਦਾ ਅੰਤ ਫਿਰ ਵੀ ਟਾਲਿਆ ਨਹੀਂ ਸੀ ਜਾ ਸਕਿਆ।
ਗੁਰਦੀਪ ਤਾਂ ਇੱਕ ਅੱਤ ਗਰੀਬ ਮਜ਼ਦੂਰ ਸੀ ਜੋ ਹਰ ਰੋਜ਼ ਸਾਈਕਲ ਉੱਤੇ ਦਿਹਾੜੀ ਕਰਨ ਸ਼ਹਿਰ ਜਾਇਆ ਕਰਦਾ ਸੀ। ਅੱਜ ਮੂੰਹ ਹਨੇਰੇ ਸੜਕ ਉੱਤੇ ਜਾਂਦਿਆਂ ਕੋਈ ਟਰੱਕ ਵਾਲਾ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਮਰਨ ਲਈ ਉੱਥੇ ਛੱਡ ਕੇ ਆਪ ਰਫੂ ਚੱਕਰ ਹੋ ਗਿਆ ਸੀ।
ਸਰਕਾਰੀ ਹਸਪਤਾਲ ਦੇ ਡਾਕਟਰ ਨੇ ਸ਼ਹਿਰ ਦੀ ਖੂਨਦਾਨ ਭਲਾਈ ਸਭਾ ਅਤੇ ਬਹੁਤ ਸਾਰੇ ਸਬੰਧਤ ਗਰੁੱਪ ਦੇ ਖੁਨ ਦਾਨੀਆਂ ਨੂੰ ਤੁਰੰਤ ਖੁਨ ਦੇਣ ਲਈ ਟੈਲੀਫੋਨ ਤਾਂ ਕੀਤੇ ਸਨ ਪਰ ਸਮੇਂ ਸਿਰ ਖੂਨ ਦੇਣ ਤਾਂ ਕੋਈ ਕੀ ਪੁੱਜਣਾ ਸੀ ਸਮੇਂ ਤੋਂ ਪਿੱਛੋਂ ਵੀ ਕੋਈ ਸਭਾ ਦਾ ਮੈਂਬਰ ਜਾਂ ਖੂਨਦਾਨੀ ਉਸ ਗਰੀਬ ਦੀ ਮੌਤ ਉੱਤੇ ‘ਹਾਅ ਦਾ ਨਾਹਰਾ ਮਾਰਨ ਲਈ ਵੀ ਨਹੀਂ ਸੀ ਪੁੱਜਿਆ।
ਹਾਅ ਦਾ ਨਾਹਰਾ
537