ਸੁਹਾਗ ਜੋੜੀ

by Sandeep Kaur

ਸਾਰੇ ਫਿਕਰ ਖਤਮ ਹੋ ਗਏ ਸਨ। ਸਾਰੀਆਂ ਅੜਚਣਾ ਦੂਰ ਹੋ ਜਾਣ ਉੱਤੇ ਰਾਹ ਸਾਫ ਹੋ ਗਿਆ ਸੀ। ਇਸ ਨਾਲੋਂ ਹੋਰ ਚੰਗਾ ਅਤੇ ਭਰੋਸੇਯੋਗ ਢੰਗ ਘੜਿਆ ਵੀ ਨਹੀਂ ਜਾ ਸਕਦਾ ਸੀ। ਗੁਰਪ੍ਰੀਤ ਸਿੰਘ ਦਾ ਕਨੇਡਾ ਪਹੁੰਚ ਜਾਣਾ ਹੁਣ ਦਿਨਾਂ ਦੀ ਗੱਲ ਹੀ ਰਹਿ ਗਿਆ ਸੀ। ਤਿਆਰੀਆਂ ਤਾਂ ਬਹੁਤ ਪਹਿਲਾਂ ਹੀ ਆਰੰਭ ਹੋ ਗਈਆਂ ਸਨ ਹੁਣ ਤਾਂ ਉਨ੍ਹਾਂ ਨੂੰ ਅੰਤਮ ਛੋਹਾਂ ਲਾਉਣੀਆਂ ਹੀ ਬਾਕੀ ਸਨ।
ਆਖਰ ਭਰਾ ਹੀ ਭਰਾਵਾਂ ਦੀ ਬਾਂਹ ਫੜਦੇ ਹਨ ਅਤੇ ਭੈਣਾਂ ਹੀ ਵੀਰਾਂ ਦੀਆਂ ਖੁਸ਼ੀਆਂ ਵਿੱਚ ਸਹਾਈ ਸਿੱਧ ਹੁੰਦੀਆਂ ਹਨ। ਗੁਰਮੇਲ ਕੌਰ ਅਤੇ ਗੁਰਪ੍ਰੀਤ ਸਿੰਘ ਇੱਕ ਹੀ ਪੇਟੋਂ ਤਾਂ ਜਾਏ ਸਨ। ਗੁਰਮੇਲੋ ਨੂੰ ਛੋਟੇ ਹੁੰਦਿਆਂ ਹੀ ਉਸਦੇ ਕੈਨੇਡਾ ਰਹਿੰਦੇ ਤਾਇਆ ਜੀ ਨੇ ਗੋਦ ਲੈ ਲਿਆ ਸੀ। ਉਹ ਕਨੇਡਾ ਹੀ ਜਵਾਨ ਹੋਈ ਸੀ ਅਤੇ ਉਸ ਨੇ ਉਥੇ ਹੀ ਸ਼ਾਦੀ ਕਰਵਾ ਲਈ ਸੀ। ਆਪਣੇ ਸਕੇ ਵੀਰ ਨੂੰ ਕਨੇਡਾ ਸੱਦਣ ਲਈ ਉਸ ਨੇ ਆਪਣੇ ਪਤੀ ਨੂੰ ਕਾਗਜ਼ੀ ਤਲਾਕ ਦੇ ਦਿੱਤਾ ਸੀ ਅਤੇ ਭਰਾ ਨਾਲ ਕਾਗਜ਼ਾਂ ਵਿੱਚ ਵਿਆਹ ਕਰਕੇ ਉਸ ਨੂੰ ਕਨੇਡਾ ਲੈ ਜਾਣ ਦੀ ਸਕੀਮ ਬਣਾ ਲਈ ਸੀ। ਵੀਜਾ ਮਿਲਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਹੋ ਚੁੱਕੀਆਂ ਸਨ। ਉਹ ਕਦੇ ਵੀ ਉਨ੍ਹਾਂ ਦੇ ਹੱਥ ਆ ਸਕਦਾ ਸੀ। ਇੱਕ ਟੈਕਨੀਕਲ ਇਤਰਾਜ਼ ਦੀ ਘੋਖ ਹੋ ਰਹੀ ਸੀ। ਦੋਵਾਂ ਦੇ ਨਾਮਾਂ ਪਿੱਛੇ ਇੱਕ ਹੀ ਗੋਤ ਲਿਖਿਆ ਹੋਇਆ ਸੀ। ਪੜਤਾਲ ਦੀ ਰਿਪੋਰਟ ਪੁੱਜਦਿਆਂ ਹੀ ਭੈਣ ਭਰਾ ਦੀ ਸੁਹਾਗ ਜੋੜੀ ਕਨੇਡਾ ਜਾਣ ਦੀ ਥਾਂ ਜ਼ੇਲ ਦੀਆਂ ਸੀਖਾਂ ਅੰਦਰ ਪੁੱਜ ਗਈ ਸੀ।

You may also like