ਜੁਗਤੀ ਸ਼ਕਤੀ ਨਾਲੋਂ ਤਾਕਤਵਰ ਹੈ 

by Sandeep Kaur

ਇਕ ਵਾਰ ਦੀ ਗੱਲ ਹੈ ਕਿ ਇਕ ਪਿੰਡ ਵਿਚ ਇਕ ਵਪਾਰੀ ਰਹਿੰਦਾ ਸੀ।ਉਹ ਟੋਪੀਆਂ ਵੇਚਣ ਦਾ ਕੰਮ ਕਰਦਾ ਸੀ। ਇਕ ਵਾਰ ਨੇੜੇ ਦੇ ਕਿਸੇ ਪਿੰਡ ਵਿਚ ਮੇਲਾ ਲੱਗਿਆ ਹੋਇਆ ਸੀ। ਉਸਨੇ ਸੋਚਿਆ ਕਿਉਂ ਨਾ ਉਹ ਮੇਲੇ ਵਿਚ ਟੋਪੀਆਂ ਹੀ ਵੇਚ ਆਵੇ। ਇਸ ਲਈ ਉਹ ਟੋਪੀਆਂ ਵੇਚਣ ਲਈ ਮੇਲੇ ਵੱਲ ਚੱਲ ਪਿਆ। 

ਰਸਤੇ ਵਿਚ ਇਕ ਜੰਗਲ ਆਉਂਦਾ ਸੀ। ਗਰਮੀ ਬਹੁਤ ਵੱਧ ਸੀ। ਟੋਪੀਆਂ ਵਾਲਾ, ਜੰਗਲ ਵਿਚ ਆਪਣੀ ਟੋਪੀਆਂ ਵਾਲੀ ਗੰਢ ਇਕ ਪਾਸੇ ਰੱਖ ਕੇ, ਇਕ ਰੁੱਖ ਥੱਲੇ ਸੌਂ ਗਿਆ। ਲੇਟਦੇ ਹੀ ਉਸ ਨੂੰ ਨੀਂਦ ਆ ਗਈ। ਉਸ ਰੁੱਖ ਉੱਪਰ ਕੁਝ ਬਾਂਦਰ ਰਹਿੰਦੇ ਸਨ। ਹੌਲੀ-ਹੌਲੀ ਕਰਕੇ ਬਾਂਦਰ ਹੇਠਾਂ ਆਏ ਅਤੇ ਉਹਨਾਂ ਨੇ ਵਪਾਰੀ ਦੀ ਟੋਪੀਆਂ ਵਾਲੀ ਗੰਢ ਨੂੰ ਫਰੋਲ ਸੁੱਟਿਆ। ਉਹਨਾਂ ਸਾਰਿਆਂ ਨੇ ਇਕ-ਇਕ ਟੋਪੀ ਆਪਣੇ-ਆਪਣੇ ਸਿਰ ‘ਤੇ ਲੈ ਲਈ। ਟੋਪੀਆਂ ਸਿਰ ਤੇ ਲੈ ਕੇ ਬਾਂਦਰ ਰੁੱਖ ਤੇ ਚੜ੍ਹ ਗਏ। 

ਕੁਝ ਦੇਰ ਸੌਣ ਤੋਂ ਬਾਅਦ ਵਪਾਰੀ ਦੀ ਜਾਗ ਖੁੱਲੀ। ਉਸ ਨੇ ਵੇਖਿਆ ਕਿ ਉਸ ਦੀ ਟੋਪੀਆਂ ਵਾਲੀ ਗੰਢ ਉੱਥੇ ਨਹੀਂ ਸੀ।ਵਪਾਰੀ ਹੈਰਾਨ ਹੋਣ ਲੱਗਾ। ਉਸ ਨੇ ਸੋਚਿਆ ਕਿ ਉਸ ਦੀ ਗੰਦ ਜ਼ਰੂਰ ਕੋਈ ਚੋਰ ਚੁੱਕ ਕੇ ਲੈ ਗਿਆ ਹੈ। ਉਹ ਵਿਚਾਰਾ ਘਬਰਾ ਗਿਆ। ਅਚਾਨਕ ਹੀ ਉਸ ਨੇ ਰੁੱਖ ਉੱਪਰ ਬਾਂਦਰਾਂ ਦੀ ਆਵਾਜ਼ ਸੁਣੀ। ਜਦੋਂ ਉਸ ਨੇ ਉੱਪਰ ਨੂੰ ਨਿਗਾਹ ਮਾਰੀ ਤਾਂ ਉਸ ਨੇ ਸਾਰੀਆਂ ਟੋਪੀਆਂ ਬਾਂਦਰਾਂ ਦੇ ਸਿਰਾਂ ‘ਤੇ ਵੇਖੀਆਂ। ਉਹ ਬਾਂਦਰਾਂ ਨੂੰ ਡਰਾਉਣਧਮਕਾਉਣ ਲੱਗਾ ਪਰ ਬਾਂਦਰਾਂ ‘ਤੇ ਉਸ ਦਾ ਕੋਈ ਅਸਰ ਨਾ ਹੋਇਆ। 

ਵਪਾਰੀ ਸਿਆਣਾ ਬਹੁਤ ਸੀ।ਉਸਨੂੰ ਪਤਾ ਸੀ ਕਿ ਬਾਂਦਰ ਹਰ ਚੀਜ਼ ਦੀ ਨਕਲ ਕਰਦੇ ਸਨ। ਇਸ ਲਈ ਉਸ ਨੂੰ ਇਕ ਗੱਲ ਸੁੱਝੀ। ਉਸਨੇ ਬਾਂਦਰਾਂ ਵੱਲ ਨੂੰ ਮੂੰਹ ਕਰ ਕੇ ਕਿਹਾ ਕਿ ਜੇ ਉਹਨਾਂ ਨੇ ਟੋਪੀਆਂ ਨਹੀਂ ਦੇਣੀਆਂ ਤਾਂ ਉਸ ਦੇ ਸਿਰ ਵਾਲੀ ਟੋਪੀ ਵੀ ਲੈ ਜਾਣ। ਉਸ ਨੇ ਗੁੱਸੇ ਵਿਚ ਆ ਕੇ ਆਪਣੇ ਸਿਰੋਂ ਟੋਪੀ ਲਾਹ ਕੇ ਥੱਲੇ ਸੁੱਟ ਦਿੱਤੀ। ਅਜਿਹਾ ਇਸ ਤਰਾਂ ਉਸ ਨੇ ਦੋ ਤਿੰਨ ਵਾਰ ਕੀਤਾ। ਬਾਂਦਰਾਂ ਨੇ ਵੀ ਇਸ ਤਰ੍ਹਾਂ ਹੀ ਕੀਤਾ।ਉਹਨਾਂ ਨੇ ਵੀ ਟੋਪੀਆਂ ਸਿਰੋਂ ਲਾਹ-ਲਾਹ ਕੇ ਥੱਲੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਵਪਾਰੀ ਨੇ ਟੋਪੀਆਂ ਇਕੱਠੀਆਂ ਕੀਤੀਆਂ ਤੇ ਆਪਣੇ ਰਾਹ ਚੱਲ ਪਿਆ।

 

 ਸਿੱਖਿਆ-ਜੁਗਤੀ ਸ਼ਕਤੀ ਨਾਲੋਂ ਤਾਕਤਵਰ ਹੁੰਦੀ ਹੈ।

You may also like