ਮੇਰਾ ਪੁੱਤਰ ਮੇਰੇ ਕੋਲੋਂ ਬੜੇ ਹੀ ਅਜੀਬ ਅਜੀਬ ਸਵਾਲ ਪੁਛਣ ਲੱਗ ਪਿਆ ਹੈ। ਬੁਝਾਰਤਾਂ ਵਰਗੇ ਫੁਲਝੜੀਆਂ ਵਰਗੇ, ਆਤਿਸ਼ਬਾਜ਼ੀਆਂ, ਪਟਾਖਿਆਂ ਤੇ ਬਰਛਿਆਂ ਵਰਗੇ ਸਵਾਲ। ਕਈ ਕਈ ਸਵਾਲ ਤਾਂ ਮੇਰੇ ਅੰਦਰਲੇ ਘੁੱਪ ਅਨ੍ਹੇਰੇ ਵਿਚ ਮਸ਼ਾਲ ਵਾਂਗ ਜਗਣ ਲਗਦੇ ਨੇ, ਤੇ ਕਈ ਜੁਗਨੂੰਆਂ ਵਾਂਗ ਝੱਪਝੱਪ ਕਰਕੇ ਜਗਣ ਬੁਝਣ ਲਗ ਪੈਂਦੇ ਨੇ। ਕਿਸੇ ਕਿਸੇ ਸਵਾਲ ਕਰਨ ਵੇਲੇ ਤਾਂ ਉਹ ਮੈਨੂੰ ਆਪਣੇ ਮੋਢਿਆਂ ਉਤੇ ਬੈਠਾ ਪ੍ਰਤੀਤ ਹੁੰਦਾ ਹੈ, ਜਿਸ ਦੇ ਭਾਰ ਹੇਠਾਂ ਮੇਰਾ ਵੱਡਪਣ ਛੁਈ ਮੂਈ ਹੋਣ ਲਗਦਾ ਹੈ।
ਇਕ ਦਿਨ ਦੇਸ਼ਭਗਤ ਇਨਕਲਾਬੀਆਂ ਦੀਆਂ ਜੀਵਨੀਆਂ ਦੀ ਕਿਤਾਬ ਪੜ੍ਹਦਾ ਪੜ੍ਹਦਾ ਪੁੱਛਣ ਲਗਾ, ਡੈਡੀ, ਸ਼ਹੀਦ ਕੌਣ ਹੁੰਦੇ ਨੇ?”
ਸ਼ਾਇਦ ਉਹਨੇ ਫਾਂਸੀ ਉਤੇ ਝੁਲਦੇ, ਗੋਲੀਆਂ ਨਾਲ ਭੁੰਨੇ ਤੇ ਤੇਜ਼ਧਾਰ ਹਥਿਆਰਾਂ ਨਾਲ ਜਿਬ੍ਹਾ ਕੀਤੇ ਕੁਝ ਬੰਦਿਆਂ ਦੀਆਂ ਤਸਵੀਰਾਂ ਦੇਖ ਲਈਆਂ ਹੋਣ ਤੇ ਸਹਿਜ ਭਾਅ ਹੀ ਇਕ ਮੋਏ ਹੋਏ ਬੰਦੇ ਦਾ ਅਕਸ ਉਹਦੇ ਜ਼ਿਹਨ ਵਿਚ ਆ ਖਲੋਤਾ ਹੋਵੇ, ਜੀਹਨੂੰ ਸ਼ਹੀਦ ਦਾ ਦਰਜਾ ਮਿਲ ਗਿਆ ਹੋਵੇ।
ਪਲ ਦੀ ਪਲ ਮੈਨੂੰ ਕੁਝ ਨਹੀਂ ਅਹੁੜਦਾ। ਮੈਂ ਹੈਰਾਨੀ ਨਾਲ ਉਹਦੇ ਚਿਹਰੇ ਵਲ ਦੇਖਣ ਲਗਦਾ ਹਾਂ। ਮੈਨੂੰ ਜਾਪਦਾ ਹੈ ਜਿਵੇਂ ਇਹ ਸਵਾਲ ਮੇਰੇ ਗਿਆਨ ਲਈ ਇੱਕ ਵੰਗਾਰ ਵਾਂਗ ਆਇਆ ਹੋਵੇ ਤੇ ਮੇਰਾ ਗਿਆਨ ਵੱਡੀ ਨਹਿਰ ਦੇ ਝਾਲ ਵਿਚ ਫਸੀ ਲਾਸ਼ ਵਾਂਗ ਗੇੜੇ ਕੱਢਣ ਲਗ ਪਿਆ ਹੋਵੇ- ਅਰਥਹੀਨ, ਨਿਰਉਦੇਸ਼ ਤੇ ਬੇਥ੍ਹਵੇ ਗੇੜੇ!
ਮੈਂ ਸੰਭਣਲ ਦਾ ਜਤਨ ਕਰਦੇ ਹੋਏ ਦੱਸਣ ਦੀ ਕੋਸ਼ਿਸ਼ ਕੀਤੀ, ਕੁਝ ਲੋਕ ਆਪਣੇ ਲਈ ਨਹੀਂ, ਸਗੋਂ ਦੂਜਿਆਂ ਲਈ ਜਿਉਂਦੇ ਮਰਦੇ ਨੇ। ਕਾਮਨ ਕਾਜ਼ ਲਈ ਲੜਦੇ ਨੇ, ਫਾਂਸੀਆਂ ਚੜ੍ਹਦੇ ਨੇ ਤੇ…”
“ਕਾਮਨ ਕਾਜ਼?” ਮੁੰਡੇ ਨੂੰ ਸ਼ਾਇਦ ਇਹ ਸ਼ਬਦ ਸਮਝ ਨਹੀਂ ਪਏ ਸਨ।
“ਸਾਂਝੇ ਕਾਰਜਾਂ ਲਈ ਮਰਨਾ…ਨਿਤਾਣਿਆਂ ਤੇ ਨਿਥਾਂਵਿਆਂ ਲਈ ਮਰਨ ਵਾਲੇ ਸ਼ਹੀਦ ਹੁੰਦੇ ਨੇ। ਫਾਂਸੀ ਦੇ ਰੱਸੇ ਚੁੰਮਣ ਵਾਲੇ ਮਰਜੀਵੜੇ ਸ਼ਹੀਦ ਹੁੰਦੇ ਨੇ, ਮੇਰੇ ਬੇਟੇ!”
ਰੰਗਾ ਬਿੱਲਾ ਵੀ ਫਾਂਸੀ ਚੜ੍ਹੇ ਸੀ, ਨੱਥੂ ਰਾਮ ਗੋਡਸੇ ਵੀ ਫਾਂਸੀ ਚੜਿਆ ਸੀ। ਜੁਲਫਕਾਰ ਅਲੀ ਭੁਟੋ ਵੀ। ਉਹ ਸ਼ਹੀਦ ਸੀਗੇ?” ਮੁੰਡਾ ਸਵਾਲ ਕਰ ਦਿੰਦਾ ਹੈ।
ਉਹਨਾਂ ਉਤੇ ਦੂਸਰਿਆਂ ਨੂੰ ਕਤਲ ਕਰਨ ਦਾ ਮੁਕੱਦਮਾ ਚਲਿਆ ਸੀ। ਉਨ੍ਹਾਂ ਕੁਝ ਬੇਦੋਸ਼ਿਆਂ ਨੂੰ ਮਾਰਿਆ ਜਾਂ ਮਰਵਾਇਆ ਸੀ। ਉਹ ਸ਼ਹੀਦ…” ਮੈਂ ਸਿੱਧਾ ਜਵਾਬ ਟਾਲ ਜਾਂਦਾ ਹਾਂ।
ਲੜਾਈਆਂ ਵਿਚ ਕਮਾਂਡਰ ਵੀ ਤਾਂ ਹਜ਼ਾਰਾਂ ਬੇਦੋਸ਼ੇ ਲੋਕਾਂ ਨੂੰ ਮਰਵਾਉਂਦੇ ਨੇ ਡੈਡੀ। ਦੋਸ਼ਾਂ ਦੇ ਲੋਕਾਂ ਦੀ, ਫੌਜੀਆਂ ਦੀ ਕਿਹੜੀ ਦੁਸ਼ਮਨੀ ਹੁੰਦੀ ਐ ਆਪਸ ਵਿਚ। ਉਨ੍ਹਾਂ ਨੇ ਤਾਂ ਇਕ ਦੂਜੇ ਨੂੰ ਕਦੀ ਵੇਖਿਆ ਵੀ ਨ੍ਹੀਂ ਹੁੰਦਾ। ਫੇਰ ਉਨ੍ਹਾਂ ਕਮਾਂਡਰਾਂ ਨੂੰ ਤਾਂ ਕੋਈਫਾਂਸੀ ਚਾੜ੍ਹਦਾ ਨੀਂ। ਸਗੋਂ ਉਨ੍ਹਾਂ ਨੂੰ ਸੋਨੇ ਚਾਂਦੀ ਦੇ ਤਗਮੇ ਦਿਤੇ ਜਾਂਦੇ ਨੇ। ਮੁੰਡਾ ਬਹੁਤ ਹੀ ਗੰਭੀਰ ਸੀ।
ਉਹ ਬਹਾਦਰ ਹੁੰਦੇ ਨੇ ਮੇਰੇ ਬੇਟੇ…ਇਕ ਦੇਸ ਦੇ ਬਹਾਦਰ’।
ਇਕ ਦੇਸ ਦੇ ਬਹਾਦਰ ਦੂਜੇ ਲਈ ਕਾਫਿਰ ਹੈ, ਨਾ ਡੈਡੀ?” ਮੁੰਡਾ ਸਤਿਤੀ ਵਿਚਲੇ ਵਿਅੰਗ ਨੂੰ ਕਿੱਡੇ ਸੌਖੇ ਤਰੀਕੇ ਨਾਲ ਅਤੇ ਕਿੰਨੇ ਸਹਿਜ ਰੂਪ ਵਿਚ ਆਖ ਗਿਆ ਸੀ। ਪਰ ਉਹਦੀ ਤਸਲੀ ਨਹੀਂ ਸੀ ਹੋ ਰਹੀ। ਮੈਂ ਆਪਣੇ ਹੀ ਪੁਤਰ ਸਾਹਵੇਂ ਪਾਣੀ ਪਾਣੀ ਹੋਣ ਲਗਦਾ ਹਾਂ।
ਬਹਾਦਰ ਤੇ ਕਾਫਿਰ ਸ਼ਬਦਾਂ ਤੋਂ ਕਈ ਘਟਨਾਵਾਂ ਮੇਰੇ ਚੇਤੇ ਵਿਚ ਖੁੰਬਾਂ ਵਾਂਗ ਖਲੋ ਜਾਂਦੀਆਂ ਹਨ। ਅਸੀਂ ਗੁਆਂਢੀ ਦੇਸ਼ ਨਾਲ ਦੋ ਲੜਾਈਆਂ ਲੜੀਆਂ। ਭਾਵੇਂ ਇਧਰਲੇ ਤੇ ਉਧਰਲੇ ਅਵਾਮ ਦੇ ਦਿਲਾਂ ਵਿਚ ਇਕ ਦੂਜੇ ਲਈ ਭੋਰਾ ਭਰ ਵੀ ਜ਼ਹਿਰ ਨਹੀਂ ਸੀ। ਹਮਲਾ ਕੀਹਨੇ ਕੀਹਦੇ ਉਤੇ ਕੀਤਾ, ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਤੇ ਅਖਬਾਰਾਂ ਨੇ ਕਈ ਕੁਝ ਸਚ ਝੂਠ ਬੋਲਿਆ ਸੀ। ਇਕ ਦੇਸ਼ ਦੀਆਂ ਫੌਜਾਂ ਲਾਹੌਰ ਤਕ ਪਹੁੰਚਦੀਆਂ ਸਨ ਤੇ ਦੂਜੇ ਦੇਸ਼ ਦੀਆਂ ਦਿਲੀ ਤਕ ਅਪੜਣ ਦੀਆਂ ਟਾਹਰਾਂ ਮਾਰ ਰਹੀਆਂ ਸਨ। ਦੋਹਾਂ ਦੇਸ਼ਾਂ ਦੇ ਫੌਜੀ ਬਹਾਦਰ ਸਨ, ਜੋ ਆਪਣੀ ਮਿੱਟੀ ਦੀ ਰਖਿਆ ਲਈ ਜੀਅ ਜਾਨ ਨਾਲ ਲੜੇ।
ਇਕ ਦੇਸ਼ ਦਾ ਰੇਡਿਓ ਐਲਾਨ ਕਰਦਾ ਸੀ, ਦੇਸ਼ਦੇ ਬਹਾਦਰ ਸਹੀਦਾਂ ਨੇ ਦੇਸ਼ ਦੀ ਮਿੱਟੀ ਦੀ ਲਾਜ ਰਖੀ ਹੈ, ਮਾਂ ਦੇ ਦੁਧ ਦੀ ਕੀਮਤ ਚੁਕਾਈ ਹੈ, ਕਾਫਿਰਾਂਨੂੰ ਇਕ ਇੰਚ ਵੀ ਅਗੇ ਨਹੀਂ ਵਧਣ ਦਿਤਾ।
ਉਦੋਂ ਹੀ ਦੂਸਰੇ ਦੇਸ਼ ਦਾ ਰੇਡੀਓ ਸਮਾਚਾਰ ਦਿੰਦਾ ਸੀ,ਔਕੜਾਂ ਦੇ ਬਾਵਜੂਦ ਸਾਡੇ ਬਹਾਦਰ ਜੰਗਜੂ ਅਗੇ ਹੀ ਅਗੇ ਵਧਦੇ ਗਏ। ਇਕ ਇਕ ਬਹਾਦਰ ਲਖ ਲਖ ਕਾਫਿਰ ਉਤੇ ਭਾਰੂ ਸੀ। ਦੇਸ਼ ਦੀ ਆਬਰੂ ਬਚਾਉਣ ਵਾਲੇ ਸ਼ਹੀਦਾਂ ਨੂੰ ਪ੍ਰਣਾਮ’।
ਦੋਹਾਂ ਦੇਸ਼ਾਂ ਦੇ ਹਜ਼ਾਰਾਂ ਬਹਾਦਰ ਮਾਰੇ ਗਏ ਸਨ। ਇਕ ਦੋ ਬਹਾਦਰ ਦੂਜੇ ਲਈ ਕਾਡਿਰ ਬਣੇ ਤੇ ਦੂਜੇ ਦੇ ਕਾਫੀਰ ਪਹਿਲੇ ਲਈ ਮੁਜ਼ਾਹਿਦ। ਮੇਰੇ ਪੁਤਰ ਨੇ ਰੇਡੀਓ ਟੀਵੀ ਤੋਂ ਇਹ ਸਾਰਾ ਸਚ ਝੂਠ ਸੁਣਿਆ ਸੀ। ਇਸ ਲਈ ਉਹਦੇ ਜ਼ਿਹਨ ਵਿਚ ਬਹਾਦਰ ਤੇ ਕਾਫਿਰ ਦਾ ਭੇਤ ਹੱਲ ਨਹੀਂ ਸੀ ਹੋ ਰਿਹਾ।
ਲੜਾਈ ਦੇ ਉਹਨੀਂ ਦਿਨੀਂ ਹੀ ਇਕ ਹੋਰ ਅਜੀਬ ਘਟਨਾ ਘਟੀ ਸੀ। ਗੁਆਂਢੀ ਦੇਸ਼ ਨੇ ਅਚਾਨਕ ਹੁਸੈਨੀ ਵਾਲਾ ਸਰਹੱਦ ਉਤੇ ਹਮਲਾ ਕਰਕੇ ਉਥੋਂ ਦਾ ਕੁਝ ਖੇਤਰ ਆਪਣੇ ਕਬਜ਼ੇ ਵਿਚ ਕਰ ਲਿਆ ਸੀ। ਕਾਫੀ ਬਚਾਓ ਹੋ ਗਿਆ ਸੀ। ਪਰ ਉਹ ਹੁਸੈਨੀ ਵਾਲਾ ਵਿਚ ਲਗੇ ਸ਼ਹੀਦਾਂ ਦੇ ਬੁੱਤ ਚੁਕ ਕੇ ਲਾਹੌਰ ਲੈ ਗਏ ਸਨ। ਜਿਥੇ ਸ਼ਹੀਦਾਂ ਨੇ ਬੰਬ ਕਾਂਡ ਕੀਤਾ ਸੀ, ਸਾਂਡਰਸ ਮਾਰਿਆ ਸੀ, ਜੇਲ੍ਹਾਂਕਟੀਆਂ ਸਨ, ਟਾਰਚਰ ਸਹੇ ਸਨ ਤੇ ਹੱਸ ਹੱਸ ਫਾਂਸੀ ਦੇ ਰੱਸੇ ਗਲ ਵਿਚ ਪਾਏ ਸਨ। ਜਿਸ ਲਾਹੌਰ ਦੀ ਅਜ਼ਾਦੀ ਲਈ ਉਨ੍ਹਾਂ ਸ਼ਹਾਦਤ ਦਾ ਜਾਮ ਪੀਤਾ ਸੀ, ਉਸ ਲਾਹੌਰ ਦੇ ਬਾਜ਼ਾਰਾਂ ਵਿਚ ਸ਼ਹੀਦਾਂ ਦਾ ਜਲੂਸ ਕਢਿਆ ਗਿਆ ਸੀ। ਪਰ ਉਨ੍ਹਾਂ ਜਲੂਸ ਦੇ ਅਰਥ ਬਦਲ ਦਿਤੇ ਸਨ।
ਮੇਰੇ ਪੁਤਰ ਨੇ ਇਹ ਸਾਰਾ ਪ੍ਰੋਗਰਾਮਲਾਹੌਰ ਟੀਵੀ ਤੇ ਦੇਖਿਆ ਸੀ। ਉਦੋਂ ਹੀ ਉਸ ਪੁਛਿਆ ਸੀ, ਇਹ ਕੀ ਕਰ ਰਹੇ ਨੇ ਡੈਡੀ?” ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕਰ ਰਹੇ ਨੇ ਜਾਂ ਜਿੱਤ ਦਾ ਜਸ਼ਨ ਮਨਾ ਰਹੇ ਨੇ?”:
ਬਹਾਦਰੀ ਦਿਖਾ ਰਹੇ ਨੇ…ਸ਼ਹੀਦਾਂ ਨੂੰ ਸ਼ਰਮਿੰਦਾ ਕਰ ਰਹੇ ਨੇ। ਮੇਰੇ ਮੂੰਹੋਂ ਨਾ ਚਾਹੁੰਦਿਆਂ ਵੀ ਅਚਾਨਕ ਨਿਕਲ ਗਿਆ ਸੀ।
ਪਰ ਇਹ ਤਾਂ ਸਾਂਝੇ ਮੁਲਕ ਦੇ ਸ਼ਹੀਦ ਸੀ, ਡੈਡੀ, ਸਾਂਝੇ ਸ਼ਹੀਦ?” ਮੁੰਡੇ ਨੇ ਆਪਣੀ ਹੈਰਾਨੀ ਪ੍ਰਗਟ ਕੀਤੀ ਸੀ।
ਹਾਂ, ਹਾਂ, ਪਰ ਹੁਣ ਇਹ ਵੰਡੇ ਹੋਏ ਦੋ ਮੁਲਕਾਂ ਵਿਚ ਇਕ ਮੁਲਕ ਦੇ ਹੀ ਸ਼ਹੀਦ ਰਹਿ ਗਏ ਨੇ, ਮੇਰੇ ਬੇਟੇ”।
ਸੁਣਿਐਂ, ਡੈਡੀ, ਹੁਣ ਉਨ੍ਹਾਂ ਨੇ ਇਨ੍ਹਾਂ ਸ਼ਹੀਦਾਂ ਦੇ ਨਾਂ ਵੀ ਆਪਣੀ ਹਿਸਟਰੀ ਦੀ ਕਿਤਾਬ ਵਿਚੋਂ ਕਢ ਛਡੇ ਐਐ?”
ਹਿਸਟਰੀ ਵੀ ਤਾਂ ਪੁਤ ਬੰਦੇ ਈ ਲਿਖਦੇ ਐ। ਕਿਸੇ ਦਾ ਨਾਂ ਪਾ ਦੇਣ ਤੋਂ ਕਿਸੇ ਦਾ ਕੱਢ ਛਡਣ। ਭਾਵੇਂ ਕਿਸੇ ਨੂੰ ਹੀਰੋ ਬਣਾ ਦੇਣ ਤੇ ਕਿਸੇ ਨੂੰ ਜ਼ੀਰੋ। ਮੈਂ ਆਪਣੇ ਚਿਹਰੇ ਦੀ ਦੁਖਦੀ ਰਗ ਛੁਪਾਉਣਾ ਚਾਹੁੰਦੇ ਹੋਏ ਵੀ ਨਹੀਂ ਸੀ ਛੁਪਾ ਸਕਿਆ।
ਹੀਰੋ ਹੁੰਦੇ ਨੇ ਜਾਂ ਬਣਾਏ ਜਾਂਦੇ ਨੇ, ਡੈਡੀ?” ਮੁੰਡਾ ਇਕ ਹੋਰ ਸਵਾਲ ਉਲਾਰਦਾ ਹੈ।
ਕਦੀ ਕਦੀ ਬਣਾਏ ਵੀ ਜਾਂਦੇ ਨੇ ਬੇਟੇ। ਸਿਆਸਤਦਾਨ ਸਭ ਕੁਝ ਕਰ ਸਕਦੇ ਨੇ। ਕਾਲਿਆਂ ਦਾ ਹੀਰੋ ਗੋਰਿਆਂ ਲਈ ਹਮੇਸ਼ਾ ਜ਼ੀਰੋ ਹੀ ਰਿਹਾ ਤੇ ਗੋਰਿਆਂ ਨੇ ਆਪਜ਼ਾ ਜ਼ੀਰੋ ਵੀ ਸਦਾ ਹੀਰੋ ਬਣਾ ਕੇ ਹੀ ਪੇਸ਼ ਕੀਤਾ। ਕਾਲਾ ਹੀਰੋ ਵੀ ਉਨ੍ਹਾਂ ਲਈ ਬਾਸਟਰਡ ਹੀ ਰਿਹਾ…ਬਾਸਟਰਡ…ਹਰਾਮ ਦਾ’।
ਕੀ ਕੋਈ ਸਾਰੀ ਦੁਨੀਆ ਦਾ ਸ਼ਹੀਦ ਨਹੀਂ ਅਖਵਾ ਸਕਦਾ , ਡੈਡੀ?’
ਪ੍ਰਸ਼ਨ ਜਿੰਨਾ ਸੁਭਾਵਕ ਸੀ, ਉਤ ਉਨਾ ਹੀ ਗੁੰਜਲਦਾਰ।
ਕਦੀ ਮੌਕਾ ਜ਼ਰੂਰ ਆਵੇਗਾ ਬੇਟੇ। ਪਰ ਅਜੇ ਧੁੰਦ ਹੈ, ਅਨ੍ਹੇਰਾ ਹੈ, ਸਾਜਿਸ਼ਨੁਮਾ ਮਾਹੌਲ ਹੈ।
ਪਿਛਲੇ ਦਿਨੀਂ ਪੰਜਾਬ ਦੇ ਇਕ ਉਘੇ ਸ਼ਹਿਰ ਵਿਚ ਇੱਕ ਹਾਦਸਾ ਵਾਪਰ ਗਿਆ। ਦੋ ਫਿਰਕੇ ਉਲਝ ਪਏ। ਤੇਜ਼ਧਾਰ ਹਥਿਆਰਾਂ ਨਾਲ ਲੜਾਈ ਨਾਲ ਲੜਾਈ ਹੋਈ। ਪੁਲਿਸ ਨੂੰ ਗੋਲੀ ਵੀ ਚਲਾਉਣੀ ਪਈ ਸੀ। ਇਕ ਫਿਰਕੇ ਦਾ ਕਾਫੀ ਜਾਨੀ ਨੁਕਸਾਨ ਹੋਇਆ। ਇਕ ਅਖਬਾਰ ਨੇ ਸੁਰਖੀ ਲਾਈ, ਦੋਸ ਕੇ ਅਮਨ ਪਸੰਦ ਸ਼ਹਿਰੀਆਂ ਪਰ ਕੁਛ ਤਤਵੇਂ ਨੇ ਤੇਜ਼ਧਾਰ ਹਥਿਆਰੋ ਸੇ ਹਮਲਾ ਕੀਆ। ਜਵਾਬੀ ਕਾਰਵਾਈ ਮੇਂ ਕੁਛ ਗੁੰਡੇ ਮਾਰੇ ਗਏ ਐਰ ਸੋ ਜ਼ਖਮੀ ਹੂਏ।
ਦੂਜੇ ਫਿਰਕੇ ਦੀ ਅਖਬਾਰਾਂ ਨੇ ਮੋਟੇ ਅਖਰਾਂ ਵਿਚ ਖਬਰ ਛਾਪੀ, ਧਰਮ ਦੀ ਰਖਿਆ ਕਰਦੇ ਹੋਏ ਕੁਝ ਬਹਾਦਰ ਲੋਕ ਸ਼ਹੀਦ ਹੋਏ। ਉਨ੍ਹਾਂ ਦਾ ਨਾਂ ਇਤਿਹਾਸ ਦੇ ਵਰਕਿਆਂ ਵਿਚ ਸੁਨਹਿਰੀ ਅਖਰਾਂ ਨਾਲ ਲਿਖਿਆ ਜਾਵੇਗਾ, ਜਿਨ੍ਹਾਂ ਨੇ ਧਰਮ ਦੀ ਰਖਿਆ ਲਈ ਆਪਣਾ ਖੂਨ ਡੋਲਿਆ।
ਮੇਰਾ ਪੁਤਰ ਅਖਬਾਰਾਂਲੈ ਕੇ ਮੇਰੇ ਕੋਲ ਆਇਆ ਤੇ ਦੋਵੇਂ ਅਖਬਾਰਾਂ ਮੇਰੇ ਮੂਹਰੇ ਧਰ ਕੇ ਪੁਛਣ ਲੱਗਾ, ਡੈਡੀ ਸ਼ਹੀਦ ਗੁੰਡੇ ਕਦੋਂ ਹੋ ਜਾਂਦੇ ਨੇ ਤੇ ਗੁੰਡੇ ਸ਼ਹੀਦ ਕਦੋਂ ਬਣ ਜਾਂਦੇ ਨੇ?”
ਇਹ ਛੋਟੀ ਲੜਾਈ ਹੈ, ਮੇਰੇ ਬੇਟੇ! ਇੱਕ ਫਿਰਕੇ ਦੇ ਸ਼ਹੀਦ ਵਿਰੋਧੀ ਫਿਰਕੇ ਲਈ ਹਮੇਸ਼ਾ ਗੁੰਡੇ ਹੀ ਰਹਿੰਦੇ ਨੇ। ਤੇ ਆਪਣੇ ਗੁੰਡੇ ਵੀ ਉਨ੍ਹਾਂ ਨੂੰ ਸ਼ਹੀਦ ਹੀ ਲਗਦੇ ਨੇ’।
ਫੇਰ ਉਨ੍ਹਾਂ ਦੀ ਪਛਾਣ ਕੌਣ ਕਰੇਗਾ? ਕਿਵੇਂ ਹੋਵੇਗੀ ਉਨ੍ਹਾਂ ਦੀ ਪਛਾਣ, ਡੈਡੀ?”
ਵੱਡੀ ਫੈਸਲ਼ਾਕੁੰਨ ਲੜਾਈ ਹੀ ਉਨ੍ਹਾਂ ਦੀ ਪਛਾਣ ਕਰਾਏਗੀ। ਤੂੰ ਜਦੋਂ ਵੱਡੀ ਲੜਾਈ ਲਈ ਤਿਰ ਹੋਵੇਗਾ. ਤੈਨੂੰ ਸਭ ਕੁਝ ਸਮਝ ਆ ਜਾਵੇਗਾ। ਪਰ ਹਾਲੇ ਵਕਤ ਨਹੀਂ ਆਇਆ, ਹਾਲੇ ਤਾਂ…’
ਵਕਤ ਕਦੋਂ ਆਵੇਗਾ, ਡੈਡੀ?” ਮੁੰਡੇ ਦੀ ਅਜੇ ਵੀ ਤਸਲੀ ਨਹੀਂ ਸੀ ਹੋ ਰਹੀ।
ਮੈਂ ਮੁੰਡੇ ਦੇ ਪ੍ਰਸ਼ਨ ਦੀ ਰੌਸ਼ਨੀ ਵਿਚ ਬੜੀ ਹੀ ਗੰਭੀਰਤਾ ਨਾਲ ਸੋਚਣ ਲਗਦਾ ਹਾਂ। ਮੇਰੀ ਸੋਚ ਵਿਚ ਉਹ ਬੇਚੈਨ ਲੋਕ ਆਉਂਦੇ ਨੇ ਜੇ ਸਾਰੀ ਮਨੁਖਤਾ ਲਈ ਚੰਗੇ ਸੁਫਨੇ ਬੀਜਣ ਦਾਅਹਿਦ ਕਰ ਕੇ ਤੁਰੇ। ਮਨੁਖ ਦੀ ਹੋਣੀ ਦੀ ਤਰਤੀਬ ਬਦਲਣ ਲਈ ਉਨ੍ਹਾਂ ਮਸ਼ਾਲਾਂ ਚੁਕੀਆਂ। ਪਰ ਅਧ ਵਿਚਾਲੇ ਹੀ ਰਹਿ ਗਏ। ਤੇ ਉਨ੍ਹਾਂ ਦੀਆਂ ਅਖਾਂ ਦੀਆਂ ਝਿੰਮਣੀਆਂ ਵਿਚ ਸੂਹੀ ਸਵੇਰ ਰੱਤ ਬਣ ਕੇ ਫੈਲ ਗਈ ਸੀ।
ਅਜੇ ਇਕ ਲੰਮੀ ਲੜਾਈ ਮਨੁਖ ਨੇ ਲੜਨੀ ਹੈ, ਸਾਂਝੇ ਸ਼ਹੀਦ ਪੈਦਾ ਕਰਨ ਲਈ, ਮੇਰੇ ਬੇਟੇ, ਸਾਂਝੇ ਸ਼ਹੀਦ। ਮੈਂ ਆਪਣੀ ਸੋਚ ਵਿਚੋਂ ਨਿਲਦਿਆਂ ਆਖਦਾ ਹਾਂ।
ਕੌਣ ਲੜੇਗਾ ਉਹ ਲੜਾਈ, ਡੈਡੀ? ਹੁਣ ਮੁੰਡਾ ਜਿਵੇਂ ਉਸ ਲੜਾਈ ਦੀ ਤਾਂਘ ਰਖਦਾ ਹੋਵੇ।
ਤੂੰ ਵੀ ਲੜ ਸਕਦੈ, ਮੈਂ ਵੀ, ਤੇਰੇ ਬਚੇ ਵੀ, ਤੇ ਸ਼ਾਇਦ ਉਨ੍ਹਾਂ ਦੇ ਬਚੇ ਵੀ। ਅੰਤਿਮ ਤੇ ਫੈਸਲ਼ਾਕੁੰਨ ਲੜਾਈ।
ਮੇਰਾ ਜਵਾਬ ਸੁਣ ਕੇ ਮੁੰਡਾ ਚੁਪ ਹੋ ਗਿਆ ਸੀ। ਸ਼ਾਇਦ ਉਹ ਲੜਾਈ ਦੀ ਤਿਆਰੀ ਬਾਰੇ ਸੋਚਣ ਲਗ ਪਿਆ ਸੀ।
ਕਈ ਦਿਨ ਇੰਝ ਹੀ ਬੀਤ ਗਏ। ਮੁੰਡੇ ਵਿਚ ਕਾਫੀ ਤਬਦੀਲੀ ਆਉਣ ਲਗ ਪਈ ਸੀ। ਉਹ ਲੋੜ ਨਾਲੋਂ ਜ਼ਿਆਦਾਗੰਭੀਰ ਰਹਿਣ ਲਗ ਪਿਆ ਸੀ। ਨਿੱਕੀ ਨਿੱਕੀ ਗੱਲ ਨੂੰ ਵੀ ਪੁਨਣ ਛਾਨਣ ਲਗ ਪਿਆ ਸੀ। ਇਕ ਦਿਨ ਆ ਕੇ ਕਹਿਣ ਲਗਾ, ਡੈਡੀ ਡੈਡੀ, ਆਪਣਾ ਗੁਆਂਢੀ ਰਾਮ ਲਾਲ ਸ਼ਹੀਦ ਹੋ ਗਿਔ।
ਬੇਟੇ, ਰਾਮ ਲਾਲ ਸ਼ਹੀਦ ਨਹੀਂ ਹੋਇਆ, ਮਰਿਆ ਹੈ। ਉਹਦੀ ਮੌਤ ਹੋ ਗਈ ਹੈ। ਮਰ ਗਿਆ ਹੈ ਰਾਮ ਲਾਲ’।
ਨਹੀਂ ਡੈਡੀ, ਰਾਮ ਲਾਲ ਸ਼ਹੀਦ ਹੋਇਆ। ਮੇਰਾ ਮੁੰਡਾ ਬਾਰ ਬਾਰ ਆਖੀ ਜਾ ਰਿਹਾ ਸੀ। ਮੰਨਣ ਵਿਚ ਨਹੀਂ ਸੀ ਆ ਰਿਹਾ।
ਉਹ ਕਿਵੇਂ ? ਆਖੀਰ ਤੰਗ ਆ ਕੇ ਮੈਂ ਪੁਛਿਆ।
ਉਹਦੀ ਘਰਵਾਲੀ ਮੁਹਲੇ ਦੀ ਤੀਮੀਆਂ ਨੂੰ ਸ ਰਹੀ ਸੀ ਬਈ ਉਹ ਜਿੰਨਾ ਚਿਰ ਜਿਊਂਦਾ ਰਿਹਾ, ਬਿਮਾਰੀ, ਗਰੀਬੀ ਤੇ ਭੁਖ ਨਾਲ ਹੀ ਘੁਲਦਾ ਰਿਹਾ। ਤੇ ਅਖਿਰ ਮੁੱਕ ਗਿਆ ਲੜਦਾ ਲੜਦਾ…’ ਮੁੰਡੇ ਨੇ ਬੜੀ ਗੰਭੀਰਤਾ ਨਾਲ ਕਿਹਾ।
ਮੇਰੀਆਂ ਅਖਾਂ ਵਿਚ ਬਿਜਲੀ ਚਮਕਣ ਲਗ ਪਈ। ਪਲ ਦੀ ਪਲ ਮੈਨੂੰ ਜਾਪਿਆ ਜਿਵੇਂ ਮੇਰੇ ਮੁੰਡੇ ਨੂੰ ਉਸ ਅਮੁਕ ਲੜਾਈ ਦੀ ਸਮਝ ਪੈ ਗਈ ਹੋਵੇ, ਜੋ ਸਾਡੇ ਸਾਂਝੇ ਸ਼ਹੀਦਾਂਨੇ ਅਜੇ ਲੜਨੀ ਹੈ।
K L Garg