ਅਵੱਲਾ ਰੋਹ

by Sandeep Kaur

ਚਾਂਦਨੀ ਨੂੰ ਜਦ ਤੋਂ ਏਡਜ਼ ਹੋਣ ਦਾ ਪਤਾ ਲੱਗਿਆ ਸੀ, ਉਸ ਨੇ ਆਪਣੇ ਹੋਠਾਂ ਨੂੰ ਸੀ ਕੇ, ਉਨ੍ਹਾਂ ਉੱਤੇ ਮੁਸ਼ਕਰਾਹਟ ਹੋਰ ਵੀ ਮਿੱਠੀ ਅਤੇ ਤਿੱਖੀ ਕਰ ਦਿੱਤੀ ਸੀ। ਉਸਨੇ ਹਰ ਗਾਹਕ ਨੂੰ ਫਸਾਉਣ ਲਈ ਆਪਣੇ ਪੇਸ਼ੇ ਦੀਆਂ ਸਾਰੀਆਂ ਆਦਾਵਾਂ ਦੀ ਵਰਤੋਂ ਕਰਨੀ ਆਰੰਭ ਕਰ ਦਿੱਤੀ ਸੀ।
ਚਾਂਦਨੀ ਕੋਠੇ ਵਾਲੀ ਸਲਮਾ ਮਾਸੀ ਦੀ ਜਰ ਖਰੀਦ ਜਾਇਦਾਦ ਸੀ। ਉਹ ਦਸ ਸਾਲ ਦੀ ਅੱਤ ਸੋਹਣੀ ਬੱਚੀ ਸੀ ਜਦ ਮਾਸੀ ਦੀ ਘੋਖਵੀਂ ਅੱਖ ਨੇ ਉਸ ਦੀ ਜਵਾਨੀ ਦੇ ਕਹਿਰੀ-ਜਲਵੇ ਨੂੰ ਪਹਿਲਾਂ ਹੀ ਪਹਿਚਾਣ ਲਿਆ ਸੀ। ਜਦ ਤੱਕ ਉਹ ਆਣ-ਵਿਧਿਆ ਮੋਤੀ ਸੀ ਤਾਂ ਚੁਬਾਰੇ ਦੀਆਂ ਸਾਰੀਆਂ ਮਿਹਰ ਬਾਨੀਆਂ ਉਸ ਉੱਤੇ ਨਿਛਾਵਰ ਹੁੰਦੀਆਂ ਸਨ। ਉਸ ਦੇ ਹੱਥ ਪੈਂਦਿਆਂ ਹੀ ਉਸਦੀ ਸੋਹਲ ਜਿੰਦ ਲਈ ਅਸਹਿ ਅਤੇ ਅਣਕਿਆਸੀਆਂ ਮੁਸੀਬਤਾਂ ਅਰੰਭ ਹੋ ਗਈਆਂ ਸਨ। ਉਸ ਦੇ ਧੰਦੇ ਲਈ ਦਿਨ ਅਤੇ ਰਾਤ ਦਾ ਕੋਈ ਫਰਕ ਨਹੀਂ ਰਹਿ ਗਿਆ ਸੀ। ਉਸ ਦਾ ਤਨ ਨੋਚਿਆ ਜਾਂਦਾ, ਰੂਹ ਪੁੱਛੀ ਜਾਂਦੀ ਪਰ ਉਸਦੇ ਆਹ ਭਰਨ ਉੱਤੇ ਸਖਤ ਪਾਬੰਦੀ ਸੀ। ਉਸਦੇ ਅੰਦਰ, ਬਾਹਰ ਲੱਖ ਪੀੜਾਂ ਹੁੰਦਿਆਂ ਵੀ ਹਰ ਗਾਹਕ ਲਈ ਉਸਦੇ ਹੋਠਾਂ ਵਿੱਚੋਂ ਮੁਸ਼ਕਰਾਹਟ ਕਿਰਨੀ ਜਰੂਰੀ ਸੀ।
ਇਸ ਏਡਜ਼ ਦੇ ਨਵੇਂ ਮਿਲੇ ਹੱਥਿਆਰ ਦੀ ਉਹ ਪੂਰੀ ਵਰਤੋਂ ਕਰਨਾ ਚਾਹੁੰਦੀ ਸੀ। ਉਹ ਮਰਨ ਤੋਂ ਪਹਿਲਾਂ ਇਸ ਦਿੱਤੀ ਦਾਤ ਨੂੰ ਸਮਾਜ ਦੇ ਚੌਧਰੀਆਂ ਵਿੱਚ ਰੱਜਕੇ ਵੰਡ ਦੇਣਾ ਚਾਹੁੰਦੀ ਸੀ।
ਉਸ ਦੀ ਦਰੜੀ ਰੂਹ, ਪੱਛੇ ਤਨ ਅਤੇ ਜ਼ਖ਼ਮੀ ਸੋਚ ਵਿੱਚ ਬਦਲੇ ਲਈ ਅਵੱਲਾ-ਰੋਹ ਜਾਗ ਉੱਠਿਆ ਸੀ।

You may also like