ਤਿਮਾਹੀ ਇਮਤਿਹਾਨ ਸਨ। ਮੈਂ ਕਲਾਸ ਵਿਚ ਗਈ ਤਾਂ ਸੁਨੀਤਾ ਜ਼ਾਰ ਜ਼ਾਰ ਹੋ ਰਹੀ ਸੀ। ਕੁੜੀਆਂ ਨੇ ਦੱਸਿਆ, ਦੀਦੀ, ਸੁਨੀਤਾ ਕੋਲ ਇਕ ਵੀ ਕਿਤਾਬ ਨਹੀਂ। ਇਹ ਖੀਦ ਨਹੀਂ ਸਕਦੀ। ਇਹਦਾ ਬਾਪ ਹੈ ਨਹੀਂ, ਭਰਾ ਪਾਗਲ ਏ ਤੇ ਮਾਂ ਭਾਂਡੇ ਮਾਂਜਦੀ ਏ।
ਮੈਨੂੰ ਲੱਗਦਾ ਕਿ ਮੇਰੀਆਂ ਅੱਖਾਂ ਦੇ ਕੋਨਿਆਂ ਵਿਚ, ਕਲਾਸ ਵਿਚ ਬੈਠਿਆਂ ਹੀ ਅੱਥਰੂ ਝਲਕ ਆਏ ਸਨ।
ਮੈਂ ਕਲਾਸ ਦੀਆਂ ਕੁੜੀਆਂ ਨੂੰ ਕੁਝ ਦਿਨਾਂ ਲਈ ਉਹਨੂੰ ਕਿਤਾਬਾਂ ਦੇਣ ਲਈ ਕਿਹਾ। ਦੋ ਤਿੰਨ ਕਿਤਾਬਾਂ ਮੈਂ ਉਹਨੂੰ ਆਪਣੇ ਨਾਂ ਤੇ ਲਾਇਬ੍ਰੇਰੀ ਵਿੱਚੋਂ ਕਢਵਾ ਦਿੱਤੀਆਂ ਤੇ ਉਹਦੇ ਕੋਲੋਂ ਪੂਅਰ ਫੰਡ ਇੰਚਾਰਜ ਦੇ ਨਾਂ ਇੱਕ ਪ੍ਰਾਰਥਨਾ ਪੱਤਰ ਲਿਖਵਾ ਲਿਆ, ਸਕੂਲ ਵੱਲੋਂ ਕਿਤਾਬਾਂ ਦੀ ਮਦਦ ਲਈ।
ਪੂਅਰ-ਫੰਡ ਇੰਚਾਰਜ ਨੇ ਦੱਸਿਆ ਕਿ ਸਕੂਲ ਵੱਲੋਂ ਉਹਨੂੰ ਸਿਰਫ ਦੋ ਕਿਤਾਬਾਂ ਮਿਲਸਕਦੀਆਂ ਸਨ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਦੀਆਂ ਅਰਜ਼ੀਆਂ ਆਈਆਂ ਸਨ। ਪੂਅਰ ਫੰਡ ਵਿਚ ਹਾਲੇ ਇੰਨੇ ਪੈਸੇ ਵੀ ਨਹੀਂ ਸਨ ਕਿਉਂਕਿ ਕੁਝ ਦਿਨ ਪਹਿਲਾਂ ਹੀ ਪ੍ਰਿੰਸੀਪਲ ਦੇ ਆਫਿਸ ਦਾ ਗਲੀਚਾ ਉਸੇ ਵਿੱਚੋਂ ਆਇਆ ਸੀ।
ਮੈਂ ਜਿਹੜੀਆਂ ਕਲਾਸਾਂ ਵਿਚ ਪੜ੍ਹਾਂਦੀ ਸੀ, ਉਹਨਾਂ ਸਭ ਨੂੰ ਕੁਝ ਪੈਸੇ ਇਕੱਠੇ ਕਰਨ ਲਈ ਕਿਹਾ। ਕਿਤਾਬਾਂ ਦੀ ਲਿਸਟ ਬਣਾਈ। ਕੋਈ ਵੀ ਕਿਤਾਬ ਅੱਠ, ਦੱਸ ਰੁਪਏ ਤੋਂ ਘੱਟ ਨਹੀਂ ਸੀ। ਮੈਨੂੰ ਸਮਾਜਵਾਦ ਦਾ ਨਾਅਰਾ ਯਾਦ ਆਇਆ।
ਦੋ ਤਿੰਨ ਕੁੜੀਆਂ ਤਾਂ ਇਕ ਇਕ ਕਿਤਾਬ ਹੀ ਖੀਦ ਲਿਆਈਆਂ। ਇਸੇ ਦੌਰਾਨ ਪਤਾ ਲੱਗਾ ਕਿ ਰਵਿੰਦਰ ਕੋਲ ਵੀ ਕਿਤਾਬਾਂ ਨਹੀਂ ਸਨ। ਉਹਨਾਂ ਦੇ ਘਰ ਦੇ ਹਾਲਾਤ ਵੀ ਬਹੁਤ ਖਰਾਬ ਹਨ।
ਰਵਿੰਦਰ ਨੇ ਦੱਸਿਆ ਕਿ ਪਿੰਸੀਪਲ ਨੇ ਇਕ ਕਿਤਾਬ ਲੈਣ ਵਿਚ ਉਹਦੀ ਮਦਦ ਕੀਤੀ ਸੀ।
ਉਹ ਕਿਸ ਤਰ੍ਹਾਂ?
ਮੈਂ ਹੈਰਾਨ ਹੁੰਦੇ ਹੋਏ ਪੁੱਛਿਆ।
ਉਹ ਕੰਬਦੀ ਹੋਈ ਬੋਲੀ, ‘ਉਹਨਾਂ ਮੇਰੀ ਬੜੀ ਮਦਦ ਕੀਤੀ। ਆਪ ਬੁਲਾ ਕੇ ਕਿਤਾਬ ਦਿੱਤੀ ਤੇ ਕਿਹਾ, “ਅੱਧੇ ਪੈਸੇ ਮੈਂ ਆਪਣੇ ਕੋਲੋਂ ਪਾ ਦਿਆਂਗੀ।”
ਮੈਂ ਪੁੱਛਿਆ, ਤੂੰ ਕਿੰਨੇ ਪੈਸੇ ਦਿੱਤੇ ਸਨ? ਜੀ ਛੇ ਰੁਪਏ। ਉਹ ਥਿੜਕਦੀ ਆਵਾਜ਼ ਵਿਚ ਬੋਲੀ।
ਮੈਂ ਕਿਤਾਬ ਲੈ ਕੇ ਵੇਖੀ। ਪਬਲਿਸ਼ਰ ਵੱਲੋਂ ਸੈਂਪਲ ਕਾਪੀ ਸੀ। ਪ੍ਰਿੰਸੀਪਲ ਨੇ ਉਸ ਮਜ਼ਮੂਨ ਦੀ ਅਧਿਆਪਕਾ ਨੂੰ ਕਿਤਾਬ ਦੇਣ ਦੀ ਥਾਂ ਇਕ ਗਰੀਬ ਕੁੜੀ ਦੀ ਮਦਦ ਕਰ ਦਿੱਤੀ ਸੀ। ਕਿਤਾਬ ਦਾ ਮੁਲ ਅੱਠ ਰੁਪਏ ਕੁਝ ਪੈਸੇ ਸੀ। ਮੈਨੂੰ ਸਮਝ ਨਹੀਂ ਆ ਰਹੀ ਕਿ ਛੇ ਰੁਪਏ ਦੀ ਮਦਦ ਕਿਸ ਨੇ ਕਿਸ ਨੂੰ ਕੀਤੀ ਸੀ। ਕੀ ਕੁੜੀ ਨੇ ਛੇ ਰੁਪਏ ਦੇ ਕੇ ਪ੍ਰਿੰਸੀਪਲ ਦੀ ਮਦਦ ਨਹੀਂ ਸੀ ਕੀਤੀ?
ਰਜਿੰਦਰ ਕੌਰ