ਪੰਜਾਬ ਤੇ ਪੰਜਾਬੀਅਤ

by Manpreet Singh

1998 ‘ਚ ਜਦ ਖੰਨੇ ਕਹਿਰੀ ਰੇਲ ਹਾਦਸਾ ਵਾਪਰਿਆ ਤਾਂ ਸੈਂਕੜੇ ਮੁਸਾਫਿਰ ਮਾਰੇ ਗਏ। ਉਸੇ ਗੱਡੀ ‘ਚ ਇਕ ਕੇਰਲਾ ਦਾ ਹਿੰਦੂ ਫੌਜੀ ਅਫ਼ਸਰ ਸਫ਼ਰ ਕਰ ਰਿਹਾ ਸੀ ਜਿਸ ਦੀ ਜਾਨ ਬਚ ਗਈ ਸੀ। ਉਹ ਲਿਖਦਾ ਹੈ, “ਮੈਂ ਸੁਣਿਆ ਸੀ ਕਿ ਪੰਜਾਬ ਦੇ ਲੋਕ ਬਹੁਤ ਚੰਗੇ ਹੁੰਦੇ ਹਨ, ਸਰਬੱਤ ਦਾ ਭਲਾ ਮੰਗਣ ਵਾਲੇ ਹੁੰਦੇ ਹਨ, ਪਰ ਅੱਜ ਇਹ ਆਪਣੀ ਅੱਖੀਂ ਵੇਖ ਲਿਆ”।

ਉਹ ਲਿਖਦਾ ਹੈ ਕਿ ਜਦ ਹਾਦਸਾ ਹੋਇਆ ਉਦੋਂ ਰਾਤ ਸੀ। ਆਸ ਪਾਸ ਦੇ ਪਿੰਡਾਂ ਵਾਲ਼ਿਆਂ ਲੋਕਾਂ ਨੇ ਆਪਣੇ ਟ੍ਰੈਕਟਰ ਟਰਾਲੀਆਂ, ਰੇਹੜੇ, ਗੱਡੇ, ਕਾਰਾਂ ‘ਚ ਪਾਕੇ ਜਖਮੀ ਮੁਸਾਫਰਾਂ ਨੂੰ ਹਸਪਤਾਲਾਂ ‘ਚ ਪਹੁੰਚਾਇਆ, ਜਾਨ ਤੇ ਖੇਡਕੇ ਗੱਡੀਆਂ ਦੇ ਮਲਬੇ ਚੋਂ ਲਾਸ਼ਾਂ ਕੱਢੀਆਂ ਤੇ ਦਿਨ ਚੜ੍ਹਦੇ ਸਾਰ ਉੱਥੇ ਹਾਦਸੇ ਵਾਲ਼ੀ ਥਾਂ ਤੇ ਹੀ ਗੁਰੂ ਕਾ ਲੰਗਰ ਚਾਲੂ ਕਰ ਦਿੱਤਾ।
ਦੋ ਸੌ ਤੋ ਵਧੇਰੇ ਮੌਤਾਂ ਵਾਲ਼ੀ ਜਗ੍ਹਾ ਤੇ ਲਾਸ਼ਾਂ ਕੱਢਣ ਵਾਲ਼ਿਆਂ ਤੇ ਪਹਿਚਾਣ ਲਈ ਆਉਂਦੇ ਲੋਕਾਂ ਵਾਸਤੇ ਪ੍ਰਸ਼ਾਦੇ ਦਾ ਪ੍ਰਬੰਧ ਵੇਖ, ਕਹਿੰਦਾ ਮੈ ਰੋ ਪਿਆ…

ਇਹ ਦੇਵਤੇ ਲੋਕ ਇਸ ਧਰਤੀ ਤੇ ਵੱਸਦੇ ਹਨ। ਧੰਨ ਹਨ ਇਹਨਾਂ ਦੇ ਸਤਿਗੁਰੂ ਜੋ ਐਸੀਆਂ ਬਖਸ਼ਿਸ਼ਾਂ ਕਰਕੇ ਗਏ, ਇਹਨਾਂ ਨੂੰ ਐਸਾ ਮਹਾਨ ਕਾਰਜ ਸੌਂਪ ਕੇ ਗਏ ਜੋ ਇਹ ਅੱਜ ਸਦੀਆਂ ਬੀਤਣ ਉਪਰੰਤ ਵੀ ਕਰੀ ਜਾ ਰਹੇ ਹਨ। ਐਸੀਆਂ ਬਖਸ਼ਿਸ਼ਾਂ ਤੋਂ ਪ੍ਰਭਾਵਿਤ ਹੋਕੇ ਉਨਾਂ ਦਿਨਾਂ ‘ਚ ਹੀ ਦਾਸ ਨੇ ਕੇਸ ਰੱਖੇ ਤੇ 1999 ‘ਚ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਸੀ।

ਮੈਂ ਅਕਸਰ ਸੋਚਦਾਂ ਹਾਂ ਕਿ ਦੂਜੇ ਪਾਸੇ ਏਸੇ ਭਾਰਤ ਵਿਚ ਉਹ ਵੀ ਲੋਕ ਵੱਸਦੇ ਹਨ ਜੋ ਕੁਦਰਤੀ ਕਰੋਪੀਆਂ, ਹਾਦਸਿਆਂ ਮੌਕੇ ਬੇਵੱਸ ਹੋਏ ਲੋਕਾਂ ਨੂੰ ਰੱਜ ਕੇ ਲੁੱਟਦੇ ਹਨ। ਯਾਦ ਕਰੋ ਤਿੰਨ ਵਰ੍ਹੇ ਪਹਿਲਾਂ ਉਤਰਾਖੰਡ ਕੁਦਰਤੀ ਆਫ਼ਤ ਹੜ੍ਹ ਸਮੇ ਉਥੋਂ ਦੇ ਵਸਨੀਕਾਂ ਨੇ ਚੌਲ਼ਾਂ ਦੀ ਇੱਕ ਪਲੇਟ ਤਿੰਨ/ਤਿੰਨ ਸੌ ਰੁਪਏ ਦੀ ਵੇਚੀ, ਇਕ ਪੰਜ ਰੂਪੈ ਦਾ ਬਿਸਕੁਟਾਂ ਦਾ ਪੈਕਟ ਸੌ ਰੁਪਏ ਦਾ ਵੇਚਿਆ। ਨੀਚਤਾ ਦੀ ਹੱਦ ਕਰਦਿਆਂ ਇਕ ਦੋ ਜਗ੍ਹਾ ਵਿਚਾਰੇ ਭਟਕੇ ਮੁਸਾਫਰਾਂ ਦੀਆਂ ਧੀਆਂ ਨਾਲ਼ ਪਹਾੜੀਆਂ ਨੇ ਬਲਾਤਕਾਰ ਵੀ ਕੀਤੇ। ਜਖਮੀਆਂ ਹੱਥੋਂ ਸੋਨੇ ਦੇ ਗਹਿਣੇ ਲਾਹੇ….ਏਨਾਂ ਕੁ ਫਰਕ ਹੈ ਭਾਰਤ ਅਤੇ ਪੰਜਾਬ ‘ਚ…ਫੇਰ ਵੀ ਪੰਜਾਬ ਤੇ ਪੰਜਾਬੀਅਤ ਨਾਲ਼ ਏਨੀ ਨਫ਼ਰਤ?

You may also like