646
“ਵੀਰੇ ਤੁਸੀ ਮੈਨੂੰ ਕਿਸੇ ਦੂਸਰੀ ਸੀਟ ’ਤੇ ਬਿਠਾ ਦਿਉਗੇ ਪਲੀਜ਼” ਆਪਣੇ ਸੀਟ ਉਤੇ ਨਾਲ ਬੈਠੇ ਹਿਜੜੇ ਨੂੰ ਦੇਖਦਿਆਂ ਝਿਜਕਦਿਆਂ ਹੋਇਆਂ ਮਾਨਸੀ ਨੇ ਬੱਸ ਦੇ ਕੰਡਕਟਰ ਨੂੰ ਕਿਹਾ। ਪਰ ਬੱਸ ਵਿਚ ਕੋਈ ਵੀ ਸੀਟ ਖਾਲੀ ਨਾ ਹੋਣ ਕਾਰਣ ਉਹ ਖੜੀ ਹੋ ਗਈ। ਪਲਕ ਝਪਕਦਿਆਂ ਹੀ ਖਾਲੀ ਸੀਟ ਉਤੇ ਕੋਈ ਹੋਰ ਸਵਾਰੀ ਬੈਠ ਗਈ।
ਬੱਸ ਵਿਚ ਔਰਤਾਂ ਲਈ ਰਾਖਵੀਆਂ ਸੀਟਾਂ ਹੁੰਦੀਆਂ ਹਨ ਪਰ ਉਸ ਦਿਨ ਕੁਝ ਜਿਆਦਾ ਹੀ ਭੀੜ ਸੀ। ਮਾਨਸੀ ਦੇ ਪਿੱਛੇ ਖੜੇ ਕੁਝ ਬਦਮਾਸ਼ ਮੁੰਡੇ ਉਸਨੂੰ ਲਗਾਤਾਰ ਕੁਮੈਂਟ ਕਰ ਰਹੇ ਸਨ। ਹੱਦ ਤਾਂ ਉਦੋਂ ਹੋ ਗਈ ਜਦੋਂ ਰਾਜੀਵ ਗਾਂਧੀ ਚੌਂਕ ਉੱਤੇ ਬੱਸ ਬਦਲਣ ਲਈ ਉਤਰਨ ਲੱਗਿਆਂ ਇਕ ਮੁੰਡਾ ਉਸ ਨਾਲ ਬੁਰੇ ਤਰੀਕੇ ਨਾਲ ਖਹਿ ਕੇ ਅੱਗੇ ਲੰਘ ਗਿਆ। “ਬਦਤਮੀਜ਼” ਕਹਿੰਦੇ ਹੋਏ ਮਾਨਸੀ ਨੇ ਅੱਗੇ ਵਧਕੇ ਉਸ ਮੁੰਡੇ ਦੀ ਗੱਲ ਉਤੇ ਥੱਪੜ ਜੜ ਦਿੱਤਾ। ਇੰਨੇ ਵਿਚ ਮੁੰਡੇ ਦੇ ਸਾਥੀਆਂ ਨੇ ਉਥੇ ਆ ਕੇ ਮਾਨਸੀ ਨੂੰ ਘੇਰ ਲਿਆ। ਹੁਣ ਉਨ੍ਹਾਂ ਦੇ ਕੂਮੈਂਟ ਗਾਲ੍ਹਾਂ ਵਿਚ ਬਦਲ ਚੁੱਕੇ ਸਨ… “ਕਿਉਂ ਮੈਡਮ ਜਿਆਦਾ ਮਰਦਾਨਗੀ ਦਾ ਸ਼ੌਂਕ ਚੜਿਆ ਏ” ਕਹਿੰਦਿਆ ਇਕ ਮੁੰਡੇ ਨੇ ਉਸਦੀ ਬਾਂਹ ਫੜਨ ਦੀ ਕੋਸ਼ਿਸ਼ ਕੀਤੀ।
ਅਚਾਨਕ ਹੀ ਕਿਸੇ ਨੇ ਉਸ ਮੁੰਡੇ ਦਾ ਹੱਥ ਫੜਿਆ ਅਤੇ ਉਸਦੀ ਗੱਲ੍ਹ ਉਤੇ ਜ਼ੋਰਦਾਰ ਥੱਪੜ ਜੜ ਦਿੱਤਾ। ਮਾਨਸੀ ਦੀ ਨਿਗਾਹ ਹੈਰਾਨੀ ਨਾਲ ਭਰ ਗਈ। ਇਹ ਉਹੀ ਹਿਜੜਾ ਸੀ ਜੋ ਉਸਦੀ ਨਾਲ ਵਾਲੀ ਸੀਟ ਉਤੇ ਬੈਠਾ ਸੀ, ਜਿਸ ਕੋਲ ਬੈਠਦਿਆਂ ਉਸ ਨੂੰ ਝਿਜਕ ਮਹਿਸੂਸ ਹੋ ਰਹੀ ਸੀ। ਇੰਨੇ ਵਿਚ ਭੀੜ ਵਿਚੋਂ ਕਿਸੇ ਨੇ ਟਿੱਚਰ ਕੀਤੀ “ਓਏ ਇਹ ਤਾਂ ਹਿਜੜਾ ਏ।” ਇਸ ਅਚਾਨਕ ਘਟੀ ਘਟਨਾ ਕਰਕੇ ਉਸ ਅਬੋਲ ਖੜੀ ਨੂੰ ਪਤਾ ਨਹੀਂ ਕਿਥੋ ਇੰਨੀ ਹਿਮਤ ਆਈ, ਉਹ ਹਿਜੜੇ ਦਾ ਹੱਥ ਫੜ ਕੇ ਬੋਲੀ “ਹਿਜੜਾ ਇਹ ਨੀ ਬਲਕਿ ਤੁਸੀ ਹੋ, ਜੋ ਹੁਣ ਤੱਕ ਇਹ ਸਾਰਾ ਤਮਾਸ਼ਾ ਦੇਖ ਰਹੇ ਸੀ। ਜੇ ਥੋੜੀ ਦੇਰ ਹੋਰ ਇਹ ਤਮਾਸ਼ਾ ਚੱਲਦਾ ਤਾਂ MMS ਵੀ ਬਣਾਉਣ ਲਗਦੇ ਪਰ ਤੁਹਾਡੇ ’ਚੋਂ ਮਦਦ ਲਈ ਕੋਈ ਵੀ ਅੱਗੇ ਨਹੀਂ ਸੀ ਆਉਣਾ।” ਭੀੜ ਖਿੰਡਣ ਲੱਗੀ। ਬੱਸ ਆਪਣੇ ਰਾਹ ਨੂੰ ਤੁਰ ਪਈ। ਮਾਨਸੀ ਨੇ ਦੇਵਦੂਤ ਲੱਗ ਰਹੇ ਹਿਜੜੇ ਦਾ ਹੰਝੂ ਭਰੀਆਂ ਅੱਖਾਂ ਨਾਲ ਧੰਨਵਾਦ ਕੀਤਾ।
ਪੰਜਾਬੀ ਅਨੁਵਾਦ: ਮਨਜੀਤ
ਪੂਨਮ ਪਾਠਕ