ਔਖੇ ਸਮੇਂ ਨੂੰ ਵੇਖ ਕੇ ਕਦੇ ਹਿੰਮਤ ਨਾ ਹਾਰੋ 

by Sandeep Kaur

ਇਕ ਵਾਰ ਦੀ ਗੱਲ ਹੈ ਕਿ ਇਕ ਸ਼ਹਿਰ ਵਿਚ ਇਕ ਵੱਡਾ ਸਾਰਾ ਬਾਗ ਸੀ।ਇਸ ਬਾਗ ਦੇ ਇਕ ਪਾਸੇ ਇਕ ਤਲਾਅ ਸੀ। ਇਸ ਤਲਾਅ ਵਿਚ ਇਕ ਬਾਦਸ਼ਾਹ ਹਰ ਰੋਜ਼ ਇਸ਼ਨਾਨ ਕਰਨ ਆਉਂਦਾ ਸੀ। ਇਸ ਤਲਾਅ ਦੇ ਇਕ ਪਾਸੇ ਇਕ ਪੁਰਾਣਾ ਬੋਹੜ ਸੀ। ਇਹ ਬੋਹੜ ਬਹੁਤ ਵੱਡਾ ਸੀ। ਇਸ ਬੋਹੜ ਦੀ ਖੋੜ ਵਿਚ ਇਕ ਕਾਲਾ ਸੱਪ ਰਹਿੰਦਾ ਸੀ। ਇਸੇ ਬੋਹੜ ਉੱਪਰ ਹੀ ਇਕ ਕਾਂ ਵੀ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਸੱਪ ਕਾਂ ਦੇ ਪਰਿਵਾਰ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਰਹਿੰਦਾ ਸੀ। ਜਦੋਂ ਵੀ ਕਾਉਣੀ ਆਂਡੇ ਦਿੰਦੀ, ਤਾਂ ਸੱਪ ਉਸ ਦੇ ਆਂਡੇ ਖਾ ਜਾਂਦਾ। ਕਾਂ ਅਤੇ ਕਾਉਣੀ ਦੋਵੇਂ ਸੱਪ ਤੋਂ ਬਹੁਤ ਦੁੱਖੀ ਸਨ।’ 

ਕਾਂ ਇਕ ਸਿਆਣਾ ਪੰਛੀ ਹੈ। ਉਹ ਸੱਪ ਤੋਂ ਨਿਜਾਤ ਪਾਉਣ ਲਈ ਕੋਈ ਨਾ ਕੋਈ ਨੁਸਖਾ ਸੋਚਦਾ ਰਹਿੰਦਾ, ਪਰ ਅਜੇ ਤੱਕ ਉਹ ਕਿਸੇ ਵੀ ਨੁਸਖੇ ਵਿਚ ਕਾਮਯਾਬ ਨਹੀਂ ਸੀ ਹੋਇਆ। ਇਕ ਦਿਨ ਉਸ ਨੂੰ ਇਕ ਵਿਉਂ ਸੁੱਝੀ।ਉਸਨੇ ਸੋਚਿਆ ਕਿਉਂ ਨਾ ਮੈਂ ਬਾਦਸ਼ਾਹ ਦਾ ਸੋਨੇ ਦਾ ਹਾਰ ਚੁੱਕ ਕੇ ਸੱਪ ਦੀ ਖੁੱਡ ਵਿਚ ਸੁੱਟ ਦੇਵਾਂ। ਉਸ ਨੇ ਅਜਿਹਾ ਹੀ ਕੀਤਾ। 

ਇਕ ਦਿਨ ਬਾਦਸ਼ਾਹ ਨਹਾਉਣ ਲਈ ਆਇਆ ਅਤੇ ਉਸਨੇ ਆਪਣੇ ਕੱਪੜੇ ਅਤੇ ਸੋਨੇ ਦਾ ਹਾਰ ਲਾਹ ਕੇ ਇੱਕ ਪਾਸੇ ਰੱਖ ਦਿੱਤਾ। ਜਦੋਂ ਉਹ ਨਹਾਉਣ ਲਈ ਪਾਣੀ ਵਿਚ ਵੜਿਆ ਤਾਂ ਕਾਂ ਨੇ ਸੋਨੇ ਦਾ ਹਾਰ ਚੁੱਕ ਲਿਆ।ਉੱਧਰ ਬਾਦਸ਼ਾਹ ਨੇ ਵੀ ਕਾਂ ਨੂੰ ਹਾਰ ਚੱਕਦੇ ਵੇਖ ਲਿਆ ਸੀ। ਕਾਂ ਨੇ ਆਪਣੀ ਤਰਕੀਬ ਮੁਤਾਬਕ ਸੋਨੇ ਦਾ ਹਾਰ ਸੱਪ ਦੀ ਖੱਡ ਵਿਚ ਸੱਟ ਦਿੱਤਾ। ਬਾਦਸ਼ਾਹ ਇਹ ਸਭ ਕੁਝ ਵੇਖਦਾ ਰਿਹਾ। 

ਉਸ ਨੇ ਇਸ ਬਾਰੇ ਆਪਣੇ ਨੌਕਰਾਂ ਨੂੰ ਦੱਸਿਆ। ਉਹ ਡਾਂਗਾਂ ਲੈ ਕੇ ਰੱਖ ਕੋਲ ਪੁੱਜ ਗਏ।ਉਹਨਾਂ ਦੇਖਿਆ ਕਿ ਦਰੱਖ਼ਤ ਦੇ ਹੇਠਾਂ ਸੱਪ ਸੀ। ਉਹਨਾਂ ਨੇ ਡਾਂਗਾਂ ਮਾਰ-ਮਾਰ ਕੇ ਸੱਪ ਨੂੰ ਮਾਰ ਦਿੱਤਾ ਅਤੇ ਖੁੱਡ ਵਿਚੋਂ ਹਾਰ ਕੱਢ ਲਿਆ। 

ਸੱਪ ਦੇ ਮਰਨ ਤੇ ਕਾਂ ਅਤੇ ਕਾਉਣੀ ਬਹੁਤ ਖੁਸ਼ ਹੋਏ ਕਿਉਂਕਿ ਉਹਨਾਂ ਦਾ ਦੁਸ਼ਮਣ ਮਰ ਗਿਆ ਸੀ। ਉਹ ਖੁਸ਼ੀ-ਖੁਸ਼ੀ ਰਹਿਣ ਲੱਗੇ।

 

 ਸਿੱਖਿਆ-ਔਖੇ ਸਮੇਂ ਨੂੰ ਵੇਖ ਕੇ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ।

You may also like