ਅੱਜ ਹਰਪ੍ਰੀਤ ਦੇ ਦਾਦਾ ਜੀ ਪਾਰਕ ‘ਚ ਗਰੀਬ ਬੱਚਿਆਂ ਤੋਂ ਕੇਕ ਕਟਵਾ ਕੇ ਉਨ੍ਹਾਂ ਨਾਲ ਜਨਮ ਦਿਨ ਮਨਾ ਰਹੇ ਸਨ। ਹਰਪ੍ਰੀਤ ਨੇ ਹੈਰਾਨ ਹੋ ਕੇ ਦਾਦਾ ਜੀ ਤੋਂ ਪੁੱਛਿਆ, “ਦਾਦਾ ਜੀ …… ਦਾਦਾ ਜੀ, ਇਹ ਤੁਸੀਂ ਕਿਸ ਦਾ ਜਨਮ ਦਿਨ ਮਨਾ ਰਹੇ ਹੋ? ਅੱਜ ਨਾ ਮੇਰਾ, ਨਾ ਪਾਪਾ ਦਾ, ਨਾ ਹੀ ਘਰੋਂ ਕਿਸੇ ਹੋਰ ਦਾ ਪਰ ਤੁਸੀਂ ਹਰ ਸਾਲ ਇਸ ਦਿਨ ਜਨਮ ਦਿਨ ਮਨਾਉੰਦੇ ਹੋ, ਅੱਜ ਤੁਸੀਂ ਇਹ ਰਾਜ਼ ਖੋਲ੍ਹ ਹੀ ਦਿਓ।”
ਦਾਦਾ ਜੀ ਨੇ ਕਿਹਾ, “ਹਰਪ੍ਰੀਤ, ਅੱਜ ਮੇਰੇ ਦੋਸਤ ਸੁਲੇਮਾਨ ਦਾ ਜਨਮ ਦਿਨ ਹੈ।” ਹਰਪ੍ਰੀਤ ਨੇ ਕਿਹਾ, “ਦਾਦਾ ਜੀ, ਉਹ ਮੈਨੂੰ ਕਦੇ ਮਿਲੇ ਹੀ ਨਹੀਂ, ਨਾ ਕਦੇ ਘਰ ਆਏ ਹਨ। ਉਹ ਕਿੱਥੇ ਰਹਿੰਦੇ ਹਨ?” ਦਾਦਾ ਜੀ ਨੇ ਕਿਹਾ, “ਬੇਟਾ, ਸੁਲੇਮਾਨ ਬਾਰੇ ਮੈਂ ਤੈਨੂੰ ਰਾਤੀਂ ਸੌਣ ਵੇਲੇ ਦੱਸਾਂਗਾ। ਹੁਣ ਤੂੰ ਜਾ ਕੇ ਦੋਸਤਾਂ ਨਾਲ ਖੇਡ।”
ਰਾਤੀਂ ਸੌਣ ਸਮੇਂ ਹਰਪ੍ਰੀਤ ਨੇ ਦਾਦਾ ਜੀ ਦੇ ਕੰਨ ‘ਚ ਕਿਹਾ, “ਦਾਦਾ ਜੀ, ਮੈਨੂੰ ਹੁਣ ਤੁਸੀਂ ਆਪਣੇ ਦੋਸਤ ਸੁਲੇਮਾਨ ਬਾਰੇ ਦੱਸੋ।”
ਦਾਦਾ ਜੀ ਨੇ ਦੱਸਿਆ ਕਿ ਸੁਲੇਮਾਨ, ਉਨ੍ਹਾਂ ਦਾ ਬਚਪਨ ਦਾ ਦੋਸਤ ਹੈ। ਉਹ ਦੋਵੇਂ ਇਕੱਠੇ ਖੇਡਣ, ਪੜ੍ਹਣ ਤੇ ਘੁੰਮਣ ਜਾਂਦੇ ਸਨ। ਇਹ ਉਸ ਵੇਲੇ ਦੀ ਗੱਲ ਹੈ। ਜਦ ਭਾਰਤ ਤੇ ਪਾਕਿਸਤਾਨ ਇੱਕ ਹੁੰਦੇ ਸਨ। ਉਸ ਵੇਲੇ ਸਿਰਫ ਅਸੀਂ ਦੋਵੇਂ ਪਰਿਵਾਰ ਹੀ ਨਹੀਂ ਸਗੋਂ ਹਰ ਵਿਅਕਤੀ ਚਾਹੇ ਉਹ ਕਿਸੇ ਵੀ ਜਾਤ-ਧਰਮ ਦਾ ਹੋਵੇ, ਮਿਲ-ਜੁਲ ਕੇ ਰਹਿੰਦਾ ਸੀਂਂ।
ਜਦ ਅੰਗ੍ਰੇਜਾਂ ਤੋਂ ਸਿੱਖ-ਹਿੰਦੂ-ਮੁਸਲਿਮ ਭਾਈਚਾਰਾ ਸਹਿਣ ਨਾ ਹੋ ਸਕਿਆ ਤਾਂ ਉਨ੍ਹਾਂ ਨੇ 1947 ਵਿਚ ਸਾਡੇ ‘ਚ ਫੁੱਟ ਪੁਆ ਕੇ ਇਕ ਵੱਡੀ ਜੰਗ ਕਰਵਾ ਦਿੱਤੀ। ਜਿਸ ਵਿੱਚ ਕਈਂ ਬੱਚੇ ਆਪਣੇ ਮਾਂ-ਬਾਪ ਅਤੇ ਮੇਰੇ ਤੇ ਸੁਲੇਮਾਨ ਵਰਗੇ ਕਈਂ ਦੋਸਤ ਇਕ ਦੂਜੇ ਤੋਂ ਵਿਛੜ ਗਏ। ਉਸ ਵੇਲੇ ਸਾਡੇ ਮੁਲਕ ਦੇ ਦੋ ਹਿੱਸੇ ਕੀਤੇ ਗਏ, ਜਿਸ ਦਾ ਇਕ ਹਿੱਸਾ ਭਾਰਤ ਵਿੱਚ ਹੀ ਰਿਹਾ ਤੇ ਇੱਕ ਪਾਕਿਸਤਾਨ ਬਣ ਗਿਆ। ਉਸ ਵੇਲੇ ਜਿਆਦਾਤਰ ਮੁਸਲਮਾਨ ਪਾਕਿਸਤਾਨ ਤੇ ਸਿੱਖ-ਹਿੰਦੂ ਭਾਰਤ ‘ਚ ਆ ਗਏ।
ਗੱਲ ਦੱਸਦੇ-ਦੱਸਦੇ ਹੀ ਦਾਦਾ ਜੀ, ਆਪਣੇ ਦੋਸਤ ਸੁਲੇਮਾਨ ਬਾਰੇ ਸੋਚ ਕੇ ਰੌਣ ਲੱਗ ਪਏ। ਹਰਪ੍ਰੀਤ ਨੇ ਦਾਦਾ ਜੀ ਦੇ ਹੰਝੂ ਪੁੰਝੇ ਤੇ ਕਿਹਾ, “ਦਾਦਾ ਜੀ, ਮੈਂ ਵੱਡਾ ਹੋ ਕੇ ਦੋਵੇਂ ਦੇਸ਼ਾਂ ਦੇ ਲੋਕਾਂ ‘ਚ ਇਕ ਦੂਜੇ ਪ੍ਰਤੀ ਨਫਰਤ ਖਤਮ ਕਰਕੇ ਦੁਬਾਰਾ ਭਾਈਚਾਰਾ ਕਾਇਮ ਕਰਨ ਦਾ ਯਤਨ ਕਰਾਂਗਾ।
Amanjot Singh Sadhaura