ਚਲਾਕ ਖਰਗੋਸ਼ 

by Sandeep Kaur

ਇਕ ਸ਼ੇਰ ਹਰ ਰੋਜ਼ ਬਹੁਤ ਸਾਰੇ ਜੰਗਲੀ ਜੀਵਾਂ ਨੂੰ ਮਾਰਦਾ ਸੀ। ਉਹ ਉਹਨਾਂ ਵਿਚੋਂ ਇਕ ਅੱਧ ਨੂੰ ਖਾਂਦਾ ਤੇ ਬਾਕੀਆਂ ਨੂੰ ਸੁੱਟ ਦਿੰਦਾ ਸੀ। ਜੰਗਲ ਦੇ ਸਾਰੇ ਜਾਨਵਰਾਂ ਨੇ ਇਕ ਦਿਨ ਇੱਕਠਿਆਂ ਰੱਲ ਕੇ ਫੈਸਲਾ ਕੀਤਾ ਕਿ ਅਸੀਂ ਸਾਰੇ ਸ਼ੇਰ ਕੋਲ ਜਾ ਕੇ ਅਰਜ਼ ਕਰਾਂਗੇ ਕਿ ਅਸੀਂ ਉਸ ਨੂੰ ਖਾਣ ਲਈ ਹਰ ਰੋਜ਼ ਇਕ ਜਾਨਵਰ ਭੇਜ ਦਿਆ ਕਰਾਂਗੇ ਅਤੇ ਇਸ ਦੇ ਬਦਲੇ ਵਿਚ ਉਹ ਐਵੇਂ ਜੰਗਲੀ ਜਾਨਵਰਾਂ ਦਾ ਅੰਤ ਨਹੀਂ ਕਰੇਗਾ। 

ਸ਼ੇਰ ਨੂੰ ਜਾ ਕੇ ਉਹਨਾਂ ਨੇ ਆਪਣੀ ਗੱਲ ਦੱਸੀ ਤਾਂ ਸ਼ੇਰ ਝੱਟ ਮੰਨ ਗਿਆ। ਇਕ ਦਿਨ ਖਰਗੋਸ਼ ਦੀ ਵਾਰੀ ਆ ਗਈ। ਖਰਗੋਸ਼ ਬੜਾ ਚੁਸਤ ਅਤੇ ਚਲਾਕ ਸੀ। ਉਹ ਹਾਲੀ ਮਰਨਾ ਨਹੀਂ ਚਾਹੁੰਦਾ ਸੀ ਪਰ ਸ਼ੋਰ ਨਾਲ ਕੀਤਾ ਵਾਅਦਾ ਵੀ ਉਸ ਨੂੰ ਯਾਦ ਸੀ। ਉਸ ਨੂੰ ਪਤਾ ਸੀ ਕਿ ਜੇ ਉਹ ਸ਼ੇਰ ਕੋਲ ਨਾ ਗਿਆ ਤਾਂ ਸ਼ੇਰ ਜੰਗਲ ਦੇ ਸਾਰੇ ਜਾਨਵਰਾਂ ਦਾ ਨਾਸ਼ ਕਰ ਦੇਵੇਗਾ। ਉਦਾਸ ਮਨ ਨਾਲ ਖਰਗੋਸ਼ ਸ਼ੇਰ ਦੀ ਗੁਫਾ ਵੱਲ ਚੱਲ ਪਿਆ। ਉਹ ਰਾਹ ਵਿਚ ਸ਼ੇਰ ਨੂੰ ਮਾਰਨ ਦੇ ਵਿਚਾਰ ਸੋਚਣ ਲੱਗਾ।  

ਕਾਫੀ ਦੇਰ ਬਾਅਦ ਜਦ ਖਰਗੋਸ਼ ਸ਼ੇਰ ਦੀ ਗੁਫਾ ਕੋਲ ਪੁੱਜਾ ਤਾਂ ਸ਼ੇਰ ਉਸ ਨੂੰ ਵੇਖ ਕੇ ਗਰਜਣ ਲੱਗ ਪਿਆ। ਉਸ ਨੇ ਕਿਹਾ ਕਿ, “ਇਕ ਤਾਂ ਤੂੰ ਉਵੇਂ ਹੀ ਛੋਟਾ ਜਿਹਾ ਹੈ। ਦੂਜਾ ਇੰਨੀ ਦੇਰ ਲਾ ਕੇ ਆਇਆ ਹੈ। ਭੁੱਖ ਨਾਲ ਮੇਰੀ ਜਾਨ ਨਿਕਲ ਰਹੀ ਹੈ। ਖਰਗੋਸ਼ ਨੇ ਠਰੰਮੇ ਨਾਲ ਕਿਹਾ, ਹਜ਼ੂਰ, ਮੈਂ ਤਾਂ ਕਦੋਂ ਦਾ ਤੁਹਾਡੇ ਕੋਲ ਪੁੱਜ ਜਾਣਾ ਸੀ ਪਰ ਮੈਂ ਕੀ ਕਰਦਾ ? ਰਸਤੇ ਵਿਚ ਮੈਨੂੰ ਇਕ ਹੋਰ ਸ਼ੇਰ ਮਿਲ ਗਿਆ। ਉਹ ਮੈਨੂੰ ਖਾਣਾ ਚਾਹੁੰਦਾ ਸੀ ਪਰ ਮੈਂ ਤੁਹਾਡੀ ਖਾਤਰ ਆਪਣੇ ਆਪ ਨੂੰ ਬਚਾ ਕੇ ਲਿਆਂਦਾ ਹੈ। ਖਰਗੋਸ਼ ਦੀ ਗੱਲ ਸੁਣ ਕੇ ਸ਼ੇਰ ਨੂੰ ਹੋਰ ਵੀ ਗੁੱਸਾ ਆ ਗਿਆ। ਕਿੱਥੇ ਹੈ ਉਹ ਸ਼ੇਰ ? ਚੱਲ ਮੈਨੂੰ ਵਿਖਾ, ਪਹਿਲਾਂ ਮੈਂ ਉਸ ਨੂੰ ਮਾਰਾਂਗਾ, ਫਿਰ ਤੈਨੂੰ ਖਾਵਾਂਗਾਂ। ਚੁਸਤ ਖਰਗੋਸ਼ ਸ਼ੇਰ ਨੂੰ ਇਕ ਉਜਾੜ ਖੂਹ ਤੇ ਲੈ ਗਿਆ। ਸ਼ੇਰ ਨੇ ਖੁਦ ਵਿਚ ਆਪਣਾ ਪਰਛਾਵਾਂ ਵੇਖਿਆ। ਉਸ ਨੇ ਸਮਝਿਆ ਕਿ ਕੋਈ ਦੂਜਾ ਸ਼ੇਰ ਖੁਹ ਵਿਚ ਬੈਠਾ ਹੈ। ਸ਼ੇਰ ਜ਼ੋਰ ਦੀ ਗਰਜਿਆ ਤਾਂ ਗਰਜ ਦੀ ਆਵਾਜ਼ ਖੂਹ ਵਿਚੋਂ ਵੀ ਆਈ। ਹੁਣ ਸ਼ੇਰ ਤੋਂ ਹੋਰ ਬਰਦਾਸ਼ਤ ਨਾ ਹੋ ਸਕਿਆ। ਉਸ ਨੇ ਖੁਹ ਵਾਲੇ ਸ਼ੇਰ ਨੂੰ ਸਜ਼ਾ ਦੇਣ ਲਈ ਖੁਹ ਵਿਚ ਛਾਲ ਮਾਰ ਦਿੱਤੀ। ਖੂਹ ਬਹੁਤ ਡੂੰਘਾ ਸੀ। ਸ਼ੇਰ ਖੂਹ ਵਿਚ ਹੀ ਡੁੱਬ ਕੇ ਮਰ ਗਿਆ। 

ਚਲਾਕ ਖਰਗੋਸ਼ ਨੇ ਸੁੱਖ ਦਾ ਸਾਹ ਲਿਆ। ਉਹ ਜੰਗਲੀ ਜੀਵਾਂ ਨੂੰ ਇਹ ਖੁਸ਼ਖਬਰੀ ਸੁਣਾਉਣ ਲਈ ਜੰਗਲ ਵੱਲ ਦੌੜ ਪਿਆ।

 

 ਸਿੱਖਿਆ-ਸਰੀਰਕ ਬਲ ਨਾਲੋਂ ਬੁੱਧੀ ਬਲ ਕਿਤੇ ਵੱਡਾ ਹੁੰਦਾ ਹੈ।

You may also like