ਅਮਰ ਸਿੰਘ ਪਿਛਲੇ ਪੰਦਰਾਂ ਦਿਨਾਂ ਤੋਂ ਆਪਣੇ ਝੋਨੇ ਦੀ ਰਾਖੀ ਕਰ ਰਿਹਾ ਸੀ। ਦਿਨੇ ਉਹ ਲਾਗੇ ਦੀ ਨਿੰਮ ਹੇਠ ਪਰਨਾ ਸੁੱਟਕੇ ਪਿਆ ਰਹਿੰਦਾ ਅਤੇ ਰਾਤ ਨੂੰ ਢੇਰੀ ਉੱਤੇ ਹੀ ਬਾਂਹ ਦਾ ਸਰਾਹਣਾ ਲਾਕੇ ਟੇਢਾ ਹੋ ਲੈਂਦਾ ਸੀ। ਕਦੇ ਕੋਈ ਪਿੰਡ ਤੋਂ ਆਕੇ ਦੋ ਡੰਗ ਦੀ ਰੋਟੀ ਫੜਾ ਜਾਂਦਾ ਅਤੇ ਕਦੇ ਉਹ ਲਾਗੇ ਦੇ ਢਾਬੇ ਤੋਂ ਦੋ ਰੋਟੀਆਂ ਖਾਕੇ ਗੁਜਾਰਾ ਕਰ ਲੈਂਦਾ ਸੀ। ਜਿਸ ਦਿਨ ਦਿਲ ਬਹੁਤ ਹੀ ਉਦਾਸ ਹੁੰਦਾ ਤਾਂ ਮਸਤ ਲੰਗਰ ਵੀ ਲੰਘ ਜਾਂਦਾ ਸੀ। ਉਹ ਆੜਤੀਏ ਤੋਂ ਕਈ ਵਾਰ ਪੈਸੇ ਫੜ ਚੁੱਕਿਆ ਸੀ। ਉਹ ਹਰ ਵਾਰੀ ਭੈੜਾ ਜਿਹਾ ਮੂੰਹ ਬਣਾਕੇ ਹੀ ਵੀਹ, ਪੰਜਾਹ ਰੁਪਏ ਹਥੇਲੀ ਧਰਦਾ ਸੀ। ਉਸ ਦੀ ਆਪਣੀ ਕਿਰਤ, ਉਸ ਦੇ ਅੱਗੇ ਰੁਲ ਰਹੀ ਸੀ। ਕੋਈ ਖਰੀਦਦਾਰ ਅੱਵਲ ਤਾਂ ਆਉਂਦਾ ਹੀ ਨਹੀਂ ਸੀ, ਜੇਕਰ ਬੱਧਾ ਰੁੱਧ ਕੋਈ ਆ ਵੀ ਜਾਂਦਾ ਤਾ ‘ਠੀਕ ਨਹੀਂ ਕਹਿਕੇ ਮੂੰਹ ਦੂਜੇ ਪਾਸੇ ਕਰਕੇ ਅੱਗੇ ਟੁਰ ਜਾਂਦਾ ਸੀ। ਉਹ ਕਚੀਚੀਆਂ ਵੱਟਦਾ, ਮੁੱਠੀਆਂ ਮੀਚਦਾ, ਭਵਾਂ ਚੜਾਉਂਦਾ ਪਰ ਸਿਰ ਵਾਲੀਆਂ ਗੁਰਜਾਂ ਅਤੇ ਫਰਜਾਂ ਦੀ ਪੰਡ ਉਸ ਨੂੰ ਧਰਤੀ ਵਿੱਚ ਧਸਾ ਦਿੰਦੀ ਸੀ।
ਅਮਰ ਸਿੰਘ ਅੱਧਾ ਤਾਂ ਮੰਡੀ ਵਿੱਚ ਹੀ ਮਰ ਗਿਆ ਸੀ। ਉਹ ਖੇਤ ਗੇੜਾ ਮਾਰਨ ਗਿਆ, ਬਾਕੀ ਫਸਲ ਹਾਲੀ ਖੇਤ ਵਿੱਚ ਹੀ ਰੁਲ ਰਹੀ ਵੇਖਕੇ ਉਸ ਨੂੰ ਚੱਕਰ ਜਿਹਾ ਆਇਆ ਅਤੇ ਉਹ ਉਥੇ ਹੀ ਡਿੱਗ ਪਿਆ।
ਅਮਰ ਦੀ ਅਣਆਈ ਮੌਤ ਲੋਕਾਂ ਦੀ ਸੁੱਤੀ ਸੋਚ ਜਗਾ ਰਹੀ ਸੀ।
ਅਣ ਆਈ ਮੌਤ
488