ਜੰਗੀਰ ਸਿੰਘ ! “ਸੁਣਾ ਕੋਈ ਰੱਬ ਦੇ ਘਰ ਦੀ”,”ਕੀ ਸੁਣਾਵਾਂ ਬਾਈ, ਕਸੂਤੀ ਜੀ ਵਾਅ ਚੱਲ ਪਈ, ਕਹਿੰਦੇ ਫੱਤੂ ਕਾ ਚਰਨਾ ਵੀ ਗੁਜ਼ਰ ਗਿਆ ਕੱਲ੍ਹ, ਹੈਅ! ਐਂ ਕੀ ਹੋ ਗਿਆ, ਤਕੜਾ ਪਿਆ ਸੀ ਅਜੇ ਤਾਂ ਯਾਰ, ਕੱਲ ਗਿਆ ਸੀ ਸੰਸਕਾਰ ‘ਤੇ, ਨੇੜੇ ਤਾਂ ਢੁਕਣ ਦਿੱਤਾ ਸਹੁਰਿਆਂ ਨੇ ਕਿਸੇ ਨੂੰ, ਲਾਰੀ ਜੀ ਵਿੱਚ ਲੈ ਕੇ ਆਏ ਸੀ, ਵਰਦੀਆਂ ਜੀਆਂ ਵਾਲਿਆਂ ਨੇ ਹੀ ਚਿਖਾ ‘ਚ ਚਿਣਿਆ ਵਿਚਾਰੇ ਨੂੰ, ਜਦੋਂ ਭਾਈ ਜੀ ਨੇ ਅਰਦਾਸ ਕੀਤੀ ਨਾ ਜਾਗਰਾ,, ਤੇ ਵਿੱਚ ਆਇਆ ਕਿ ਚਰਾਸੀ ਲੱਖ ਜੂਨਾਂ ਤੋਂ ਬਚਾ ਕੇ ਰੱਖੀਂ, ਮੇਰੀ ਤਾਂ ਭੁੱਬ ਨਿਕਲ ਗਈ ਸੱਚੀਂ,, ਮਖਿਆ ਨਹੀਂ ਬਾਬਾ ਹੁਣ ਤਾਂ ਸੱਚੀਂ ਚੁਰਾਸੀ ਲੱਖ ਜੂਨਾਂ ਵਿੱਚ ਪੈਣ ਨੂੰ ਜੀਅ ਕਰਦੈ, ਬੰਦੇ ਦੀ ਜੂਨੀ ਤੋਂ ਤਾਂ ਚੰਗੀਆਂ ਈ ਹੋਣਗੀਆਂ, ਆਹ ਰੁੱਖ ਵੀ ਤਾਂ ਚੁਰਾਸੀ ਲੱਖ ਜੂਨਾਂ ਦੇ ਵਿੱਚ ਹੀ ਆਉਂਦੇ ਆ, ਨਿਰਸਵਾਰਥ ਆਕਸੀਜਨ ਦਿੰਦੇ ਆ, ਠੰਢੀਆਂ ਛਾਵਾਂ ਦਿੰਦੇ ਨੇ, ਖਾਣ ਨੂੰ ਫ਼ਲ ਦਿੰਦੇ, ਤੇ ਆਪਣਾ ਆਪ ਬਾਲ ਕੇ ਸਾਡਾ ਸਾਡਾ ਅੰਨ ਪਕਾਉਂਦੇ ਨੇ, ਹੋਰ ਤਾਂ ਹੋਰ ਜਿਹੜਾ ਕੁਹਾੜਾ ਇਨ੍ਹਾਂ ਤੇ ਵਾਰ ਕਰਦੈ, ਉਹਨੂੰ ਬਾਹਾਂ ਵੀ ਇਹ ਆਪ ਹੀ ਦਿੰਦੇ ਨੇ, ਮਿਲੂ ਕਿਤੇ ਇਹੋ ਜਿਹੇ ਤਿਆਗ ਵਾਲਾ ਸੁਭਾਅ,
ਬੰਦੇ ਦੀ ਜੂਨੀ ਵੀ ਦੋ ਧਿਰਾਂ ਚ ਵੰਡੀ ਪਈ,, ਇੱਕ ਲਚਾਰ ਨੇ ਤੇ ਦੂਜੇ ਮਕਾਰ ਨੇ ਲਚਾਰ ਮਰ ਰਹੇ ਨੇ, ਮਕਾਰ ਮਾਰ ਰਹੇ ਨੇ, ਬਹੁਤ ਦੁਰਗਤੀ ਕੀਤੀ ਐ ਯਾਰ ਇਹਨਾਂ ਨੇ ਬੰਦਿਆਂ ਦੀ ਸੱਚੀਂ, ਹੁਣ ਯਾਦ ਆਉਂਦਾ ਸ਼ੇਰੇ ਪੰਜਾਬ ਦਾ ਰਾਜ, ਹੂਕ ਨਿਕਲਦੀ ਆ,
ਨੀ ਮੜੀਏ ਸ਼ੇਰੇ-ਪੰਜਾਬ ਦੀਏ ਇੱਕ ਵਾਰ ਜਗਾਦੇ ਸ਼ੇਰ ਨੂੰ,
ਇਕ ਗੱਲ ਦੀ ਸਮਝ ਨੀ ਆਉਂਦੀ ਬਈ ਬਚਨ ਸਿਆਂ, “ਟੈਕਸ ਅਸੀਂ ਭਰੀਏ, ਹਰਜਾਨਾ ਅਸੀਂ ਭਰੀਏ, ਨਜ਼ਰਾਨਾ ਅਸੀਂ ਭਰੀਏ, ਸ਼ੁਕਰਾਨਾ ਅਸੀਂ ਭਰੀਏ,
ਪੈਸੇ ਸਾਡੇ , ਕੰਮ ਸਾਡੇ , ਓਏ ਵੋਟਾਂ ਵੀ ਸਾਡੀਆਂ, ਇਹਨਾਂ ਦਾ ਹੈ ਕੀ ਆ ਯਾਰ,
ਇਹਨਾਂ ਦਾ ਦਿਮਾਗ ਆ ਜਾਗਰ ਸਿੰਆ, ਸ਼ਾਤਰ ਦਿਮਾਗ, ਜਿਹਦੇ ਸਿਰ ‘ਤੇ ਰਾਜ ਕਰਦੇ ਐਂ,
ਕੱਲ੍ਹ ਮੇਰਾ ਪੋਤਾ ਆਪਣੇ ਮੂਬੈਲ ਤੇ ਫੋਟੋਆਂ ਜੀਆਂ ਦਿਖਾ ਕੇ ਕਹਿੰਦਾ ਬਾਬਾ ” ਇਹ ਕੈਨੇਡੇ ਦਾ ਪ੍ਰਧਾਨ ਮੰਤਰੀ ਆ, ਟੀਕਾ ਲਗਵਾਉਣ ਆਇਆ ਸੀ, ਆਮ ਬੰਦੇ ਵਾਂਗ ਟੀਕਾ ਲਗਵਾਕੇ ਚਲਾ ਗਿਆ , ਹਸਪਤਾਲ ਵਾਲੇ ਆਪਣਾ ਕੰਮ ਕਰਦੇ ਰਹੇ ,ਇੰਨੀ ਸਾਦਗੀ,
” ਇੱਕ ਸਾਡੇ ਦੇਖਲਾ, ਜੇ ਕਿਸੇ ਮੰਤਰੀ ਨੇ ਆਉਣਾ ਹੋਵੇ ਪਹਿਲਾਂ ਤਾਂ ਆਮ ਮਰੀਜ਼ਾਂ ਨੂੰ ਬਾਹਰ ਈ ਕੱਢ ਦੇਣਗੇ, ਮੰਤਰੀ ਆ ਗਿਆ ਓਏ ਮੰਤਰੀ ਆ ਗਿਆ ਓਏ, ਔਹ ਮਾਰ ਭੱਜੇ ਫਿਰਨਗੇ ਪਤੰਦਰ,
“ਉਹ ਕੁਝ ਤਾਂ ਆਪਾਂ ਵੀ ਜ਼ਿੰਮੇਵਾਰ ਆ ਜੰਗੀਰ ਸਿੰਆ, ਕੋਈ ਐੱਮ.ਐੱਲ.ਏ ਵੀ ਆਇਆ ਹੋਵੇ ਨਾ , ਮਖਿਆਲ ਦੀਆਂ ਮੱਖੀਆਂ ਵਾਂਗੂ ਡਿੱਗ ਪੈਨੇ ਆ ਜਾਕੇ,
ਬਸ ਕੁਝ ਗੱਲਾਂ ਸਾਡੇ ਖੂਨ ਚ ਆ ਜਾਣ, ਫਿਰ ਅਸੀਂ ਕਿਸੇ ਨੂੰ ਕਿੱਥੇ ਖੂਨ ਪੀਣ ਦੇਣਾ ਆਪਣਾ
ਜਸਵਿੰਦਰ ਸਿੰਘ ਚਾਹਲ