377
ਭਰਪੂਰ ਸਿੰਘ ਕਨੇਡੀਅਨ ਅੰਦਰੋਂ, ਬਾਹਰੋਂ ਭਰਪੂਰ ਸੀ। ਉਹ ਅਤੇ ਉਸ ਦੀ ਪਤਨੀ ਜਦ ਵੀ ਕਨੇਡਾ ਤੋਂ ਪੰਜਾਬ ਗੇੜਾ ਮਾਰਦੇ ਤਾਂ ਆਪਣੀ ਜ਼ਮੀਨ ਵਿੱਚ ਪੰਜ, ਸੱਤ ਕਿੱਲਿਆਂ ਦਾ ਵਾਧਾ ਕਰ ਜਾਂਦੇ ਸਨ।
ਉਹ ਟੇਢੇ ਹੱਥਾਂ ਨਾਲ ਸਿੱਧੀ ਕਮਾਈ ਕਰਦੇ ਸਨ। ਉਨ੍ਹਾਂ ਇੱਕ ਦੂਜੇ ਤੋਂ ਕਾਗਜ਼ੀ ਤਲਾਕ ਲੈ ਲਿਆ ਸੀ। ਪਤੀ ਕੁੜੀਆਂ ਨਾਲ ਵਿਆਹ ਕਰਕੇ ਉਨ੍ਹਾਂ ਨੂੰ ਕਨੇਡਾ ਪਹੁੰਚਾਣ ਦਾ ਧੰਦਾ ਕਰਦਾ ਸੀ ਅਤੇ ਪਤਨੀ ਮੁੰਡਿਆਂ ਦੇ ਅੜੇ ਬੇੜੇ ਪਾਰ ਲਗਾਇਆ ਕਰਦੀ ਸੀ। ਇੱਕ ਗੇੜੇ ਵਿੱਚ ਦੋਵੇਂ ਪੰਦਰਾਂ, ਵੀਹ ਲੱਖ ਰੁਪਏ ਕਮਾ ਲੈਂਦੇ ਸਨ।
ਪੰਜਵੇਂ ਗੇੜੇ ਦੋ ਸੱਜ-ਵਿਆਹੇ ਜੋੜੇ ਕਨੇਡਾ ਲਈ ਜਹਾਜ਼ ਉੱਤੇ ਚੜ੍ਹੇ ਸਨ। ਸ਼ਰਾਬੀ ਹੋਇਆ ਭਰਪੂਰ ਸਿੰਘ ਆਪਣੇ ਰਾਜ ਦੀ ਗੰਢ ਪਰੀਆਂ ਵਰਗੀ ਕਨੇਡੀਅਨ ਹੋਸਟੈਂਸ ਦੇ ਕੰਨਾਂ ਵਿੱਚ ਖੋਲਣ ਦੀ ਗਲਤੀ ਕਰ ਬੈਠਾ ਸੀ।
ਵੈਨਕੂਵਰ ਦੇ ਹਵਾਈ ਅੱਡੇ ਉੱਤੇ ਜਹਾਜ਼ ਉੱਤਰਦਿਆਂ ਹੀ ਸ਼ਕਾਰੀਆਂ ਨੇ ਆਪਣੇ ਸ਼ਕਾਰਾਂ ਨੂੰ ਨਿਗਾ ਹੇਠ ਕਰ ਲਿਆ ਸੀ। ਅੱਡੇ ਤੋਂ ਬਾਹਰ ਨਿਕਲਦਿਆਂ ਹੀ ਕਾਗਜ਼ੀ-ਜੋੜਿਆਂ ਨੂੰ ਪੁਲਸ ਦੀ ਵੈਨ ਵਿੱਚ ਬੈਠਣ ਦੇ ਹੁਕਮ ਮਿਲ ਗਏ ਸਨ।