ਤਸੱਲੀ

by Jasmeet Kaur

ਇੱਕ ਤਾਰਾ ਵਜਾਉਂਦਾ ਉਹ ਇੱਕ ਦਰ ਤੋਂ ਦੂਜੇ ਦਰ ਲੜੀਵਾਰ ਤੁਰਿਆ ਜਾਂਦਾ।ਕਿਸੇ ਦਰ ਤੋਂ ਉਸਨੂੰ ਭਿਖਿਆ ਮਿਲ ਜਾਂਦੀ, ਕਿਸੇ ਦਰ ਤੋਂ ਸੱਖਣਾ ਹੀ ਲੰਘਣਾ ਪੈਂਦਾ। ਉਸ ਨੂੰ ਸਾਰੇ ਹੀ ਜਾਣਦੇ ਸਨ। ਉਹ ਅੱਜ ਤੋਂ ਹੀ ਨਹੀਂ ਲੰਮੀ-ਉਮਰ ਤੋਂ ਇੱਕ ਤਾਰਾ ਵਜਾਉਂਦਾ ਆ ਰਿਹਾ ਸੀ। ਉਸਦੇ ਗਲੇ ਵਿੱਚ ਅਜਿਹਾ ਦਰਦ ਸੀ ਜਦ ਉਹ ਗਾਉਂਦਾ ਤਾਂ ਆਪ ਮੁਹਾਰੇ ਲੋਕਾਂ ਦੇ ਮਨਾਂ `ਚ ਉਸ ਲਈ ਤਰਸ ਆ ਜਾਂਦਾ। ਉਸ ਦਾ ਪੂਰਨ, ਰਾਜਾ ਨਲ, ਢੋਲ ਸੰਮੀ, ਵਡੇਰੇ ਲੋਕਾਂ ਦੇ ਦਿਲਾਂ ‘ਚ ਘਰ ਕਰ ਗਏ ਸਨ। ਉਹ ਭਾਵੇਂ ਕਿਸੇ ਦਰ ਤੋਂ ਨਿਰਾਸ਼ ਮੁੜ ਜਾਂਦਾ ਪਰ ਉਸ ਨੇ ਕਿਸੇ ਦਰ ਨੂੰ ਨਿਰਾਸ਼ ਨਹੀਂ ਸੀ ਕੀਤਾ। ਉਹ ਜਰੂਰ ਬਰ ਜਰੂਰ ਕੋਈ ਨਾ ਕੋਈ ਅਸੀਸ ਦੇ ਕੇ ਅਗਾਂਹ ਤੁਰਦਾ। ਕਈ ਵਾਰ ਤਾਂ ਉਸ ਦੇ ਆਲੇ ਦੁਆਲੇ ਮਜ਼ਮਾ ਜਿਹਾ ਲੱਗ ਜਾਂਦਾ ਤੇ ਉਹ ਕਾਫੀ ਸਮਾਂ ਇੱਕ ਤਾਰੇ ਦੀ ਤਾਨ ਨਾਲ ਆਪਣੇ ਸੁਰ ਮਿਲਾਈ ਕਰਦਾ। ਉਸ ਦੇ ਗਲੇ ਦੀ ਬਖਸ਼ਸ਼ ਤੇ ਲੋਕਾਂ ਦੀ ਦਯਾ ਨੇ ਕਦੀ ਉਸਨੂੰ ਸੰਕਟ ’ਚ ਨਹੀਂ ਸੀ ਆਉਣ ਦਿੱਤਾ।
ਸਮਾਂ ਬਦਲਦਾ ਗਿਆ ਵਡੇਰੀ ਉਮਰ ਦੇ ਲੋਕ ਚਲਦੇ ਗਏ। ਨਵੀਂ ਉਮਰ ਦੇ ਖਾਲੀ ਥਾਵਾਂ ਪੁਰ ਕਰਦੇ ਗਏ। ਵਕਤ ਦੇ ਨਾਲ ਲੋਕਾਂ ਦੀ ਸੋਚਣੀ ਵਿੱਚ ਫਰਕ ਪੈਂਦਾ ਗਿਆ। ਲੋਕਾਂ ਦੇ ਦਿਲ ਬਹਿਲਾਵੇ ਦੇ ਕੇਂਦਰ ਹੋਰ ਬਣ ਗਏ। ਕੋਈ ਸਮਾਂ ਸੀ ਜਦ ਲੋਕ ਉਸ ਦੇ ਇੱਕ ਤਾਰੇ ਨੂੰ ਦਿਲ ਬਹਿਲਾਵਾ ਸਮਝਦੇ ਤੇ ਉਸ ਤੇ ਹੀ ਖੁਸ਼ ਹੋ ਕੇ ਉਸਦੀ ਮਿਹਨਤ ਦੀ ਭਿੱਖਿਆ ਪਾਕੇ ਮੁੱਲ ਤਾਰਦੇ । ਉਸਦੀ ਉਮਰ ਭਾਵੇਂ ਵੱਡੀ ਹੋ ਗਈ ਸੀ ਪਰ ਉਸ ਦੇ ਉਲਟ ਉਸ ਦੇ ਗਲੇ `ਚ ਸੋਜ਼ ਹੋਰ ਪੱਕੀ ਹੋ ਗਈ ਸੀ। ਹੁਣ ਉਸ ਦੇ ਗਾਉਣ ਵਿਚ ਅਕਹਿ ਪੀੜ ਹੁੰਦੀ ਸੀ। ਦਿਲ ਚੀਰਵੀਂ ਚੀਸ ਪਰ ਉਸ ਦੇ ਦਰਦੀਲੇ ਗਾਣ ਲੋਕਾਂ ਦਾ ਦਿਲ ਨਾ ਸਨ ਪਸੀਜ ਸਕਦੇ। ਘਰ ਘਰ ਵਿਚ ਰੇਡੀਓ, ਗਰਾਮੋਫੋਨ ਲੋਕਾਂ ਦੇ ਦਿਲਬਹਿਲਾਵੇ ਦਾ ਕੇਂਦਰ ਬਣੇ ਹੋਏ ਸਨ। ਲਤਾ ਮੰਗੇਸ਼ਕਰ ਦੇ ਗਾਣੇ ਨੂੰ ਛੱਡ ਕੇ ਕੌਣ ਬੁੱਢੇ ਖੁੰਢ ਦੇ ਘਰੇਲੂ ਰਾਗ ਨੂੰ ਸੁਣਦਾ। ਹੁਣ ਹਰ ਦਰ ਤੋਂ ਉਸ ਨੂੰ “ਅੱਗੇ ਚਲ’ ਦੀ ਅਵਾਜ਼ ਸੁਣਾਈ ਦਿੰਦੀ। ਅੱਗੇ ਚਲਦਾ ਚਲਦਾ ਆਖਰ ਉਹ ਆਪਣੇ ਘਰ ਸੱਖਣਾ ਪਰਤ ਆਉਂਦਾ।
ਭੁੱਖੇ ਪੇਟ ਤਾਂ ਉਮਰ ਲੰਘਾਉਣੀ ਔਖੀ ਹੋ ਜਾਂਦੀ ਹੈ। ਉਸਨੇ ਹੁਣ ਇਹ ਕੰਮ ਛੱਡਣ ਦੀ ਦਲੀਲ ਧਾਰ ਲਈ। ਉਸ ਨੇ ਇੱਕ ਤਾਰਾ ਕਿੱਲੀ ਤੇ ਟੰਗ ਦਿੱਤਾ ਤੇ ਉਸੇ ਦਿਨ ਸ਼ਹਿਰ ਦੇ ਚੌਗਾਨ ਵਿਚ ਮਜ਼ਦੂਰਾਂ ਦੀ ਭੀੜ `ਚ ਆ ਖੜਾ ਹੋਇਆ। ਸਭ ਲੋਕੀ ਆਪਣੇ ਆਪਣੇ ਕੰਮਾਂ ਤੇ ਚਲੇ ਗਏ ਪਰ ਉਸ ਨੂੰ ਕਿਸੇ ਨੇ ਮਜ਼ਦੂਰੀ ਲਈ ਨਾ ਪੁੱਛਿਆ। ਕਿਸੇ ਮਜ਼ਦੂਰ ਨੇ ਵੀ ਨਹੀਂ ਕਿਹਾ, ਬਾਬਾ ਚੱਲੀਏ। ਕਿਉਂ ਕਿ ਮਜ਼ਦੂਰ ਤਾਂ ਉਸ ਨੂੰ ਗਾਉਣ ਵਾਲਾ ਬਾਬਾ ਹੀ ਸਮਝਦੇ ਸਨ। ਉਸ ਦੇ ਚੇਹਰੇ ਤੋਂ ਨਿਰਾਸ਼ਾ ਦੇ ਚਿੰਨ ਦੂਰ ਹੋ ਗਏ। ਇੱਕ ਬੰਦੇ ਨੇ ਪੁੱਛਿਆ ਬਾਬਾ ਮਜ਼ਦੂਰੀ ਕਰੇਗਾ। ਬਾਬੇ ਨੇ ਹਾਂ ਵਿਚ ਸਿਰ ਹਿਲਾ ਦਿੱਤਾ, ਕੁੱਝ ਪਲਾਂ ਬਾਅਦ ਹੀ ਬਾਬੇ ਨੂੰ ਇੱਟਾਂ ਦੇ ਢੇਰ ਤੇ ਬਿਠਾ ਦਿੱਤਾ ਗਿਆ। ਨਾਲੇ ਹਥੋੜਾ ਰੋੜੀ ਕੁੱਟ ਰਿਹਾ ਸੀ, ਨਾਲ ਹੀ ਕਬੀਰ ਜੀ ਦਾ ਦੋਹਰਾ ਰਿਹਾ ਸੀ ਕਬੀਰਾ ਮੰਗਣ ਗਿਆ ਸੋ ਮਰ ਰਿਹਾ ਮੰਗਣ ਮੂਲ ਨਾ ਜਾਇ।”

ਅਵਤਾਰ

You may also like