ਅਮਰੀਕਨ ਜ਼ਿੰਦਗੀ ਦਾ ਸਾਰ-ਤੱਤ

by admin

ਇਕ ਬੰਦੇ ਨੇ ਕਿਸੇ ਬਾਬੇ ਨੂੰ ਪੁੱਛਿਆ ਕਿ ਬਹੁਤੀ ਸਾਰੀ ਮਾਇਆ ਕਮਾਉਣੀ ਚਾਹੁੰਦਾ ਹਾਂ ਕੀ ਕਰਾਂ ? ਬਾਬੇ ਨੇ ਇੱਕ ਦਿਸ਼ਾ ਵੱਲ੍ਹ ਹੱਥ ਕਰਦਿਆਂ ਕਿਹਾ ਕਿ ਬਸ ਏਧਰ ਨਾ ਜਾਵੀਂ, ਹੋਰ ਦਿਸ਼ਾਵਾਂ ਤੇਰੇ ਲਈ ਸ਼ੁੱਭ ਹਨ !
ਖਰ-ਦਿਮਾਗ ਬੰਦੇ ਨੇ ਸੋਚਿਆ ਕਿ ਬਾਬੇ ਨੇ ਜਿੱਧਰ ਨਾ ਜਾਣ ਲਈ ਕਿਹਾ ਐ, ਜਰੂਰ ਓਧਰ ‘ਕੁੱਝ ਖਾਸ’ ਹੋਣਾ ਐਂ…!! ਬੰਦੇ ਨੇ ਓਸ ਪਾਸੇ ਵੱਲ੍ਹ ਹੀ ਘੋੜਾ ਦੁੜਾ ਲਿਆ… ਕਈ ਦਿਨਾਂ ਬਾਅਦ ਉਹ ਇਕ ਐਸੇ ਥਾਂਹ ਪਹੁੰਚਿਆ ਜਿੱਥੇ ਇਕ ਬੰਦਾ ਚੱਕੀ ਘੁਮਾ ਰਿਹਾ ਸੀ… ਚੱਕੀ ‘ਚੋਂ ਆਟੇ ਦੀ ਥਾਂਹ ਸੋਨੇ ਦੀਆਂ ਚਮਕੀਲੀਆਂ ਮੋਹਰਾਂ ਨਿਕਲ਼ ਰਹੀਆਂ ਸਨ.. ਉਹਦੇ ਚਾਰੇ ਪਾਸੇ ਮੋਹਰਾਂ ਹੀ ਮੋਹਰਾਂ ਦੇ ਢੇਰ ਲੱਗੇ ਪਏ… ਕੁੱਝ ਬੋਰੀਆਂ ਵੀ ਭਰੀਆਂ ਪਈਆਂ…!
ਬੰਦਾ ਘੋੜਾ ਇਕ ਪਾਸੇ ਬੰਨ੍ਹ ਕੇ ਚੱਕੀ ਘੁਮਾਉਂਦੇ ਸੱਜਣ ਕੋਲ ਗਿਆ… ਪੁੱਛਿਆ ਅਖੇ ਆਹ ਮੋਹਰਾਂ ਸਾਰੀਆਂ ਤੇਰੀਆਂ ਈ ਆ ? ਕਹਿੰਦਾ ਆਹੋ ਮੈਂ ਹੀ ਮਾਲਕ ਹਾਂ ਸੋਨੇ ਦੀਆਂ ਮੋਹਰਾਂ ਦਾ !
ਨਵਾਂ ਆਇਆ ਬੰਦਾ ਕਹਿੰਦਾ- ਭਰਾ ਤੂੰ ਥੱਕ ਗਿਆ ਹੋਣੈ.. ਹੁਣ ਥੋੜ੍ਹੀਆਂ ਜਿਹੀਆਂ ਮੋਹਰਾਂ ਮੈਨੂੰ ਵੀ ਬਣਾ ਲੈਣ ਦੇਹ ?
ਚੱਕੀ ਫੇਰਦਾ ਬੰਦਾ ਬੋਲਿਆ ਕਿ ਠੀਕ ਐ… ਤੂੰ ਵੀ ਬਣਾ ਲੈ…. ਪਰ ਸ਼ਰਤ ਇਕ ਹੈ ਕਿ ਚੱਕੀ ਇਕ ਪਲ ਵੀ ਰੁਕਣੀ ਨੀ ਚਾਹੀਦੀ ! ਬਸ ਫੁਰਤੀ ਨਾਲ਼ ਆ ਕੇ ਹੱਥਾ ਫੜ ਲੈ ਮੈਥੋਂ ਤੇ ਮੋਹਰਾਂ ਬਣਾ ਲੈ ਆਪਣੇ ਲਈ !
ਨਵੇਂ ਆਏ ਬੰਦੇ ਦੀਆਂ ਵਾਛਾਂ ਖਿੜ ਗਈਆਂ ! ਮਨ ਹੀ ਮਨ ਇਸ ਦਿਸ਼ਾ ਵੱਲ੍ਹ ਆਉਣ ਤੋਂ ਮਨ੍ਹਾਂ ਕਰਨ ਵਾਲ਼ੇ ਬਾਬੇ ਨੂੰ ਬੁਰਾ ਭਲਾ ਕਹਿੰਦੇ ਨੇ ਫਟਾ ਫਟ ਚੱਕੀ ਦਾ ਹੱਥਾ ਫੜ ਲਿਆ…!
ਹੈਂਅ…. ਇਹ ਕੀ ? ਉਹਦਾ ਹੱਥ ਚੱਕੀ ਦੇ ਹੱਥੇ ਨੇ ਚੁੰਬ੍ਹਕ ਵਾਂਗ ਖਿੱਚ ਲਿਆ… ਸਮਝੋ ਉਹਦੇ ਨਾਲ਼ ਜੁੜ ਹੀ ਗਿਆ…! ਚੱਕੀ ਘੁੰਮੀ ਗਈ ਤੇ ਮੋਹਰਾਂ ਡਿਗਦੀਆਂ ਰਹੀਆਂ !!
ਚੱਕੀ ਤੋਂ ਵਿਹਲੇ ਹੋਏ ਸੱਜਣ ਨੇ ਮੱਥੇ ਦਾ ਮੁੜ੍ਹਕਾ ਪੂੰਝਿਆ… ਚੱਕੀ ਫੇਰਦੇ ਨਵੇਂ ਬੰਦੇ ਦਾ ਕੋਟਾਨਿ ਕੋਟਿ ਸ਼ੁਕਰਾਨਾ ਕਰਿਆ ਤੇ ਲਾਗੇ ਬੰਨ੍ਹਿਆਂ ਉਹਦਾ ਘੋੜਾ ਜਾ ਖੋਲ੍ਹਿਆ !
ਮੋਹਰਾਂ ‘ਬਣਾਉਂਦਾ’ ਬੰਦਾ ਕਹਿੰਦਾ ਕਿੱਥੇ ਚੱਲਿਆਂ ਤੂੰ ?
ਘੋੜੇ ‘ਤੇ ਪਲਾਕੀ ਮਾਰ ਕੇ ਚੜ੍ਹਿਆ ਸੱਜਣ ਹੱਸ ਕੇ ਕਹਿੰਦਾ- ਭਰਾਵਾ, ਤੇਰੇ ਵਾਂਗ ਲਾਲਚ ਦਾ ਮਾਰਿਆ ਮੈਂ ਵੀ ਆਪਣੇ ਰਹਿਬਰ ਦਾ ਹੁਕਮ ਭੁਲਾ ਕੇ ਇੱਥੇ ਲਾਲਚ ਦੀ ਚੱਕੀ ਘੁਮਾਉਣ ਆ ਲੱਗਿਆ ਸੀ …ਘੁਮਾ ਘੁਮਾ ਕੇ ਹੰਭ ਗਿਆ ਸਾਂ… ਮੇਰੀ ਕਿਸਮਤ ਨੂੰ ਤੂੰ ਆ ਗਿਆ… ਹੁਣ ਕੋਈ ਹੋਰ ਲਾਲਚ ਦਾ ਪੱਟਿਆ ਆ ਕੇ ਤੇਰਾ ਛੁਟਕਾਰਾ ਕਰ ਦੇਵੇ ਗਾ… ਤਦ ਤਕ ਡਟਿਆ ਰਹਿ ‘ਮੋਹਰਾਂ ਬਣਾਉਣ’ ਲਈ !!

You may also like