ਸਰਕਾਰੀ ਹੱਤਿਆ

by Sandeep Kaur

ਰਾਜਸਥਾਨ ਦਾ ਪੱਛਮੀ ਹਿੱਸਾ ਭਿਆਣਕ ਕਾਲ ਦੀ ਲਪੇਟ ਵਿੱਚ ਸੀ। ਪਿੰਡ ਵਿੱਚ ਸੋਕਾ ਅਤੇ ਗਰਮੀ ਕਹਿਰ ਵਹਾ ਰਹੀ ਸੀ। ਅੱਤ ਦੀ ਗਰਮੀ ਕਈ ਬੱਚਿਆਂ ਅਤੇ ਬੁੱਢਿਆਂ ਦੀਆਂ ਜਾਨਾਂ ਲੈ ਚੁੱਕੀ ਸੀ। ਮੌਤ ਦਾ ਦੂਜਾ ਹੂੰਝਾ, ਸੋਕੇ ਕਾਰਨ ਭੁੱਖ ਫੇਰ ਚੁੱਕੀ ਸੀ। ਹੁਣ ਪਾਣੀ ਦੀ ਅਣਹੋਂਦ ਕਾਰਨ ਪੰਜ, ਚਾਰ ਸਿਵੇ ਰੋਜ ਹੀ ਬਲਦੇ ਰਹਿੰਦੇ ਸਨ।
ਸਰਕਾਰ ਵਲੋਂ ਹਰ ਕਿਸਮ ਦੀ ਖਾਣ ਸਮੱਗਰੀ ਪੁੱਜ ਗਈ ਸੀ ਅਤੇ ਹਰ ਦੂਜੇ ਦਿਨ ਪਾਣੀ ਦਾ ਟੈਂਕਰ ਖਾਲੀ ਘੜੇ ਭਰ ਜਾਂਦਾ ਸੀ। ਲੋਕਾਂ ਦੇ ਸਾਹ ਵਿੱਚ ਸਾਹ ਆ ਗਿਆ ਸੀ। ਸਰਕਾਰ ਵਲੋਂ ਚਲਾਏ ਜਾ ਰਹੇ ਕੰਮਾਂ ਵਿੱਚ ਉਹ ਹਿੱਸਾ ਲੈਣ ਲੱਗ ਗਏ ਸਨ। ਉਨ੍ਹਾਂ ਦੇ ਚਿਹਰਿਆਂ ਉੱਤੇ ਭਾਵੇਂ ਖੁਸ਼ੀ ਤਾਂ ਹਾਲੀ ਨਹੀਂ ਪਰਤੀ ਸੀ ਪਰ ਗ਼ਮ ਦੀਆਂ ਲਕੀਰਾਂ ਮਿਟਣੀਆਂ ਆਰੰਭ ਹੋ ਗਈਆਂ ਸਨ।
ਇੱਕ ਦਿਨ ਪਿੰਡ ਉੱਤੇ ਫਿਰ ਅਚਾਨਕ ਗਮ ਦੇ ਕਹਿਰ ਟੁੱਟ ਪਏ ਸਨ। ਸ਼ਾਮ ਤੱਕ ਪਿੰਡ ਵਿੱਚ ਮੌਤਾਂ ਦੀ ਗਿਣਤੀ ਤੀਹ ਤੋਂ ਉਪਰ ਟੱਪ ਗਈ ਸੀ। ਬਲਦੇ ਸਿਵਿਆਂ ਨੂੰ ਵੇਖ ਕੇ ਲੋਕ ਰੋਹ ਵਿੱਚ ਆ ਗਏ ਸਨ। ਉਹ ਸਰਕਾਰ ਵਿਰੁੱਧ ਨਾਹਰੇ ਲਾ ਰਹੇ ਸਨ। ਇਹ ਮੌਤਾਂ ਪਾਣੀ ਦੀ ਥੁੜ ਕਰਕੇ ਨਹੀਂ ਸਗੋਂ ਸਰਕਾਰੀ ਟੈਂਕਰ ਦਾ ਗੰਦਾ ਪਾਣੀ ਪੀਣ ਕਰਕੇ ਹੋਈਆਂ ਸਨ। ਲੋਕ ਇਸ ਨੂੰ ਰੱਬ ਦੀ ਕਰੋਪੀ ਦੀ ਥਾਂ ਸਰਕਾਰੀ-ਹੱਤਿਆ ਗਰਦਾਨ ਰਹੇ ਸਨ।

You may also like