ਸਾਰੇ ਫਿਕਰ ਖਤਮ ਹੋ ਗਏ ਸਨ। ਸਾਰੀਆਂ ਅੜਚਣਾ ਦੂਰ ਹੋ ਜਾਣ ਉੱਤੇ ਰਾਹ ਸਾਫ ਹੋ ਗਿਆ ਸੀ। ਇਸ ਨਾਲੋਂ ਹੋਰ ਚੰਗਾ ਅਤੇ ਭਰੋਸੇਯੋਗ ਢੰਗ ਘੜਿਆ ਵੀ ਨਹੀਂ ਜਾ ਸਕਦਾ ਸੀ। ਗੁਰਪ੍ਰੀਤ ਸਿੰਘ ਦਾ ਕਨੇਡਾ ਪਹੁੰਚ ਜਾਣਾ ਹੁਣ ਦਿਨਾਂ ਦੀ ਗੱਲ ਹੀ ਰਹਿ ਗਿਆ ਸੀ। ਤਿਆਰੀਆਂ ਤਾਂ ਬਹੁਤ ਪਹਿਲਾਂ ਹੀ ਆਰੰਭ ਹੋ ਗਈਆਂ ਸਨ ਹੁਣ ਤਾਂ ਉਨ੍ਹਾਂ ਨੂੰ ਅੰਤਮ ਛੋਹਾਂ ਲਾਉਣੀਆਂ ਹੀ ਬਾਕੀ ਸਨ।
ਆਖਰ ਭਰਾ ਹੀ ਭਰਾਵਾਂ ਦੀ ਬਾਂਹ ਫੜਦੇ ਹਨ ਅਤੇ ਭੈਣਾਂ ਹੀ ਵੀਰਾਂ ਦੀਆਂ ਖੁਸ਼ੀਆਂ ਵਿੱਚ ਸਹਾਈ ਸਿੱਧ ਹੁੰਦੀਆਂ ਹਨ। ਗੁਰਮੇਲ ਕੌਰ ਅਤੇ ਗੁਰਪ੍ਰੀਤ ਸਿੰਘ ਇੱਕ ਹੀ ਪੇਟੋਂ ਤਾਂ ਜਾਏ ਸਨ। ਗੁਰਮੇਲੋ ਨੂੰ ਛੋਟੇ ਹੁੰਦਿਆਂ ਹੀ ਉਸਦੇ ਕੈਨੇਡਾ ਰਹਿੰਦੇ ਤਾਇਆ ਜੀ ਨੇ ਗੋਦ ਲੈ ਲਿਆ ਸੀ। ਉਹ ਕਨੇਡਾ ਹੀ ਜਵਾਨ ਹੋਈ ਸੀ ਅਤੇ ਉਸ ਨੇ ਉਥੇ ਹੀ ਸ਼ਾਦੀ ਕਰਵਾ ਲਈ ਸੀ। ਆਪਣੇ ਸਕੇ ਵੀਰ ਨੂੰ ਕਨੇਡਾ ਸੱਦਣ ਲਈ ਉਸ ਨੇ ਆਪਣੇ ਪਤੀ ਨੂੰ ਕਾਗਜ਼ੀ ਤਲਾਕ ਦੇ ਦਿੱਤਾ ਸੀ ਅਤੇ ਭਰਾ ਨਾਲ ਕਾਗਜ਼ਾਂ ਵਿੱਚ ਵਿਆਹ ਕਰਕੇ ਉਸ ਨੂੰ ਕਨੇਡਾ ਲੈ ਜਾਣ ਦੀ ਸਕੀਮ ਬਣਾ ਲਈ ਸੀ। ਵੀਜਾ ਮਿਲਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਹੋ ਚੁੱਕੀਆਂ ਸਨ। ਉਹ ਕਦੇ ਵੀ ਉਨ੍ਹਾਂ ਦੇ ਹੱਥ ਆ ਸਕਦਾ ਸੀ। ਇੱਕ ਟੈਕਨੀਕਲ ਇਤਰਾਜ਼ ਦੀ ਘੋਖ ਹੋ ਰਹੀ ਸੀ। ਦੋਵਾਂ ਦੇ ਨਾਮਾਂ ਪਿੱਛੇ ਇੱਕ ਹੀ ਗੋਤ ਲਿਖਿਆ ਹੋਇਆ ਸੀ। ਪੜਤਾਲ ਦੀ ਰਿਪੋਰਟ ਪੁੱਜਦਿਆਂ ਹੀ ਭੈਣ ਭਰਾ ਦੀ ਸੁਹਾਗ ਜੋੜੀ ਕਨੇਡਾ ਜਾਣ ਦੀ ਥਾਂ ਜ਼ੇਲ ਦੀਆਂ ਸੀਖਾਂ ਅੰਦਰ ਪੁੱਜ ਗਈ ਸੀ।
Moments
ਸਾਰੇ ਕਿੰਨੇ ਖੁਸ਼ ਸਨ ਪਰ ਬਾਬੇ ਦੀ ਖੁਸ਼ੀ ਦਾ ਤਾਂ ਕੋਈ ਅਪਾਰ ਨਹੀਂ ਸੀ। ਇਸ ਸਾਲ ਕਣਕ ਦੀ ਫਸਲ ਪਿਛਲੇ ਕਈ ਸਾਲਾਂ ਨਾਲੋਂ ਬਹੁਤ ਵਧੀਆ ਸੀ। ਲਹਿਲਾਉਂਦੀ ਫਸਲ ਨੂੰ ਵੇ ਖ ਬਾਬਾ ਖੁਸ਼ੀ ‘ਚ ਝੂਮਣ ਲਗਦਾ। ਪਿਛਲੇ ਕਈ ਸਾਲਾਂ ਦੇ ਚੜ੍ਹੇ ਆਉਂਦੇ ਕਰਜ਼ੇ ਉਹ ਇਸ ਵਾਰੀ ਦੀ ਕਣਕ ਵੇਚ ਕੇ ਲਾਹ ਦੇਵੇਗਾ। ਆਪਣੇ ਲਈ ਚਿੱਟੀ ਲੱਠੇ ਦੀ ਧੋਤੀ ਤੇ ਝੱਗਾ ਅਤੇ ਬੱਚਿਆਂ ਲਈ ਨਵੇਂ ਕੱਪੜੇ ਪ੍ਰੀਦੇਗਾ। ਹੁਣ ਸੁਸਾਇਟੀ ਵਾਲੇ ਖਾਦ ਦੇ ਕਰਜ਼ੇ ਦੀ ਉਗਰਾਹੀ ਲਈ ਉਸਦੇ ਘਰ ਨਹੀਂ ਆਉਣਗੇ। ਉਹ ਚੈਨ ਦੀ ਨੀਂਦ ਸੌਂ ਸਕੇਗਾ। ਬਾਬਾ ਕਿੰਨਾ ਹੀ ਕੁਝ ਸੋਚਾਂ ਜਾ ਰਿਹਾ ਸੀ। ਇਸ ਤਰ੍ਹਾਂ ਦੀ ਮਸਤੀ ’ਚ ਮਸਤ ਹੋਇਆ ਬਾਬਾ ਸੌਂ ਗਿਆ।
ਦਿਨ ਚੜ੍ਹਦੇ ਨੂੰ ਸਾਰੇ ਪਿੰਡ ‘ਚ ਕਾਵਾਂ ਰੌਲੀ ਮੱਚੀ ਹੋਈ ਸੀ। ਕੱਲ੍ਹ ਸ਼ਾਮ ਦੇ ਖਿੜਦੇ ਚਿਹਰੇ ਮੁਰਝਾ ਗਏ ਸਨ- ਜਿਵੇਂ ਫੁੱਲਾਂ ਸਮੇਤ ਬੂਟੇ ਪੁੱਟੇ ਗਏ ਹੋਣ। ਬਾਬਾ ਸੋਟੀ ਦੇ ਸਹਾਰੇ ਖੇਤਾਂ ਵੱਲ ਗਿਆ। ਰਾਤ ਦੇ ਝੱਖੜ ਤੇ ਗੱੜਿਆਂ ਨੇ ਕਣਕ ਦੀ ਡਾਲ ਡਾਲ ਤੋੜ ਦਿੱਤੀ ਸੀ। ਕੋਈ ਬੱਲੀ ਦਿਖਾਈ ਨਹੀਂ ਸੀ ਦਿੰਦੀ। ਗੁੰਡ ਮਰੁੰਡ ਖੜੀਆਂ ਤੀਆਂ ਜਿਵੇਂ ਮੂੰਹ ਚਿੜਾ ਰਹੀਆਂ ਹੋਣ। ਬਾਬੇ ਨੂੰ ਲੱਗਿਆ ਜਿਵੇਂ ਰਾਤੋ ਰਾਤ ਕੋਈ ਅਬਦਾਲੀ ਲੁੱਟ ਗਿਆ ਹੋਵੇ। ਚਾਰੇ ਪਾਸੇ ਨਮੋਸ਼ੀ ਹੀ ਨਮੋਸ਼ੀ।
| ਬਾਬਾ ਵਾਪਸ ਮੁੜਿਆ ਪਿੰਡ ‘ਚ ਸਰਕਾਰੀ ਗੱਡੀਆਂ ਹਰਲ ਹਰਲ ਕਰਦੀਆਂ ਫਿਰਦੀਆਂ ਸਨ। ਜੀਪਾਂ ਤੇ ਲੱਗੇ ਸਪੀਕਰ ਕਹਿ ਰਹੇ ਸਨ ਕਿ ਕੱਲ੍ਹ ਕੋਈ ਵੱਡਾ ਮੰਤਰੀ ਆ ਰਿਹਾ ਹੈ ਜੋ ਆਪਣੀਆਂ ਅੱਖਾਂ ਨਾਲ ਦੇਖਕੇ ਨੁਕਸਾਨ ਦਾ ਜਾਇਜ਼ਾ ਲਏਗਾ ਤੇ ਵਕਤ ਸਮੇਂ ਲੋਕਾਂ ਲਈ ਸਰਕਾਰ ਵੱਲੋਂ ਪੂਰੀ ਮਦਦ ਦਿਵਾਏਗਾ।
ਵਕਤ ਦੇ ਮਾਰੇ ਲੋਕਾਂ ’ਚ ਥੋੜੀ ਹਿੰਮਤ ਆਈ। ਉਹ ਬੜੀ ਬੇਸਬਰੀ ਨਾਲ ਕੱਲ ਦੀ ਉਡੀਕ ਕਰਨ ਲੱਗੇ। ਅਗਲੇ ਦਿਨ, ਦਿਨ ਚੜ੍ਹਦੇ ਤੋਂ ਹੀ ਨਿਆਈਂ ’ਚ ਲੋਕ ਜਮਾਂ ਹੋ ਗਏ ਜਿੱਥੇ ਮੰਤਰੀ ਨੇ ਆਉਣਾ ਸੀ। ਪਿਛਲੇ ਸਾਲ ਇੱਥੇ ਨਿਆਈਂ ’ਚ ਗੌਣ ਲੱਗਿਆ ਸੀ, ਆਲੇ ਦੁਆਲੇ ਦੇ ਸਾਰੇ ਪਿੰਡਾਂ ਦੇ ਲੋਕ ਆਏ ਸੀ ਪਰ ਨਿਆਈਂ ਖਾਲੀ ਖਾਲੀ ਲੱਗਦੀ ਸੀ ਪਰ ਅੱਜ ਤਿਲ ਧਰਲ ਨੂੰ ਥਾਂ ਨਹੀਂ ਸੀ ਮਿਲਦੀ। ਬਾਬਾ ਵੀ ਬੋਤੇ ਉਪਰ ਬੈਠ ਕੇ ਆ ਗਿਆ ਸੀ। ਪਿੱਛੇ ਜਿਹੇ ਬੋਤੇ ਦੀ ਮੁਹਾਰ ਢਿੱਲੀ ਛੱਡ ਕੇ ਬਾਬਾ ਬੈਠ ਗਿਆ।
ਮੰਤਰੀ ਜੀ ਆ ਗਏ ਜਨਤਾ ਨੇ ਤਾੜੀਆਂ ਮਾਰ ਮਾਰ ਅਕਾਸ਼ ਗੂੰਜਾ ਦਿੱਤਾ। ਮੰਤਰੀ ਜੀ ਭਾਸ਼ਨ ਦੇ ਰਹੇ ਸਨ ਕਿ ਇਸ ਇਲਾਕੇ ਵਿਚ ਪਿਛਲੇ ਦਿਨ ਜੋ ਕੁਦਰਤ ਦੀ ਕਰੋਪੀ ਹੋਈ ਉਸ ਨਾਲ ਬਹੁਤ ਨੁਕਸਾਨ ਹੋਇਆ ਹੈ। ਇਹ ਨੁਕਸਾਨ ਲਾਏ ਗਏ ਅੰਦਾਜ਼ੇ ਨਾਲੋਂ ਕਿਤੇ ਵੱਧ ਹੈ। ਇਸ ਪੀੜ ਸਮੇਂ ਸਰਕਾਰ ਜੰਤਾ ਦੇ ਨਾਲ ਹੈ ਖਾਸ ਕਰਕੇ ਮੰਤਰੀ ਜੀ ਦੀ ਦਿਲੀ ਹਮਦਰਦੀ। ਗੜੇਮਾਰੀ ਨਾਲ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਮੰਤਰੀ ਜੀ ਵਾਅਦੇ ਤੇ ਵਾਅਦਾ ਕਰ ਰਹੇ ਸਨ। ਅਖੀਰ ’ਚ ਮੰਤਰੀ ਜੀ ਨੇ ਲੋਕਾਂ ਨੂੰ ਇਸ ਮੁਸੀਬਤ ਦਾ ਟਾਕਰਾ ਕਰਨ ਲਈ ਹੌਸਲੇ ਬੁਲੰਦ ਰੱਖਣ ਲਈ ਕਿਹਾ।
ਮੰਤਰੀ ਜੀ ਦੇ ਭਾਸ਼ਨ ਤੇ ਲੋਕਾਂ ਨੇ ਫਿਰ ਇਕ ਵਾਰੀ ਤਾੜੀਆਂ ਦਾ ਹੜ ਲਿਆ ਦਿੱਤਾ। ਉਨ੍ਹਾਂ ਮਹਿਸੂਸ ਕੀਤਾ ਜਿਵੇਂ ਰੱਬ ਆਪ ਉਨ੍ਹਾਂ ਦੀ ਮਦਦ ਲਈ ਆ ਬਹੁੜਿਆ ਹੋਵੇ। ਬਾਬੇ ਨੇ ਉਗਾਲੀ ਕਰ ਰਹੇ ਊਠ ਵੱਲ ਦੇਖਿਆ। ਲਗਦਾ ਸੀ ਕਿ ਊਠ ਦਾ ਵਲੂ ਡਿਗਿਆ ਕਿ ਡਿਗਿਆ। ਪਰ ਊਠ ਦਾ ਬਲੁ ਕਦੇ ਨਹੀਂ ਡਿੱਗਣਾ। ਬਾਬੇ ਨੇ ਦਿਲ ’ਚ ਸੋਚਿਆ ਤੇ ਖੰਡੀ ਸਹਾਰੇ ਉੱਠ ਕੇ ਬੋਤੇ ਉੱਪਰ ਬੈਠ ਕੇ ਘਰ ਨੂੰ ਮੁੜ ਪਿਆ। ਅਕਤੂਬਰ-1976
ਉਸ ਦੇ ਹਰ ਅੱਖਰ ਦਾ ਮਤਲਬ ਇਨਕਲਾਬ ਹੁੰਦਾ ਸੀ। ਉਹ ਏਨੀ ਜੋਸ਼ੀਲੀ ਕਵਿਤਾ ਲਿਖਦਾ ਸੀ ਕਿ ਚਾਕੂ ਤੋਂ ਲੈ ਕੇ ਹਾਈਡਰੋਜਨ ਤੇ ਹਰ ਐਟਮੀ ਸ਼ਕਤੀ ਤੱਕ ਆਪਣੀ ਕਵਿਤਾ ਵਿਚ ਵਰਤਦਾ ਸੀ। ਉਸ ਦਿਨ ਉਸ ਨੇ ਬਹੁਤ ਹੀ ਗਰਮੀਲੀ ਕਵਿਤਾ ਲਿਖੀ ਜਿਸ ਵਿਚ ਚੀਨ ਵੱਲੋਂ ਚਲਾਏ ਅਖੀਰਲੇ ਐਟਮੀ ਬੰਬ ਦਾ ਜ਼ਿਕਰ ਤੱਕ ਸੀ। ਘਰੋਂ ਬਾਹਰ ਨਿਕਲਿਆ ਤਾਂ ਅੱਗੋਂ ਇੱਕ ਕੁੱਤਾ’ ਆਉਂਦਾ ਦਿਸਿਆ। ਕੁੱਤੇ ਤੋਂ ਡਰਨਾ ਉਸ ਦੀ ਬਚਪਨ ਦੀ ਆਦਤ ਸੀ ਖੌਰੇ ਕਿਸ ਵਕਤ ਸਾਲੇ ਨੇ ਚੱਕ ਮਾਰ ਦੇਣਾ। ਫੇਰ ਉਸਨੂੰ ਆਪਣੀ ਲਿਖੀ ਕਵਿਤਾ ਦਾ ਖਿਆਲ ਆਇਆ ਤਾਂ ਉਹ ਅੱਗੇ ਵਧਣ ਲੱਗਾ ਪਰ ਕੁੱਤੇ ਨਾਲ ਨਜ਼ਰਾਂ ਮਿਲਣ ਤੇ ਫੇਰ ਕੰਬ ਗਿਆ। ਕੁੱਤੇ ਨੂੰ ਹਰ ਆਦਮੀ ਵਲ ਵੇਖ ਕੇ ਘੁਰਕਣ ਦੀ ਵਾਦੀ ਸੀ। ਪਹਿਲਾਂ ਉਸ ਨੇ ਕੁੱਤੇ ਨੂੰ ਡਰਾਉਣ ਲਈ ਆਪਣੀ ਕਵਿਤਾ ਸੁਨਾਉਣ ਦੀ ਸੋਚੀ। ਪਰ ਜੇ ਕੁੱਤੇ ਤੇ ਉਲਟਾ ਅਸਰ ਹੋਇਆ ਤਾਂ? ਇਕ ਬੰਨੇ ਕਵਿਤਾ ਉਸ ਦਾ ਉਤਸ਼ਾਹ ਵਧਾਉਂਦੀ ਪਰ ਦੂਸਰੇ ਬੰਨੇ ਕੁੱਤੇ ਦਾ ਡਰ ਵਾਪਸ ਜਾਣ ਲਈ ਮਜ਼ਬੂਰ ਕਰ ਦਿੰਦਾ। ਅਖੀਰ ਉਸ ਨੇ ਇੱਟ ਫੜਕੇ ਕੁੱਤੇ ਦਾ ਮੁਕਾਬਲਾ ਕਰਨ ਦੀ ਸੋਚੀ। ‘ਕੁੱਤਾ’ ਇਤਨੇ ਚਿਰ ਨੂੰ ਨਜ਼ਦੀਕ ਆ ਚੁੱਕਾ ਸੀ। ਇਸ ਤੋਂ ਪਹਿਲਾਂ ਕਿ ਕੁੱਤਾ ਉਸ ਵੱਲ ਵੇਖਦਾ ਜਾਂ ਉਸ ਨੂੰ ਘੂਰਦਾ ਕਰਾਂਤੀਕਾਰੀ ਆਪਣੀ ਕਵਿਤਾ ਫੜ ਆਪਣੇ ਕਮਰੇ ਵੱਲ ਭੱਜਾ ਜਾ ਰਿਹਾ ਸੀ। |
ਨਵੰਬਰ-1972
ਮੇਰੇ ਚਾਚਾ ਜੀ ਕੱਬਡੀ ਦੇ ਖਿਡਾਰੀ ਸੀ, ਆਪਣੇ ਵੇਲੇ ਚੰਗੇ ਸਟੋਪਰ ਰਹੇ , ਸਾਡੇ ਪੁਰਾਣੇ ਘਰ ਇੱਕ show case ਹੁੰਦਾ ਸੀ ਉਹ ਸਾਰਾ ਚਾਚਾ ਜੀ ਨੂੰ ਮਿਲੇ ਇਨਾਮਾਂ ਨਾਲ ਭਰਿਆ ਹੁੰਦਾ ਸੀ, ਮੇਰੇ ਚਾਚਾ ਜਦੋ 26 ਕੁ ਸਾਲ ਦੇ ਸੀ, ਉਹਨਾਂ ਘਰੇ ਬਿਨਾ ਦਸੇ ਵਿਆਹ ਕਰਵਾ ਲਿਆਉਦੋਂ ਮੈਂ ਬਹੁਤ ਛੋਟਾ ਸੀ, ਸਾਡੇ ਘਰ ਪਹਿਲਾ ਕਾਫੀ ਲੜਾਈ ਹੁੰਦੀ ਰਹੀ। ਫੇਰ ਜਦੋ ਚਾਚਾ ਜੀ ਨੇ ਵਿਆਹ ਕਰਵਾ ਲਿਆ, ਸਾਡੇ ਘਰ ਰੋਟੀ ਅਲੱਗ ਪੱਕਣ ਲੱਗੀ, ਉਦੋਂ ਅਸੀਂ ਛੋਟੇ ਸੀ ਪਤਾ ਨਹੀਂ ਸੀ ਕਾਰਨ , ਸਾਡੇ ਡੈਡੀ ਹੁਣੀ ਤਿੰਨ ਭਰਾ ਸੀ ਚਾਚਾ ਜੀ ਸਭ ਤੋਂ ਛੋਟੇ, ਜਿਸ ਕੁੜੀ ਨਾਲ ਉਹਨਾਂ ਵਿਆਹ ਕਰਵਾਇਆ ਸੀ ਉਹ ਸਾਡੀ ਜਾਤ ਦੀ ਨਹੀਂ ਸੀ ਸ਼ਾਇਦ ਉਹਨਾਂ ਦਾ ਵਿਰੋਧ ਇਸ ਕਰਕੇ ਕੀਤਾ ਗਿਆ ਸੀ, ਉਹ ਘਰ ਤਰਲੇ ਪਾਉਂਦੇ ਰਹੇ ਸੀ ਜਦੋ ਕੋਈ ਨਾਂ ਮੰਨਿਆ ਉਦੋ ਉਹਨਾਂ ਚੁੱਪ ਕੀਤੇ ਵਿਆਹ ਕਰਵਾ ਲਿਆ
ਉਹਨਾਂ ਕੋਲ ਪਹਿਲਾ ਬੱਚਾ ਬੇਟੀ ਹੋਈ, ਸਾਨੂੰ ਚਾਚਾ ਜੀ ਹੁਣਾ ਨਾਲ ਬੋਲਣ ਤੋਂ ਮਨ੍ਹਾ ਕੀਤਾ ਸੀ, ਘਰ ਵੀ ਵੰਡ ਲਿਆਤੇ ਜਮੀਨ ਵੀ, ਸਾਡੀ ਖਾਨਦਾਨ ਵਿੱਚ ਬੇਜਤੀ ਕਰਵਾਈ ਕੰਜਰ ਨੇ ਇਹੋ ਆਖਦੇ ਸਾਰੇ, ਚਾਚੇ ਦੀ ਬੇਟੀ ਨੂੰ 4 ਮਹੀਨੇ ਤੱਕ ਚਾਚੇ ਦੀ ਸੱਸ ਨੇ ਹੀ ਪਾਲਿਆ, ਇੱਥੇ ਰਹਿ ਕੇ , ਦਾਦੀ ਤੇ ਸਾਡੀ ਮੰਮੀ ਹੁਣੀ ਚੋਰੀ ਜਾਕੇ ਕੁੜੀ ਨੂੰ ਵੇਖ ਆਈ ਆ ਪਿਆਰ ਦੇ ਆਈ ਆ, ਫੇਰ ਦੋ ਸਾਲ ਬੀਤ ਗਏ, ਚਾਚੇ ਘਰ ਬੇਟੇ ਨੇ ਜਨਮ ਲਿਆ, ਆਂਢ ਗਵਾਂਢ ਵਿੱਚ ਗੱਲ ਹੁੰਦੀ ਸੀ ਮਾਂ ਮੱਸਾ ਹੀ ਬੱਚੀ ਆ। ਇਸ ਕਰਕੇ ਸੱਭ ਦਾ ਦਿਲ ਪਸੀਜ ਗਿਆ ਸਾਰੇ ਚਾਚੀ ਨੂੰ ਵੇਖਨ ਗਏ, ਹੋਲੀ ਹੋਲੀ ਅਸੀਂ ਬੱਚੇ ਉਹਨਾਂ ਘਰ ਜਾਣ ਲੱਗੇ, ਚਾਚੇ ਦੀ ਬੇਟੀ ਨੂੰ ਚੁੱਕ ਲਿਆਉਣਾ ਖਿਡਾ ਦੈਨਾ, ਅਸੀਂ ਘਰੇ ਆਕੇ ਦੱਸਣਾ ਬੀਬੀ ਚਾਚੀ ਨੇ ਚੀਜ ਦਿੱਤੀ ਸੀ ਖਾਨ ਨੂੰ ਬਹੁਤ ਪਿਆਰ ਕਰਦੀ ਆ ਉਹ, ਫੇਰ ਕਦੇ ਕਦੇ ਢਿੱਲ ਮੱਠ ਤੇ ਦਾਦੀ ਨੂੰ ਚੋਰੀ ਜਾਕੇ ਪਤਾ ਲੈ ਆਉਣਾ
ਪਰ ਜਦੋ ਘਰੇ ਬੰਦਿਆਨੂੰ ਪਤਾ ਲੱਗਾ ਕਲੇਸ਼ ਹੋਣਾ , ਉਦੋ ਚਾਚੇ ਦਾ ਬੇਟਾ ਦੋ ਕੁ ਸਾਲ ਦਾ ਸੀ ਤੇ ਬੇਟੀ 4 ਸਾਲ ਦੀ, ਚਾਚਾ ਟੂਰਨਾਮੈਂਟ ਤੇ ਗਿਆ ਸੀ, ਪਹਿਲੀ ਵਾਰ ਚਾਚੀ ਸਾਡੇ ਘਰ ਆਈ , ਪਰ ਉਹ ਇਹਨਾਂ ਕਹਿ ਕੇ ਵਾਪਿਸ ਮੁੜ ਗਈ ਬੀਬੀ ਮੇਰੀ ਗੱਲ ਸੁਣੀ , ਬੀਬੀ ਗਈ, ਆਖਦੀ ਮੇਰਾ ਸਿਰ ਘੁੰਮਦਾ, ਦਾਦੀ ਪਿੰਡ ਵਾਲੇ ਡਾਕਟਰ ਨੂੰ ਬੁਲਾ ਲਿਆਈ, ਡਾਕਟਰ ਨੇ ਚੈਕ ਕਰਕੇ ਦਸਿਆ ਕਿ ਬੀਬੀ ਇਸਦਾ ਬਲੱਡ ਬਹੁਤ ਘਟਿਆ ਆ
ਫੇਰ ਚਾਚੇ ਨੇ ਖੇਡਣ ਜਾਣਾ ਬੰਦ ਕਰ ਦਿੱਤਾ, ਹੁਣ ਕਦੇ ਕਦੇ ਚਾਚੀ ਸਾਡੇ ਘਰ ਆ ਜਾਂਦੀ, ਜੂਨ ਦਾ ਮਹੀਨਾ ਸੀ,ਖੇਤ ਜੀਰੀ ( ਝੋਨਾ) ਲੱਗਦੀ ਸੀ, 3 ਕੂ ਵੱਜੇ ਰੌਲਾ ਪਿਆ ਤੇ ਗੱਡੀ ਆਈ ਚਾਚੀ ਨੂੰ ਸ਼ਹਿਰ ਲੈ ਗਏ ,ਰਾਸਤੇ ਵਿੱਚ ਹੀ ਸਾਹ ਰੁੱਕ ਗਏ ,ਵਾਪਿਸ ਲੈ ਆਏ , ਛੋਟੇ ਛੋਟੇ ਬੱਚੇ ਸੀ, ਹੁਣ ਇਸ ਗੱਲ ਨੂੰ 10 ਸਾਲ ਵਾਂਗ ਹੋ ਗਏ,ਚਾਚੇ ਨੇ ਦੂਜਾ ਵਿਆਹ ਨਹੀਂ ਕਰਵਾਇਆ, ਹੁਣ ਕੁੜੀ 14 ਸਾਲ ਦੀ ਮੁੰਡਾ 12 ਸਾਲ ਦਾ ਹੋ ਗਿਆ, ਰਿਸ਼ਤੇਦਾਰਾ ਵੀ ਜੋਰ ਲਾਇਆ ਵਿਆਹ ਕਰਵਾਲਾ ਰੋਟੀ ਪੱਕਦੀ ਹੋ ਜਾਉ ਪਰ ਚਾਚੇ ਕੋਲ ਇੱਕੋ ਜਵਾਬ ਸੀ ਜੇ ਕੱਬੀ ਜਨਾਨੀ ਆਗੀ, ਮੇਰੇ ਜਵਾਕ ਰੋਲਦੂ, ਮੈਂ ਮੋਹੱਬਤਾਂ ਬਹੁਤ ਵੇਖੀਆਂ ਪਰ ਸਾਡਾ ਆਪਣਾ ਚਾਚਾ ਵੀ ਮੋਹੱਬਤ ਦੀ ਇਕ ਮਿਸਾਲ ਆ, ਆਪਣੇ ਸੋਹਰੇ ਪਰਿਵਾਰ ਨਾਲ ਅੱਜ ਵੀ ਵਰਤਦਾ ਆ
ਬੱਚਿਆਂ ਨੂੰ ਮਾਂ-ਪਿਉ ਦੋਨਾਂ ਦਾ ਪਿਆਰ ਦੇ ਰਿਹਾ ਆ, ਭਾਵੇਂ ਸਾਡੇ ਡੈਡੀ ਹੁਣਾ ਗੁੱਸੇ ਵਿੱਚ ਬੜਾ ਕੁੱਝ ਕਿਹਾ ਪਰ ਹੱਸਕੇ ਟਾਲ ਦਿੰਦਾ, ਵੱਡੇ ਭਰਾ ਨੇ ਫੇਰ ਕੀ ਹੋਇਆ, ਇਹ ਮੇਰੇ ਚਾਚੇ ਦੀ ਅਸਲ ਕਹਾਣੀ ਆ ਵੀਰ ਨੂੰ ਦੱਸ ਰਿਹਾ ਆ, ਪੋਸਟ ਜਰੂਰ ਕਰਿਉ ਵੀਰੇ।
ਵੈਸੇ ਤਾਂ ਬਹੁਤ ਲੜੇ ਸੀ ਅਸੀ ਛੋਟੇ ਹੁੰਦੇ, ਪਰ ਅੱਜ ਪਤਾ ਨੀ ਕਿਓਂ ਆਪਣੀ ਛੋਟੀ ਭੈਣ ਉਪਰ ਬਹੁਤ ਲਾਡ ਆ ਰਿਹਾ ਸੀ। ਹਾਂ, ਸ਼ਾਇਦ ਓਹ ਵਿਆਹ ਕਰਕੇ ਘਰੋਂ ਵਿਦਾ ਹੋਣ ਲੱਗੀ ਸੀ ਨਾ! ਹੁਣ ਸ਼ਾਮ ਨੂੰ ਘਰ ਆਏ ਤੇ ਆਪਣੀਆਂ ਕਦੇ ਨਾ ਖਤਮ ਹੋਣ ਵਾਲੀਆਂ ਗੱਲਾਂ ਕੌਣ ਕਰਿਆ ਕਰੂ ਮੇਰੇ ਨਾਲ? ਵੀਰੇ ਮੈਂ ਆਹ ਲੈਣਾ! ਵੀਰੇ ਮੈਂ ਓਹ ਲੈਣਾ! ਵੀਰੇ ਅੱਜ ਭਾਬੀ ਨੇ ਮੈਨੂੰ ਘੂਰਿਆ ! ਕਿਓ ਵਈ ? ਕਿਓਂ ਘੂਰਿਆਤੂੰ ਮੇਰੀ ਧੀ ਨੂੰ ਤਾਂ ਰਾਣੋ ਦੀ ਭਰਜਾਈ ਨੇ ਹੱਸਦੀ ਨੇ ਕੰਨ ਫੜ ਲੈਣੇ। ਬਾਪੁ ਛੋਟੇ ਹੁੰਦੇ ਈ ਚੱਲ ਵਸਿਆ ਸੀ ਤੇ ਬੇਬੇ ਵੀ ਬਾਪੂ ਦੇ ਦੋ ਸਾਲਾਂ ਬਾਅਦ ਚੱਲ ਵਸੀ। ਰਾਣੋ ਤੇ ਮੈਂ ਇਕੱਲੇ ਰਹਿ ਗਏ।
ਰਾਣੋ ਮੈਥੋਂ ਪੰਜ ਸਾਲ ਛੋਟੀ ਸੀ। ਅਸੀਂ ਆਪਣੇ ਨਾਨਕੇ ਰਹੇ।ਮੈਂ ਪੜ ਤਾਂ ਜਿਆਦਾ ਨੀ ਸਕਿਆ ਪਰ ਇਲੈਕਟੀਸ਼ਨ ਦਾ ਕੰਮ ਸਿੱਖ ਲਿਆ। ਫੇਰ ਜਦੋ ਕਮਾਓਣ ਲੱਗਿਆ ਤਾਂ ਮਾਮੇ ਨੇ ਕਿਰਾਏ ਤੇ ਇਕ ਘਰ ਲੈ ਦਿੱਤਾ। ਮੌਕਾ ਦੇਖ ਰਿਸ਼ਤੇਦਾਰਾਂ ਨੇ ਵਿਆਹ ਕਰ ਦਿੱਤਾ। ਉਮਰ ਵੀਹ ਸਾਲਾਂ ਦੀ ਹੀ ਸੀ। ਪਰ ਇੱਕੀ ਲਿਖਵਾਈ।ਰੋਟੀ ਜੋ ਪੱਕਦੀ ਕਰਨੀ ਸੀ। ਮਨਰਾਜ ਨੂੰ ਮੈਂ ਕਿਹਾ ਸੀ ਕਿ ਰਾਣੋ ਦੇ ਮਾਂ-ਬਾਪ ਹੁੱਣ ਆਪਾਂ ਬਣਨਾ। ਓਨੂੰ ਕੋਈ ਕਮੀ ਨੀ ਆਓਣੀ ਚਾਹੀਦੀ ,ਓਹ ਵੀ ਰਾਣੋ ਦੀ ਭਰਜਾਈ ਘੱਟ ਤੇ ਮਾਂ ਵੱਧ ਬਣੀ।
ਅੱਜ ਰਾਣੋ ਦੇ ਵਿਆਹ ਵੇਲੇ ਸਾਰੇ ਮੈਨੂੰ ਵਧਾਈਆਂ ਦੇ ਰਹੇ ਸਨ। ਮੈਂ ਖੁਸ਼ ਵੀ ਸਾਂ। ਮੇਰੀ ਧੀ ਰਾਣੀ ਨਵੀਂ ਜਿੰਦਗੀ ਵਿੱਚ ਜੋ ਪੈਰ ਧਰਨ ਜਾ ਰਹੀ ਸੀ।ਪਿਛਲੀ ਰਾਤ ਰੋਣ ਲੱਗ ਪਈ। ਮਨਰਾਜ ਨੂੰ ਕਹਿੰਦੀ ਭਾਬੀ ਮੇਂ ਪਰਾਈ ਹੋਣ ਲੱਗੀ ਆ।ਮਨਰਾਜ ਨੇ ਸਮਝਾਇਆ ਕਮਲੀ ਨੂੰ ਇਹ ਤੇਰਾ ਘਰ ਹੈ ਰਾਣੋ ਤੇ ਓਹ ਵੀ ਤੇਰਾ ਘਰ ਹੈ ਜਿੱਥੇ ਤੂੰ ਚੱਲੀ ਆ। ਸੁੱਖ ਨਾਲ ਦੋ-ਦੋ ਘਰ ਨੇ ਤੇਰੇ।ਪਰਾਈ ਨਹੀ, ਦੋ ਘਰਾਂ ਦੀ ਆਪਣੀ ਹੋਣ ਲੱਗੀ ਆ ਤੂੰ। ਅਸੀ ਖੁਸ਼ਕਿਸਮਤ ਸਾਂ ਕਿ ਰਾਣੀ ਲਈ ਬਹੁਤ ਵਧੀਆ ਘਰ ਮਿਲਿਆ ਸੀ। ਦਾਜ-ਦਹੇਜ ਕੁੱਛ ਨਾ ਲਿਆ ਮੁੰਡਾ ਵਾਲਿਆਂ ਨੇ ਤੇ ਨਾ ਹੀ ਮੇਰੇ ਉਪਰ ਕੋਈ ਖਰਚੇ ਦਾ ਬੋਝ ਪਾਇਆ। ਬੱਸ ਇੱਕ ਖਾਹਿਸ਼ ਹੀ ਸੀ ਕਿ ਰਾਣੀ ਨੂੰ ਮੈਂ ਹੱਸਕੇ, ਖੁੱਸ਼ ਹੋ ਕੇ ਵਿਦਾ ਕਰਾਂ! ਕਹਿੰਦੀ ਹੁੰਦੀ ਸੀ ਦੇਖੀ ਵੀਰੇ! ਵਿਦਾਈ ਵੇਲੇ ਕਿੰਨਾ ਰੋਏਂਗਾ! ਤੇ ਮੈਂ ਕਹਿੰਦਾ ਸੀ ਦੇਖੀ ਤੇਨੂੰ ਖੁਸ਼ੀ-ਖੁਸ਼ੀ ਵਿਦਾ ਕਰੂ! ਪਰ ਵਿਦਾਈ ਹੋਣ ਸਮੇਂ ਜਦੋਂ ਗੱਡੀ ਚ ਬਹਿੰਦੀ ਹੋਈ ਰਾਣੋ ਇਕਦਮ ਮੁੜ ਕੇ ਵਾਪਸ ਮੇਰੇ ਵੱਲ ਆਈ ਨਾ! ਤਾਂ ਹੰਝੂ ਆਪ ਮੁਹਾਰੇ ਹੀ ਨਿੱਕਲ ਆਏ!
ਮਨ ਕਹਿੰਦਾ ਸੀ ਥੋੜੇ ਦਿਨ ਹੋਰ ਰਹਿ ਲੈਂਦੀ ਤੂੰ ਧੀਏ, ਮੇਰੇ ਵਿਹੜੇ ਹੱਸ-ਖੇਡ ਲੈਂਦੀ! ਚਾਰ ਗੱਲਾਂ ਹੋਰ ਕਰ ਲੈਂਦੀ! ਹੁਣ ਤੂੰ ਆਪਣੀ ਜਿੰਦਗੀ ਚ ਰੁੱਝ ਜਾਣਾ! ਤੇ ਤੇਰੇ ਵੀਰ ਨੇ ਤੇਰੀਆਂ ਯਾਦਾਂ ਸੰਜੋਈ ਜਾਣੀਆਂ, ਮੈਂ ਤੇ ਰਾਣੋ ਗਲ ਲੱਗ ਬਹੁਤ ਰੋਏ ,ਗੱਡੀ ਦੀ ਬਾਰੀ ਵਿੱਚੋ ਓਹ ਮੁੜ-ਮੁੜ ਮੇਰੇ ਵੱਲ ਦੇਖਦੀ ਸੀ। ਕੀ ਕਰੀਏ, ਇਹੀ ਦੁਨੀਆਂ ਦੀ ਰੀਤ ਹੈ! ਕਿੰਨਾ ਹੀ ਪਿਆਰ ਕਿਓ ਨਾ ਕਰਦੇ ਹੋਵੋ ਤੁਸੀਂ ਆਪਣੀ ਬੇਟੀ ਨੂੰ, ਇਕ ਦਿਨ ਉਸਨੂੰ ਵਿਦਾ ਕਰਨਾ ਹੀ ਪੈਂਦਾ ਹੈ।
ਮੇਲੇ ਵਿੱਚ ਪੂਰੀ ਗਹਿਮਾ ਗਹਿਮੀ ਸੀ। ਮੋਢੇ ਨਾਲ ਮੋਢਾ ਖਹਿ ਰਿਹਾ ਸੀ। ਆਮ ਲੋਕਾਂ ਨਾਲ ਮੋਡਿਆਂ ਅਤੇ ਕੁੜੀਆਂ ਦੀਆਂ ਵੱਖ ਵੱਖ ਢਾਣੀਆਂ ਮੇਲੇ ਦਾ ਅਨੰਦ ਮਾਣ ਰਹੀਆਂ ਸਨ। ‘ਮੇਲਾ ਮੇਲੀ ਦਾ, ਰੁਪਏ ਧੇਲੀ ਦਾ’ ਦੇ ਅਖਾਣ ਅਨੁਸਾਰ ਪੁਰਾਣੇ ਦੋਸਤ ਮਿੱਤਰ ਅਤੇ ਸਹੇਲੀਆਂ ਮਿਲ ਰਹੀਆਂ ਸਨ ਅਤੇ ਜੇਬਾਂ ਹੌਲੀਆਂ ਹੁੰਦੀਆਂ ਜਾ ਰਹੀਆਂ ਸਨ।
ਮੇਲੇ ਦੇ ਇੱਕ ਪਾਸੇ ਮਨੋਰੰਜਨ ਦੇ ਸਾਧਨ ਚੱਲ ਰਹੇ ਸਨ। ਇੱਕ ਨਵੇਕਲੀ ਜਿਹੀ ਸਟਾਲ ਉੱਤੇ ਬਹੁਤ ਸਾਰੇ ਭਕਾਣੇ ਭਰ ਕੇ ਟੰਗੇ ਹੋਏ ਸਨ। ਛੋਟੀ ਜਿਹੀ ਰੋੜਾਂ ਵਾਲੀ ਬੰਦੂਕ ਨਾਲ ਨਿਸ਼ਾਨੇਬਾਜ਼ੀ ਚਲ ਰਹੀ ਸੀ। ਇੱਕ ਪ੍ਰੇਮ-ਜੋੜੀ ਬੜੀ ਦਿਲਚਸਪੀ ਨਾਲ ਉਸ ਨੂੰ ਵੇਖ ਰਹੀ ਸੀ।
‘ਕਿਉਂ ਰਚਾਉਣੇ ਮੈਚ?? ਕੁੜੀ ਨੇ ਪੁੱਛਿਆ। ‘ਹੋ ਜੇ ਫਿਰ, ਨਾਲੇ ਪਰਖ ਹੋਜੂ ਗੀ’ ਮੁੰਡਾ ਜਿਵੇਂ ਪਹਿਲਾਂ ਹੀ ਤਿਆਰ ਸੀ।
ਕੁੜੀ ਨੇ ਪੰਜ ਨਸ਼ਾਨਿਆਂ ਵਿੱਚ ਪੰਜ ਭਕਾਣੇ ਤੋੜ ਦਿੱਤੇ, ਪਰ ਮੁੰਡਾ ਪੰਜ ਨਿਸ਼ਾਨਿਆਂ ਵਿੱਚੋਂ ਕੇਵਲ ਤਿੰਨ ਵਿੱਚ ਸਫਲ ਹੋ ਸਕਿਆ।
‘ਸਵੰਬਰ ਤਾਂ ਤੁਸੀਂ ਹਾਰ ਗਏ।’ ਮੁੰਡੇ ਦਾ ਮੂੰਹ ਉੱਤਰਿਆ ਹੋਇਆ ਸੀ।
‘ਘਬਰਾਓ ਨਾ ਜੈ ਮਾਲਾ ਹਾਲੀ ਵੀ ਮੇਰੇ ਹੱਥ ਏ।” ਕੁੜੀ ਦੀ ਮੁਸ਼ਕਰਾਹਟ ਨੇ ਮੁੰਡੇ ਨੂੰ ਫਿਰ ਟਹਿਕਾ ਦਿੱਤਾ ਸੀ।
ਦਹੇਜ
ਵਹੁਟੀ ਦੇ ਰੂਪ ਵਿੱਚ ਲਕਸ਼ਮੀ ਦੇ ਪੈਰ ਪੈਂਦਿਆਂ ਹੀ ਘਰ ਵਿੱਚ ਖੁਸ਼ੀਆਂ ਅਤੇ ਹਾਸੇ ਪਰਤ ਆਏ ਸਨ। ਸੌਹਰਿਆਂ ਦੇ ਨਾਲ ਰਿਸ਼ਤੇਦਾਰਾਂ ਅਤੇ ਗਵਾਂਢੀਆਂ ਨੇ ਵੀ ਬਹੂ ਦੇ ਖੁਲ੍ਹੇ ਅਤੇ ਕੀਮਤੀ ਦਹੇਜ ਦੀ ਸਲਾਘਾ ਕੀਤੀ ਸੀ।
ਸੌਹਰਿਆਂ ਅਤੇ ਮਾਪਿਆਂ ਨੇ ਸਭ ਕੁਝ ਇੰਨਾਂ ਜਲਦੀ ਕੀਤਾ ਕਿ ਉਹ ਬਹੁਤ ਕੁਝ ਕਰਨਾਂ ਚਾਹੁੰਦੀ ਵੀ ਆਪਣੇ ਪਿਆਰ ਲਈ ਕੁਝ ਨਹੀਂ ਕਰ ਸਕੀ ਸੀ। ਬਦਲੇ ਦੀ ਅੱਗ ਉਸ ਦੇ ਸੀਨੇ ਵਿੱਚ ਮੱਚ ਰਹੀ ਸੀ ਅਤੇ ਉਹ ਯੋਗ ਸਮੇਂ ਦੀ ਉਡੀਕ ਵਿੱਚ ਸੀ।
ਲਕਸ਼ਮੀ ਰਾਤ ਨੂੰ ਉੱਚੀ ਉੱਚੀ ਰੋਣ ਅਤੇ ਚੀਕਾਂ ਮਾਰਨ ਲੱਗ ਜਾਇਆ ਕਰਦੀ ਸੀ ਤਾਂ ਜੋ ਗਵਾਂਢੀਆਂ ਨੂੰ ਉਸ ਦੇ ਕੁੱਟੇ ਜਾਣ ਦਾ ਭੁਲੇਖਾ ਪੈ ਸਕੇ। ਦਿਨੇ ਉਹ ਦੁਹਾਈਆਂ ਪਾਉਣੀਆਂ ਅਰੰਭ ਕਰ ਦਿੰਦੀ ਸੀ ਜਿਵੇਂ ਧੱਕੇ ਦੇਕੇ ਕੋਈ ਉਸ ਨੂੰ ਘਰ ਤੋਂ ਬਾਹਰ ਕੱਢ ਰਿਹਾ ਹੋਵੇ।
ਸੌਹਰੇ ਪਰਵਾਰ ਦੇ ਤਾਂ ਹੱਥਾਂ ਦੇ ਤੋਤੇ ਹੀ ਉੱਡ ਗਏ ਜਦ ਇੱਕ ਦਿਨ ਮੂੰਹ ਹਨੇਰੇ ਬਹੂ ਘਰ ਤੋਂ ਅਲੋਪ ਹੋ ਗਈ। ਉਹ ਹਾਲੀ ਸੰਭਲੇ ਵੀ ਨਹੀਂ ਸਨ ਕਿ ਦਿਨ ਚੜ੍ਹਦੇ ਨੂੰ ਪੁਲਿਸ ਨੇ ਉਨ੍ਹਾਂ ਦੇ ਘਰ ਆ ਛਾਪਾ ਮਾਰਿਆ। ਪੁਲਿਸ ਨੇ ਸੌਹਰੇ ਸੱਸ, ਪਤੀ ਅਤੇ ਕੰਵਾਰੀ ਨਨਦ ਨੂੰ ਹਿਰਾਸਤ ਵਿੱਚ ਲੈ ਕੇ ਦੱਸਿਆ, “ਤੁਹਾਡੀ ਨੂੰਹ ਨੇ ਸ਼ਕਾਇਤ ਕੀਤੀ ਕਿ ਉਸ ਨੂੰ ਘੱਟ ਦਹੇਜ ਲਿਆਉਣ ਕਰਕੇ ਰੋਜ਼ ਕੁੱਟਿਆ ਜਾਂਦਾ ਸੀ ਅਤੇ ਅੱਜ ਬੁਰੀ ਤਰ੍ਹਾਂ ਕੁੱਟਕੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੈ। ਡਾਕਟਰੀ ਰਿਪੋਰਟ ਨੇ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਹੈ। ਪੁਲਿਸ ਦੀ ਜੀਪ ਦਹੇਜ ਦੇ ਦੋਸ਼ੀਆਂ ਨੂੰ ਨਾਲ ਲੈ ਕੇ ਥਾਨੇ ਵੱਲ ਚੱਲ ਪਈ।
- 1
- 2