ਕਬੂਤਰ ਅਤੇ ਸ਼ਿਕਾਰੀ 

by Sandeep Kaur

ਕਾਫ਼ੀ ਪੁਰਾਣ ਗੱਲ ਜਦ ਪੰਜਾਬ ਵਿਚ ਖ਼ਾਸਤਰ ਤੇ ਮਾਲਵੇ ਵਿੱਚ ਜਲ ਆਬਾਨ ਮਨ ਅਤੇ  ਪਾਣੀ ਬਹੁਤ ਘਟ ਮਿਲਦਾ ਸੀ।ਓਦੋਂ ਇੱਥੇ ਜੰਗਲੀ ਜੀਵ ਜਿਵੇਂ ਹਿਰਨ, ਗਿੱਦੜ, ਬਘਿਆੜ, ਖ਼ਰਗੋਸ਼, ਮੋਰ, ਕਬੂਤਰ, ਚਿੜੀਆਂ, ਇੱਲਾਂ, ਤਿੱਤਰ, ਬਟੇਰੇ, ਤਿਤਲੀਆਂ ਆਦਿ ਬਹੁਗਿਣਤੀ ਵਿੱਚ ਸਨ ਅਤੇ ਇਨ੍ਹਾਂ ਨੂੰ ਫੜਨ ਲਈ ਅਕਸਰ ਸ਼ਿਕਾਰੀ ਆਉਂਦੇ ਸਨ। ਓਦੋਂ ਸ਼ਿਕਾਰ ਖੇਡਣਾ ਆਮ ਸ਼ੌਕ ਸੀ। ਸਮੇਂ ਦੀ ਤੋਰ ਦੇ ਨਾਲ ਹੌਲੀ-ਹੌਲੀ ਇਨ੍ਹਾਂ ਜੀਵਾਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਲੋਪ ਹੋ ਗਈਆਂ ਅਤੇ ਕਿਧਰੇ-ਕਿਧਰੇ ਕੋਈ ਟਾਵਾਂ-ਟੱਲਾ ਜੀਵ ਦਿਖਾਈ ਦੇਣ ਲੱਗਿਆ। ਬੱਚਿਓ, ਉਸ ਸਮੇਂ ਇੱਕ ਸ਼ਿਕਾਰੀ ਜੰਗਲ ਵਿੱਚ ਰੋਜ਼ ਹੀ ਸ਼ਿਕਾਰ ਖੇਡਣ ਜਾਇਆ ਕਰੇ। ਉਸ ਨੂੰ ਕਦੀ ਸ਼ਿਕਾਰ ਹੱਥ ਲੱਗੇ ਤੇ ਕਦੀ ਨਾ। ਅਚਾਨਕ ਉਸ ਦੀ ਨਜ਼ਰ ਕਬੂਤਰਾਂ ਦੀ ਡਾਰ ‘ਤੇ ਪਈ। ਉਸ ਨੇ ਸੋਚਿਆ ਕਿ ਕਿਉਂ ਨਾ ਕੱਲ੍ਹ ਤੋਂ ਇਨ੍ਹਾਂ ਦਾ ਸ਼ਿਕਾਰ ਕਰਕੇ ਦੇਖਿਆ ਜਾਵੇ। ਉਨ੍ਹਾਂ ਸਮਿਆਂ ਵਿੱਚ ਸ਼ਿਕਾਰ ਦੇ ਬਹੁਤੇ ਸਾਧਨ ਨਹੀਂ ਸਨ। ਸ਼ਿਕਾਰੀ ਨੇ ਘਰ ਜਾ ਕੇ ਇੱਕ ਰੱਸੀਆਂ ਦਾ ਜਾਲ ਤਿਆਰ ਕੀਤਾ। ਫਿਰ ਅਗਲੇ ਦਿਨ ਇੱਕ ਪੋਟਲੀ ਵਿੱਚ ਕੁਝ ਦਾਣੇ ਬੰਨ੍ਹ ਲਏ ਅਤੇ ਜੰਗਲ ਵੱਲ ਚਲਾ ਗਿਆ। ਜੰਗਲ ਵਿੱਚ ਜਾ ਕੇ ਸ਼ਿਕਾਰੀ ਨੇ ਜਾਲ ਵਿਛਾਇਆ ਅਤੇ ਪੋਟਲੀ ਦੇ ਦਾਣੇ (ਚੋਗਾ) ਖਿਲਾਰ ਦਿੱਤੇ। ਫਿਰ ਉਸ ਨੇ ਜਾਲ ਨਾਲ ਇੱਕ ਲੰਮੀ ਰੱਸੀ ਬੰਨ੍ਹ ਲਈ ਅਤੇ ਆਪ ਲੁਕ ਕੇ ਝਾੜੀਆਂ ਵਿੱਚ ਬੈਠ ਗਿਆ। ਤੁਰੰਤ ਹੀ ਕਬੂਤਰਾਂ ਦੀ ਡਾਰ ਦੇ ਕੁਝ ਕਬੂਤਰ ਚੋਗਾ ਚੁਗਣ ਲਈ ਆ ਬੈਠੇ ਸ਼ਿਕਾਰੀ ਨੇ ਰੱਸੀ ਖਿੱਚ ਲਈ। ਉਹ ਵਿਚਾਰੇ ਜਾਲ ਵਿੱਚ ਫਸ ਗਏ ਤੇ ਫੜਫੜਾਉਣ ਲੱਗੇ, ਪਰ ਹੁਣ ਕੀ ਹੋ ਸਕਦਾ ਸੀ? ਇਸ ਤਰ੍ਹਾਂ ਸ਼ਿਕਾਰੀ ਨੂੰ ਮੌਜ ਲੱਗ ਗਈ। ਉਹ ਹਰ ਰੋਜ਼ ਜੰਗਲ ਵਿੱਚ ਜਾ ਕੇ ਕਬੂਤਰ ਫੜ ਲਿਆਇਆ ਕਰੇ। ਜਦੋਂ ਕਬੂਤਰਾਂ ਦੀ ਗਿਣਤੀ ਬਹੁਤ ਘਟ ਗਈ ਤਾਂ ਉਹ ਸੋਚਣ ਲਈ ਮਜਬੂਰ ਹੋ ਗਏ ਕਿ ਸ਼ਿਕਾਰੀ ਤੋਂ ਕਿਵੇਂ ਬਚਿਆ ਜਾਵੇ? ਇਸ ਦੇ ਲਈ ਉਨ੍ਹਾਂ ਨੇ ਇਕੱਠੇ ਹੋ ਕੇ ਇੱਕ ਸਭਾ ਬੁਲਾਈ ਤੇ ਲੱਗੇ ਵਿਚਾਰ-ਵਟਾਂਦਰਾ ਕਰਨ। ਜਦੋਂ ਵਿਚਾਰ-ਵਟਾਂਦਰੇ ਵਿੱਚ ਕੋਈ ਵੀ ਗੱਲ ਸਿਰੇ ਨਾ ਲੱਗੀ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ, “ਸਾਡੇ ਵਿੱਚੋਂ ਸਭ ਤੋਂ ਸਿਆਣਾ ਤੇ ਬਜ਼ੁਰਗ ਕਬੂਤਰ ਤਾਂ ਇੱਕ ਪਾਸੇ ਬੈਠਾ ਹੈ ਤੇ ਕੋਈ ਹੁੰਗਾਰਾ ਵੀ ਨਹੀਂ ਭਰ ਰਿਹਾ। ਉਸ ਤੋਂ ਪੁੱਛਿਆ ਜਾਵੇ।” ਸਾਰਿਆਂ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਜਦੋਂ ਉਸ ਤੋਂ ਇਸ ਬਾਰੇ ਰਾਇ ਲੈਣ ਲੱਗੇ ਤਾਂ ਉਸ ਨੇ ਕਿਹਾ ਮੇਰੇ ਕੋਲ ਇੱਕ ਗੀਤ ਹੈ ਜਿਸ ਨਾਲ ਤੁਹਾਡਾ ਸਭ ਦਾ ਬਚਾਓ ਹੋ ਸਕਦਾ ਹੈ। 

ਹੋਰ ਉਨ੍ਹਾਂ ਨੂੰ ਕੀ ਚਾਹੀਦਾ ਸੀ? ਸਾਰੇ ਉਸ ਦਾ ਸ਼ਬਦ ਸੁਣਨ ਲਈ ਉਤਾਵਲੇ ਹੋ ਗਏ। ਉਸ ਨੇ ਕਿਹਾ ਮੈਂ ਤੁਹਾਨੂੰ ਇੱਕ ਗੀਤ ਬਣਾ ਦਿੰਦਾ ਹਾਂ ਇਸ ਨੂੰ ਹਰ ਵਕਤ ਗੁਣਗੁਣਾਉਂਦੇ ਰਹਿਣਾ, ਤੁਹਾਡਾ ਬਚਾਅ ਹੋ ਜਾਇਆ ਕਰੇਗਾ। ਉਹ ਸੀ: “ਸ਼ਿਕਾਰੀ ਆਊਗਾ ਜਾਲ ਵਿਛਾਊਗਾ, ਚੋਗਾ ਪਾਊਗਾ ਚੋਗਾ ਨਹੀਂ ਚੁਗਣਾ।” ਸਾਰੇ ਕਬੂਤਰਾਂ ਦੇ ਛੇਤੀ ਹੀ ਇਹ ਗੀਤ ਕੰਠ ਹੋ ਗਿਆ। ਜਦੋਂ ਦੂਜੇ ਦਿਨ ਸ਼ਿਕਾਰੀ ਆਇਆ ਤਾਂ ਉਸ ਨੇ ਜਾਲ ਵਿਛਾ ਕੇ ਚੋਗਾ ਪਾਇਆ ਤੇ ਲੁਕ ਕੇ ਬੈਠ ਗਿਆ, ਪਰ ਕੋਈ ਵੀ ਕਬੁਤਰ ਨਾ ਆਇਆ ਕਿਉਂਕਿ ਬੱਚਿਓ ਉਨ੍ਹਾਂ ਦੇ ਗੀਤ ਚੰਗੀ ਤਰ੍ਹਾਂ ਸਮਝ ਵਿੱਚ ਆ ਗਿਆ ਸੀ। ਸ਼ਿਕਾਰੀ ਸ਼ਾਮ ਤਕ ਬੈਠਾ ਰਿਹਾ, ਪਰ ਕੋਈ ਵੀ ਸ਼ਿਕਾਰ ਨਾ ਮਿਲਣ ਕਰਕੇ ਅਖੀਰ ਮਾਯੂਸ ਹੋ ਕੇ ਘਰ ਚਲਾ ਗਿਆ। ਸ਼ਿਕਾਰੀ ਕਿਉਂਕਿ ਦਿਮਾਗੀ ਤੌਰ ‘ਤੇ ਬੜੇ ਚਲਾਕ ਹੁੰਦੇ ਹਨ। ਉਸ ਨੇ ਮਨ ਵਿੱਚ ਧਾਰ ਲਈ ਕਿ ਕੁਝ ਹੀ ਦਿਨਾਂ ਵਿੱਚ ਇਸ ਗੱਲ ਦਾ ਹੱਲ ਕੱਢ ਲਿਆ ਜਾਵੇਗਾ। ਇਸ ਲਈ ਸ਼ਿਕਰੀ ਕੁਝ ਦਿਨਾਂ ਲਈ ਜੰਗਲ ਵਿੱਚ ਨਾ ਗਿਆ। ਉਧਰ ਕਬੂਤਰਾਂ ਦੀ ਜ਼ਿੰਦਗੀ ਵੀ ਵਧੀਆ ਲੰਘਣ ਲੱਗੀ। ਉਹ ਸਵੇਰੇ-ਸ਼ਾਮ ਗੀਤ ਨੂੰ ਜ਼ਰੂਰ ਦੁਹਰਾ ਲਿਆ ਕਰਦੇ ਸਨ। ਬੱਚਿਓ, ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਅਸੀਂ ਕਿਸੇ ਗੱਲ ਦਾ ਵਾਰ-ਵਾਰ ਦੁਹਰਾਓ ਕਰਦੇ ਹਾਂ ਤਾਂ ਉਸ ਦੀ ਮੂਲ ਭਾਵਨਾ ਭੁੱਲ ਜਾਂਦੇ ਹਾਂ। ਇਸੇ ਤਰ੍ਹਾਂ ਹੀ ਹੋਇਆ ਕਬੂਤਰਾਂ ਨਾਲ। ਕਾਫ਼ੀ ਸਮੇਂ ਬਾਅਦ ਸ਼ਿਕਾਰੀ ਆਇਆ। ਉਸ ਨੇ ਜਾਲ ਵਿਛਾਇਆ ਤੇ ਚੋਗਾ ਖਿਲਾਰ ਕੇ ਦੂਰ ਲੁਕ ਕੇ ਬੈਠ ਗਿਆ। ਕਬੂਤਰਾਂ ਨੇ ਬੇਸ਼ੱਕ ਗੀਤ ਦੀ ਦੁਹਰਾਈ ਤਾਂ ਸਹਿਜ ਸੁਭਾਅ ਕਰ ਲਈ ਸੀ, ਪਰ ਚੌਕਸ ਨਹੀਂ ਸਨ। ਉਹ ਝਟ ਚੋਗੇ ‘ਤੇ ਝਪਟ ਪਏ ਅਤੇ ਜਾਲ ਵਿੱਚ ਫਸ ਗਏ, ਪਰ ਹੁਣ ਕੁਝ ਵੀ ਨਹੀਂ ਹੋ ਸਕਦਾ ਸੀ।

 

 ਸਿੱਖਿਆ:-ਸਿਆਣਿਆਂ ਵੱਲੋਂ ਦਿੱਤੀਆਂ ਸਿੱਖਿਆਵਾਂ ਦੀ ਸਿਰਫ਼ ਦੁਹਰਾਈ ਹੀ ਨਹੀਂ ਕਰਨੀ ਚਾਹੀਦੀ ਸਗੋਂ ਉਨ੍ਹਾਂ ਦੀ ਮੂਲ ਭਾਵਨਾ ਨੂੰ ਵੀ ਚੇਤੇ ਰੱਖਣਾ ਚਾਹੀਦਾ ਹੈ।

You may also like