ਜੀ ਸੁਣਦੇ ਓ,ਆਹ ਬਾਪੂ ਜੀ ਦੀ ਦਵਾਈ ਮੁੱਕੀ ਪਈ ਆ,ਲੈ ਕੇ ਆਇਓ,ਪਰਚੀ ਫੜ੍ਹਾਉਦਿਆ ਸੁੱਖੀ ਨੇ ਆਪਣੇ ਘਰਵਾਲੇ ਜੀਤੇ ਨੂੰ ਕਿਹਾ।”ਸੁੱਖੀ ਅੱਜ ਦਿਹਾੜੀ ਘੱਟ ਹੋਈ ਸੀ,ਕੱਲਾ ਆਟਾ ਈ ਪੂਰਾ ਹੋਇਆ, ਕੱਲ੍ਹ ਲੈ ਆਊਗਾ ,ਜੀਤਾ ਨਿਰਾਸ਼ ਹੋ ਕੇ ਬੋਲਿਆ।ਚੱਲ੍ਹ ਠੀਕ ਆ ,ਆਖ ਸੁੱਖੀ ਅੰਦਰ ਗਈ ਤੇ ਕਾਫੀ ਦੇਰ ਸੋਚਣ ਪਿੱਛੋਂ ਮੰਜੇ ਤੇ ਪਏ ਜੀਤੇ ਨੂੰ ਆਖਣ ਲੱਗੀ, ਸੁਣੋ ਜੀ ਆਪਣੇ ਪਿੰਦਰ ਦੇ ਦਾਖਲੇ ਵਾਸਤੇ ਕੱਲ੍ਹ ਭੈਣ ਜੀਆਂ ਆਈਆਂ ਸੀ,ਕਹਿੰਦੇ ਕੋਈ ਧਾਰਮਿਕ ਸੰਸਥਾ ਖੁੱਲ੍ਹੀ ਆ, ਗਰੀਬ ਬੱਚਿਆਂ ਦੀ ਪੜ੍ਹਾਈ ਮੁਫਤ ਆ,ਮੈਂ ਤਾ ਆਂਹਦੀ ਆ ਮੈਂ ਵੀ ਉੱਥੇ ਲੱਗ ਜਾ਼ਦੀ ਆ ਚਾਹ ਪਾਣੀ ਬਣਾਉਣ ਤੇ,ਮਿਹਨਤ ਦਾ ਕਾਹਦਾ ਡਰ ਆ ,ਪਤੀ ਦੇ ਬੇਰੰਗ ਚਿਹਰੇ ਤੇ ਆਸ ਦੀ ਕਿਰਨ ਜਗਾਉਦਿਆਂ ਸੁੱਖੀ ਨੇ ਕਿਹਾ।
ਚੱਲ ਦੇਖ ਲਾ ਜਿਵੇਂ ਤੈਨੂੰ ਠੀਕ ਲੱਗੇ।ਸੁੱਖੀ ਸੇਵਾਦਾਰ ਵਜੋਂ ਕੰਮ ਕਰਨ ਲੱਗ ਗਈ,ਉਹਨੂੰ 1500 ਰੁਪਿਆ ਮਹੀਨਾ ਮਿਲਦਾ ਸੀ।ਕਈ ਮਹੀਨੇ ਬੀਤ ਗਏ, ਅਚਾਨਕ ਸੁੱਖੀ ਨੂੰ ਇੱਕ ਦਿਨ ਬਹੁਤ ਤੇਜ਼ ਬੁਖਾਰ ਹੋ ਗਿਆ, ਛੁੱਟੀ ਵੀ ਨਾ ਲਈ ਗਈ।ਅਗਲੇ ਦਿਨ ਕੰਮ ਤੇ ਗਈ ਸੁੱਖੀ ਨੂੰ ਸੈਕਟਰੀ ਰਣਜੀਤ ਸਿੰਘ ਨੇ ਖੂਬ ਝਿੜਕਾਂ ਦਿੱਤੀਆਂ।ਰਣਜੀਤ ਸਿੰਘ ਦਾ ਸੰਸਥਾ ਵਿੱਚ ਸਭ ਤੋਂ ਉੱਚਾ ਅਹੁਦਾ ਸੀ,ਮਹੀਨੇ ਦਾ ਅੰਤ ਸੀ ਤਾਂ ਉਸਨੇ ਤਨਖਾਹਾਂ ਪਵਾਉਣ ਲਈ ਚੇਅਰਮੈਨ ਨੂੰ ਚਿੱਠੀ ਲਿਖੀ,ਕਿ ਸੁਖਜੀਤ ਕੌਰ ਦੇ ਬਿਨਾਂ ਪੁੱਛੇ ਗੈਰ ਹਾਜ਼ਰ ਰਹਿਣ ਕਰਕੇ ਤਨਖਾਹ ਕੱਟੀ ਜਾਵੇ ਅਤੇ ਰਣਜੀਤ ਸਿੰਘ ਦੀ ਤਨਖਾਹ ਵਿੱਚ ਵਾਧਾ ਕੀਤਾ ਜਾਵੇ।
ਕੁਝ ਦਿਨਾਂ ਬਾਅਦ ਤਨਖਾਹ ਲਿਜਾਣ ਲਈ ਸੁੱਖੀ ਨੂੰ ਸੁਨੇਹਾ ਆਇਆ ,ਸੈਕਟਰੀ ਨੇ 500ਦਾ ਨੋਟ ਦਿੰਦਿਆਂ ਸੁੱਖੀ ਨੂੰ ਕਿਹਾ “ਆਹ ਲੈ ਤੇਰੀ ਇਸ ਮਹੀਨੇ ਦੀ ਮਿਹਨਤ”,ਹਾਂ ਨਾਲੇ ਆਹ ਮਿਠਾਈ ਦਾ ਡੱਬਾ ਲੈ ਜਾ ਤੇ ਦਫਤਰ ‘ਚ’ ਵੰਡ ਦੇ,ਮੇਰੀ ਤਨਖਾਹ ‘ਚ’ ਵਾਧਾ ਹੋਇਐ।ਸੋਚਾਂ ‘ਚ’ ਡੁੱਬੀ ਸੁੱਖੀ ਨੇ ਡੱਬਾ ਫੜ੍ਹਿਆ ਤੇ ਬਾਹਰ ਆ ਗਈ।ਉਹਨੂੰ ਸਮਝ ਨਹੀਂ ਸੀ ਆ ਰਿਹਾ,ਆਪ- ਮੁਹਾਰੇ ਅੱਥਰੂ ਵਹਿ ਰਹੇ ਸਨ,ਅਚਾਨਕ ਉਸਦੀ ਨਜ਼ਰ ਸਾਹਮਣੇ ਲਿਖੀ ਪੰਕਤੀ ਤੇ ਪਈ,” ਹਕੁ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ”।
ਪੰਕਤੀ ਪੜ੍ਹ ਉਸਦੀਆਂ ਅੱਖਾਂ ਵਿੱਚ ਇੱਕ ਅਨੋਖੀ ਚਮਕ ਆ ਗਈ ਤੇ ਆਪਣੇ ਆਪ ਨੂੰ ਕਿਸੇ ਸਬਰ ਦੇ ਬੰਨ੍ਹ ਨਾਲ ਬੰਨ੍ਹਦੀ ਮਿਠਾਈ ਵੰਡਣ ਤੁਰ ਪਈ,ਸ਼ਾਇਦ ਉਸਨੂੰ ਪੰਕਤੀ ਪੜ੍ਹ ਕੇ ਬਾਬੇ ਨਾਨਕ ਦੀ ਆਖੀ ਉਹ ਗੱਲ ਸਮਝ ਆ ਗਈ ਸੀ ਜੋ ਧਾਰਮਿਕ ਸੰਸਥਾ ਦੇ ਉਸ ਮੁਹਤਬਾਰ ਦੀ ਸਮਝ ਤੋਂ ਕੋਹਾਂ ਦੂਰ ਸੀ।
ਨਵਜੋਤ ਕੌਰ’ਖਿਆਲੀ