ਇਕ ਵਾਰ ਇਕ ਤਲਾਅ ਵਿਚ ਤਿੰਨ ਮੱਛੀਆਂ ਰਹਿੰਦੀਆਂ ਸਨ। ਇਹਨਾਂ ਮੱਛੀਆਂ ਵਿਚੋਂ ਇਕ ਭਵਿੱਖ ਤੇ ਵਿਚਾਰ ਕਰਨ ਵਾਲੀ, ਦੂਜੀ ਵੇਲੇ ਸਿਰ ਕੰਮ ਕਰਨ ਵਾਲੀ ਤੇ ਤੀਜੀ ਸਿਰਫ ਭਾਗਾਂ ‘ਤੇ ਵਿਸ਼ਵਾਸ ਰੱਖਣ ਵਾਲੀ ਸੀ। ਅਕਸਰ ਉਹਨਾਂ ਤਿੰਨਾਂ ਦੀ ਬਹਿਸ ਹੁੰਦੀ ਰਹਿੰਦੀ। ਇਕ ਦਿਨ ਕੁਝ ਮਛੇਰੇ ਉਸ ਤਲਾਅ ਕੋਲੋਂ ਲੰਘ ਰਹੇ ਸਨ। ਉਹ ਆਪਸ ਵਿਚ ਵਿਚਾਰ ਕਰ ਰਹੇ ਸਨ ਕਿ ਇਸ ਤਲਾਅ ਵਿਚ ਬਹੁਤ ਸਾਰੀਆਂ ਮੱਛੀਆਂ ਹਨ, ਕਿਉਂ ਨਾ ਕਲ ਨੂੰ ਇਸ ਤਲਾਅ ਵਿਚ ਹੀ ਜਾਲ ਸੁੱਟਿਆ ਜਾਵੇ। ਉਹਨਾਂ ਤਿੰਨਾਂ ਮੱਛੀਆਂ ਨੇ ਉਹਨਾਂ ਮਛੇਰਿਆਂ ਦੀ ਗੱਲਬਾਤ ਸੁਣ ਲਈ। ਭਵਿੱਖ ਬਾਰੇ ਵਿਚਾਰ ਕਰਨ ਵਾਲੀ ਮੱਛੀ ਨੇ ਆਪਣੀਆਂ ਸਹੇਲੀਆਂ ਨੂੰ ਬੁਲਾ ਕੇ ਕਿਹਾ, “ਕੀ ਤੁਸੀਂ ਉਹਨਾਂ ਮਛੇਰਿਆਂ ਦੀ ਗੱਲ ਸੁਣੀ ਹੈ ? ਸਾਨੂੰ ਰਾਤੋ-ਰਾਤ ਹੀ ਇਸ ਤਲਾਅ ਵਿਚੋਂ ਚਲੇ ਜਾਣਾ ਚਾਹੀਦਾ ਹੈ। ਨਿਰਸੰਦੇਹ ਮਛੇਰੇ ਕਲ੍ਹ ਨੂੰ ਆਉਣਗੇ ਅਤੇ ਸਾਨੂੰ ਫੜ ਕੇ ਲੈ ਜਾਣਗੇ। ਇਹ ਸੁਣ ਕੇ ਵਕਤ ਸਿਰ ਕੰਮ ਕਰਨ ਵਾਲੀ ਮੱਛੀ ਉਸ ਦੀ ਇਸ ਗੱਲ ਨਾਲ ਇਕਦਮ ਸਹਿਮਤ ਹੋ ਗਈ ਕਿ ਸਾਨੂੰ ਇਸ ਤਲਾਅ ਵਿਚੋਂ ਕਿਸੇ ਦੂਜੀ ਥਾਂ ਚਲੇ ਜਾਣਾ ਚਾਹੀਦਾ ਹੈ।
ਉਹਨਾਂ ਦੋਵਾਂ ਦੀ ਗੱਲ ਸੁਣ ਕੇ ਤੀਜੀ ਮੱਛੀ ਜ਼ੋਰ-ਜ਼ੋਰ ਦੀ ਹੱਸੀ। ਉਸ ਨੂੰ ਪਹਿਲੀਆਂ ਦੋਵੇਂ ਮੱਛੀਆਂ ਬੇਵਕੂਫ ਨਜ਼ਰ ਆ ਰਹੀਆਂ ਸਨ। ਉਹ ਉਹਨਾਂ ਦੀ ਗੱਲ ਮੰਨਣ ਲਈ ਤਿਆਰ ਨਹੀਂ ਸੀ। ਉਹ ਆਪਣੇ ਪਿਓ-ਦਾਦੇ ਦਾ ਤਲਾਅ ਕਿਸੇ ਕੀਮਤ ‘ਤੇ ਵੀ ਛੱਡਣ ਲਈ ਤਿਆਰ ਨਹੀਂ ਸੀ। ਉਸ ਦੀ ਸੋਚ ਇਹੀ ਸੀ ਕਿ ਜੇ ਅਸੀਂ ਮਰਨਾ ਹੀ ਹੈ, ਮੌਤ ਜਾ ਕੇ ਵੀ ਆ ਜਾਵੇਗੀ। ਇਸ ਲਈ ਉਸ ਨੇ ਉਹਨਾਂ ਨੂੰ ਆਖਿਆ, “ਮੈਂ ਤਾਂ ਦੂਜੀ ਥਾਂ ਨਹੀਂ ਜਾਵਾਂਗੀ, ਤੁਹਾਨੂੰ ਦੋਹਾਂ ਨੂੰ ਜੋ ਚੰਗਾ ਲੱਗਦਾ ਹੈ ਕਰੋ। ਉਸ ਦੀ ਗੱਲ ਸੁਣ ਕੇ ਪਹਿਲੀਆਂ ਦੋਵੇਂ ਮੱਛੀਆਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਰਾਤੋ-ਰਾਤ ਤਲਾਅ ਖਾਲੀ ਕਰ ਗਈਆਂ।
ਦੂਜੇ ਦਿਨ ਮਛੇਰੇ ਆਏ। ਉਹਨਾਂ ਨੇ ਜਾਲ ਸੁੱਟਿਆ ਤੇ ਵਿਸ਼ਵਾਸ ਕਰਨ ਵਾਲੀ ਮੱਛੀ ਨੂੰ ਉਸ ਦੇ ਪਰਿਵਾਰ ਸਮੇਤ ਫੜ ਲਿਆ। ਹੁਣ ਉਹ ਪਛਤਾ ਰਹੀ ਸੀ।
ਸਿੱਖਿਆ-ਨਿਰੇ ਕਰਮਾਂ ’ਤੇ ਵਿਸ਼ਵਾਸ ਕਰਨ ਵਾਲੇ ਮੂਰਖ ਹੁੰਦੇ ਹਨ।