ਲੋਕਾਂ ਦੇ ਦਿਲਾਂ ਵਿੱਚ ਅਪਾਹਜਾਂ ਪ੍ਰਤੀ ਹਮਦਰਦੀ ਜਗਾਉਣ ਲਈ ਸਰਕਾਰੀ ਪੱਧਰ ਉੱਤੇ ਇੱਕ ਵਿਸ਼ਾਲ ਸਮਾਗਮ ਹੋ ਰਿਹਾ ਸੀ। ਦੂਰ ਦੁਰਾਡੇ ਪਿੰਡਾਂ ਵਿੱਚੋਂ ਅਪਾਹਜ ਵਿਸ਼ੇਸ਼ ਸਾਧਨਾਂ ਰਾਹੀਂ ਲਿਆਂਦੇ ਗਏ ਸਨ। ਇਸ ਮਹੱਤਵਪੂਰਨ ਵਿਸ਼ੇ ਉਤੇ ਵਿਚਾਰ ਪ੍ਰਗਟ ਕਰਨ ਲਈ ਕੇਂਦਰ ਅਤੇ ਸਟੇਟ ਦੇ ਮੰਤਰੀ ਵੱਡੀ ਗਿਣਤੀ ਵਿੱਚ ਪੁੱਜ ਰਹੇ ਸਨ।
ਛੋਟੇ ਅਪਾਹਜ ਬੱਚਿਆਂ ਨੂੰ ਫੁੱਲਾਂ ਦੇ ਹਾਰ ਦੇ ਕੇ ਸਵਾਗਤ ਲਈ ਲੰਮੀਆਂ ਕਤਾਰਾਂ ਵਿੱਚ ਖੜ੍ਹਾ ਕੀਤਾ ਗਿਆ ਸੀ। ਮੁੱਖ ਮਹਿਮਾਨ ਦਾ ਪੁੱਜਣਾ ਲੇਟ ਹੋਕੇ ਹੁਣ ਬਹੁਤ ਲੇਟ ਹੋ ਗਿਆ ਸੀ। ਭੁੱਖ, ਪਿਆਸੇ ਬੱਚੇ ਗਰਮੀ ਵਿੱਚ ਤੰਗ ਹੋ ਰਹੇ ਸਨ। ਕਈ ਆਪਣੀਆਂ ਫੌੜੀਆਂ ਉੱਤੇ ਖੜੇ ਥੱਕ ਗਏ ਸਨ।
ਮੁੱਖ ਮਹਿਮਾਨ ਦਾ ਕਾਫਲਾ ਪੁੱਜ ਗਿਆ ਸੀ। ਬੱਚਿਆਂ ਤੋਂ ਝੁਕਕੇ ਹਾਰ ਪਵਾਏ ਜਾ ਰਹੇ ਸਨ। ਬਹੁਤ ਛੋਟੇ ਬੱਚਿਆਂ ਤੋਂ ਮਾਪੇ ਗੋਦੀ ਚੁੱਕਕੇ ਸਤਿਕਾਰ ਕਰਵਾ ਰਹੇ ਸਨ ਅਤੇ ਨੇਤਰ ਹੀਣ ਬੱਚਿਆਂ ਦੀ ਸਰਕਾਰੀ ਕਰਮਚਾਰੀ ਸਹਾਇਤਾ ਕਰ ਰਹੇ ਸਨ। ਮਹਿਮਾਨ ਦਾ ਗਲਾ ਭਾਵੇਂ ਬੱਚਿਆਂ ਦੇ ਹਾਰਾਂ ਦੇ ਭਾਰ ਨਾਲ ਕੁਝ ਝੁਕ ਗਿਆ ਸੀ ਪਰ ਉਸ ਦਾ ਕਰ-ਕਮਲ ਕਿਸੇ ਬੱਚੇ ਦੇ ਮੁੰਹ ਉੱਤੇ ਪਿਆਰ ਦੀ ਛੋਹ ਦੇਣ ਲਈ ਨਹੀਂ ਉੱਠਿਆ ਸੀ।
ਸਮਾਗਮ ਅਰੰਭ ਹੁੰਦਿਆਂ ਹੀ ਅਪਾਹਜਾਂ ਦਾ ਹੇਜ ਖਤਮ ਹੋ ਗਿਆ ਸੀ। ਛੋਟੇ ਲੀਡਰ ਅਤੇ ਵੱਡੇ ਅਫਸਰ ਮੁੱਖ ਮਹਿਮਾਨ ਦੀ ਚਾਪਲੂਸੀ ਵਿੱਚ ਰੁੱਝ ਗਏ ਸਨ। ਕਾਜੂ, ਪਿਸਤੇ, ਬਦਾਮ ਆਦਿ ਦੀਆਂ ਪਲੇਟਾਂ ਮਹਿਮਾਨ ਅੱਗੇ ਕਰਕੇ ਆਪਣੀਆਂ ਹਾਜਰੀਆਂ ਲਗਵਾਈਆਂ ਜਾ ਰਹੀਆਂ ਸਨ। ਬੜੀਆਂ ਮਹੱਤਵਪੂਰਨ ਤਕਰੀਰਾਂ ਕੀਤੀਆਂ ਗਈਆਂ। ਅਪਾਹਜਾਂ ਲਈ ਭਵਿੱਖ ਵਿੱਚ ਉਲੀਕੀਆਂ ਜਾ ਰਹੀਆਂ ਯੋਜਨਾਵਾਂ ਦੀ ਰੂਪ ਰੇਖਾ ਦੱਸੀ ਗਈ। ਉਨ੍ਹਾਂ ਦੀਆਂ ਸਮੱਸਿਆਵਾਂ ਦਾ ਦਿਲ ਖੋਲ੍ਹ ਕੇ ਵਰਨਣ ਕੀਤਾ ਗਿਆ। ਵਿਸ਼ੇਸ਼ ਅਪਾਹਜਾਂ ਨੂੰ ਨਕਲੀ ਅੰਗ ਅਤੇ ਤਿੰਨ ਪਹੀਆ ਸਾਇਕਲਾਂ ਦੇਕੇ ਨਿਵਾਜਣ ਦੇ ਨਾਲ ਹੀ ਸਮਾਗਮ ਖਤਮ ਹੋ ਗਿਆ ਸੀ। ਅਪਾਹਜਾਂ ਲਈ ਹੁਣ ਵਾਪਸ ਆਪਣੇ ਘਰ ਪੁੱਜਣਾ ਅਹਿਮ ਸਮੱਸਿਆ ਸੀ।
ਅਹਿਮ ਸਮੱਸਿਆ
454