ਅਸੀਸ

by admin

ਅਜੇ ਕੱਪੜੇ ਟੱਪ ‘ਚ ਪਾਏ ਹੀ ਸੀ ਗੇਟ ਖੜ੍ਹਕਿਆ, ਖੁੱਲ੍ਹਾ ਹੀ ਸੀ ਗੇਟ ….ਇੱਕ ਦਮ ਅੰਦਰ ਆ ਗਈ …ਉਹ ਬਜ਼ੁਰਗ ਔਰਤ, ਹੱਥ ਵਿੱਚ ਦਾਣਿਆਂ ਦਾ ਥੈਲਾ ਸੀ ।
“…..ਹਾਂ ਪੁੱਤ ਕਿੱਦਾਂ ਆ ਗਏ ਨਵੇਂ ਘਰ ‘ਚ ?”
ਮੈਂ ਅਜੇ ਹੂੰ ..ਹਾਂ ਕਰਦਾ ਹੀ ਸੀ ਉਹ ਕਹਿੰਦੀ, “..ਲੋਹੜੀ ਪਾ ਦੇ ਪੁੱਤ …” । ਮੈਂ ਕਿਹਾ, ” ਲੋਹੜੀ ਕਾਹਦੀ..?”
ਕਹਿੰਦੀ ” ਨਵੇਂ ਘਰ ‘ਚ ਆਏ ਓ…ਨਵੇਂ ਘਰ ਦੀ ਲੋਹੜੀ..” ਮੈਂ ਮੁਸਕਰਾ ਕੇ ਕਿਹਾ ,” ਅੱਛਾ…ਅੱਛਾ , ਬਹਿ ਜੋ ਮੰਜੇ ‘ਤੇ।” ਮੈਂ ਅੰਦਰ ਗਿਆ ਤੇ ਪੈਸੇ ਲਿਆ ਫੜ੍ਹਾਏ। ਜਿੰਨੇ ਵੀ ਸੀ ਉਹਨੇ ਬਿਨਾਂ ਨਾ-ਨੁਕਰ ਰੱਖ ਲਏ। “ਤੂੰ ਮੈਨੂੰ ਨਹੀਂ ਜਾਣਦਾ ,ਮੈਂ ਇਸੇ ਪਿੰਡ ਦੀ ਹਾਂ ਪੁੱਤ…ਮੈਂ ਪਹਿਲਾਂ ਆਈ ਸੀ ਜਦੋਂ ਘਰ ਬਣਦਾ ਸੀ..ਰੱਬ ਸੁੱਖ ਰੱਖੇ ,ਤੇਰੀ ਕਮਾਈ ‘ਚ ਬਰਕਤਾਂ ਪਾਵੇ ..” ਗੇਟ ਤੋਂ ਬਾਹਰ ਜਾਂਦੀ-ਜਾਂਦੀ ਅਸੀਸਾਂ ਦਿੰਦੀ ਕਹਿੰਦੀ,”..ਹੋਰ ਪੁੱਤ, ਮੈਨੂੰ ਤਾਂ ਖੁਸ਼ੀ ਹੀ ਬਹੁਤ ਏ ..ਮੇਰਾ ਇਸ ਪਿੰਡ ‘ਚ ਇਕ ਘਰ ਹੋਰ ਵੱਧ ਗਿਆ..।” ਮੈਂ ਉਹਦਾ ਆਖ਼ਰੀ ਫਿਕਰਾ ਸੁਣ ਸੁੰਨ ਹੋ ਗਿਆ। ਕਿੱਥੇ ਇਨਸਾਨ ਦੂਜਿਆਂ ਨੂੰ ਉਜਾੜਨ ਦੀ ਰਾਹ ਤੁਰਿਆ ਹੋਇਆ ਤੇ ਕਿੱਥੇ ਇਹ ਬਜ਼ੁਰਗ ਔਰਤ ਜੋ ਪਿੰਡ ‘ਚ ਵਸੇ ਨਵੇਂ ਘਰ ਨੂੰ ਬੜੀ ਅਪਣੱਤ ਨਾਲ਼ ‘ ਮੇਰਾ’ ਕਹਿ ‘ ਰਾਜ਼ੀ ਰਹੋ..ਵੱਸਦੇ ਰਹੋ ‘ ਦੀਆਂ ਅਸੀਸਾਂ ਦੇ ਰਹੀ ਏ ….।

Navjot Navie

You may also like