ਇਕ ਵਪਾਰੀ ਕੋਲ ਇਕ ਗਧਾ ਸੀ। ਉਹ ਗਧੇ ਉੱਪਰ ਸਮਾਨ ਰੱਖ ਕੇ ਉਸਨੂੰ ਸ਼ਹਿਰ ਵੇਚਣ ਜਾਂਦਾ ਸੀ। ਉਸ ਦੇ ਰਾਹ ਵਿਚ ਇਕ ਨਹਿਰ ਪੈਂਦੀ ਸੀ। ਇਕ ਦਿਨ ਉਸਨੇ ਗਧੇ ਉੱਪਰ ਤੜੀ ਰੱਖੀ ਅਤੇ ਸ਼ਹਿਰ ਨੂੰ ਤੁਰ ਪਿਆ। ਨਦੀ ਪਾਰ ਕਰਨ ਵੇਲੇ ਗਧੇ ਦਾ ਅਚਾਨਕ ਪੈਰ ਖਿਸਕ ਗਿਆ ਅਤੇ ਉਹ ਪਾਣੀ ਵਿਚ ਡਿੱਗ ਪਿਆ। ਸਾਰੀ ਤੁੜੀ ਪਾਣੀ ਵਿਚ ਰੁੜ ਗਈ। ਗਧੇ ਨੇ ਆਪਣੇ ਆਪ ਨੂੰ ਬੜਾ ਹੌਲਾ ਮਹਿਸੂਸ ਕੀਤਾ। ਵਪਾਰੀ ਨੇ ਹੁਣ ਸ਼ਹਿਰ ਜਾਣਾ ਠੀਕ ਨਾ ਸਮਝਿਆ ਅਤੇ ਉਹ ਵਾਪਸ ਘਰ ਆ ਗਿਆ। ਅਗਲੇ ਦਿਨ ਵਪਾਰੀ ਨੇ ਗਧੇ ਉੱਪਰ ਖੁੱਲਾ ਲੂਣ ਰੱਖਿਆ ਅਤੇ ਸ਼ਹਿਰ ਨੂੰ ਤੁਰ ਪਿਆ। ਠੀਕ ਨਹਿਰ ਦੇ ਵਿਚਾਲੇ ਆ ਕੇ ਗਧਾ ਜਾਣ ਬੁੱਝ ਕੇ ਡਿੱਗ ਪਿਆ। ਪਾਣੀ ਲੱਗਦੇ ਹੀ ਲੂਣ ਖੁੱਰ ਗਿਆ। ਖੋਤਾ ਅੱਗੇ ਨਾਲੋਂ ਵੀ ਹੌਲਾ ਹੋ ਕੇ ਪਾਣੀ ਵਿੱਚੋਂ ਬਾਹਰ ਆਇਆ। ਉਸਨੂੰ ਇਹ ਸਕੀਮ ਚੰਗੀ ਲੱਗੀ। ਉਸਨੇ ਸੋਚਿਆ ਕਿ ਉਹ ਹਰ ਰੋਜ਼ ਇੰਜ ਹੀ ਕਰਿਆ ਕਰੇਗਾ ਅਤੇ ਮਾਲਕ ਵੱਲੋਂ ਲੱਦੇ ਭਾਰ ਤੋਂ ਛੁਟਕਾਰਾ ਪਾਇਆ ਕਰੇਗਾ। ਵਪਾਰੀ ਗਧੇ ਦੀ ਚਲਾਕੀ ਸਮਝ ਗਿਆ। ਉਸਨੇ ਉਸਨੂੰ ਅਕਲ ਸਿਖਾਉਣ ਦੀ ਸੋਚੀ।
ਤੀਜੇ ਦਿਨ ਉਸਨੇ ਗਧੇ ਉੱਪਰ ਕਪਾਹ ਲੱਦ ਦਿੱਤੀ। ਭਾਰ ਪਹਿਲਾਂ ਹੀ ਹੌਲਾ ਹੋਣ ਕਰਕੇ ਗਧਾ ਖੁਸ਼ੀ-ਖੁਸ਼ੀ ਤੁਰ ਪਿਆ। ਨਦੀ ਦੇ ਵਿਚਾਲੇ ਜਾ ਕੇ ਆਪਣੀ ਬਣਾਈ ਸਕੀਮ ਅਨੁਸਾਰ ਗਧਾ ਪਾਣੀ ਵਿਚ ਡਿੱਗ ਪਿਆ। ਪਰ ਉੱਠਣ ਲੱਗਿਆਂ ਉਸ ਤੋਂ ਉੱਠਿਆ ਨਾ ਜਾਵੇ। ਕਪਾਹ ਪਾਣੀ ਨਾਲ ਬੜੀ ਭਾਰੀ ਹੋ ਗਈ ਸੀ। ਉੱਧਰ ਵਪਾਰੀ ਗਧੇ ਨੂੰ ਉਠਾਉਣ ਲਈ ਸੋਟੇ ਮਾਰਨ ਲੱਗਾ। ਗਧਾ ਬਹੁਤ ਪਛਤਾਇਆ। ਉਸ ਦੇ ਵਿਚਾਰ ਵਿਚ ਇਹ ਗੱਲ ਆਈ ਕਿ ਬਹੁਤੀ ਚਲਾਕੀ ਚੰਗੀ ਨਹੀਂ ਹੁੰਦੀ।
ਸਿੱਖਿਆ-ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ।