ਵੈਸੇ ਤਾਂ ਬਹੁਤ ਲੜੇ ਸੀ ਅਸੀ ਛੋਟੇ ਹੁੰਦੇ, ਪਰ ਅੱਜ

by admin

ਵੈਸੇ ਤਾਂ ਬਹੁਤ ਲੜੇ ਸੀ ਅਸੀ ਛੋਟੇ ਹੁੰਦੇ, ਪਰ ਅੱਜ ਪਤਾ ਨੀ ਕਿਓਂ ਆਪਣੀ ਛੋਟੀ ਭੈਣ ਉਪਰ ਬਹੁਤ ਲਾਡ ਆ ਰਿਹਾ ਸੀ। ਹਾਂ, ਸ਼ਾਇਦ ਓਹ ਵਿਆਹ ਕਰਕੇ ਘਰੋਂ ਵਿਦਾ ਹੋਣ ਲੱਗੀ ਸੀ ਨਾ! ਹੁਣ ਸ਼ਾਮ ਨੂੰ ਘਰ ਆਏ ਤੇ ਆਪਣੀਆਂ ਕਦੇ ਨਾ ਖਤਮ ਹੋਣ ਵਾਲੀਆਂ ਗੱਲਾਂ ਕੌਣ ਕਰਿਆ ਕਰੂ ਮੇਰੇ ਨਾਲ? ਵੀਰੇ ਮੈਂ ਆਹ ਲੈਣਾ! ਵੀਰੇ ਮੈਂ ਓਹ ਲੈਣਾ! ਵੀਰੇ ਅੱਜ ਭਾਬੀ ਨੇ ਮੈਨੂੰ ਘੂਰਿਆ ! ਕਿਓ ਵਈ ? ਕਿਓਂ ਘੂਰਿਆਤੂੰ ਮੇਰੀ ਧੀ ਨੂੰ ਤਾਂ ਰਾਣੋ ਦੀ ਭਰਜਾਈ ਨੇ ਹੱਸਦੀ ਨੇ ਕੰਨ ਫੜ ਲੈਣੇ। ਬਾਪੁ ਛੋਟੇ ਹੁੰਦੇ ਈ ਚੱਲ ਵਸਿਆ ਸੀ ਤੇ ਬੇਬੇ ਵੀ ਬਾਪੂ ਦੇ ਦੋ ਸਾਲਾਂ ਬਾਅਦ ਚੱਲ ਵਸੀ। ਰਾਣੋ ਤੇ ਮੈਂ ਇਕੱਲੇ ਰਹਿ ਗਏ।

ਰਾਣੋ ਮੈਥੋਂ ਪੰਜ ਸਾਲ ਛੋਟੀ ਸੀ। ਅਸੀਂ ਆਪਣੇ ਨਾਨਕੇ ਰਹੇ।ਮੈਂ ਪੜ ਤਾਂ ਜਿਆਦਾ ਨੀ ਸਕਿਆ ਪਰ ਇਲੈਕਟੀਸ਼ਨ ਦਾ ਕੰਮ ਸਿੱਖ ਲਿਆ। ਫੇਰ ਜਦੋ ਕਮਾਓਣ ਲੱਗਿਆ ਤਾਂ ਮਾਮੇ ਨੇ ਕਿਰਾਏ ਤੇ ਇਕ ਘਰ ਲੈ ਦਿੱਤਾ। ਮੌਕਾ ਦੇਖ ਰਿਸ਼ਤੇਦਾਰਾਂ ਨੇ ਵਿਆਹ ਕਰ ਦਿੱਤਾ। ਉਮਰ ਵੀਹ ਸਾਲਾਂ ਦੀ ਹੀ ਸੀ। ਪਰ ਇੱਕੀ ਲਿਖਵਾਈ।ਰੋਟੀ ਜੋ ਪੱਕਦੀ ਕਰਨੀ ਸੀ। ਮਨਰਾਜ ਨੂੰ ਮੈਂ ਕਿਹਾ ਸੀ ਕਿ ਰਾਣੋ ਦੇ ਮਾਂ-ਬਾਪ ਹੁੱਣ ਆਪਾਂ ਬਣਨਾ। ਓਨੂੰ ਕੋਈ ਕਮੀ ਨੀ ਆਓਣੀ ਚਾਹੀਦੀ ,ਓਹ ਵੀ ਰਾਣੋ ਦੀ ਭਰਜਾਈ ਘੱਟ ਤੇ ਮਾਂ ਵੱਧ ਬਣੀ।

ਅੱਜ ਰਾਣੋ ਦੇ ਵਿਆਹ ਵੇਲੇ ਸਾਰੇ ਮੈਨੂੰ ਵਧਾਈਆਂ ਦੇ ਰਹੇ ਸਨ। ਮੈਂ ਖੁਸ਼ ਵੀ ਸਾਂ। ਮੇਰੀ ਧੀ ਰਾਣੀ ਨਵੀਂ ਜਿੰਦਗੀ ਵਿੱਚ ਜੋ ਪੈਰ ਧਰਨ ਜਾ ਰਹੀ ਸੀ।ਪਿਛਲੀ ਰਾਤ ਰੋਣ ਲੱਗ ਪਈ। ਮਨਰਾਜ ਨੂੰ ਕਹਿੰਦੀ ਭਾਬੀ ਮੇਂ ਪਰਾਈ ਹੋਣ ਲੱਗੀ ਆ।ਮਨਰਾਜ ਨੇ ਸਮਝਾਇਆ ਕਮਲੀ ਨੂੰ ਇਹ ਤੇਰਾ ਘਰ ਹੈ ਰਾਣੋ ਤੇ ਓਹ ਵੀ ਤੇਰਾ ਘਰ ਹੈ ਜਿੱਥੇ ਤੂੰ ਚੱਲੀ ਆ। ਸੁੱਖ ਨਾਲ ਦੋ-ਦੋ ਘਰ ਨੇ ਤੇਰੇ।ਪਰਾਈ ਨਹੀ, ਦੋ ਘਰਾਂ ਦੀ ਆਪਣੀ ਹੋਣ ਲੱਗੀ ਆ ਤੂੰ। ਅਸੀ ਖੁਸ਼ਕਿਸਮਤ ਸਾਂ ਕਿ ਰਾਣੀ ਲਈ ਬਹੁਤ ਵਧੀਆ ਘਰ ਮਿਲਿਆ ਸੀ। ਦਾਜ-ਦਹੇਜ ਕੁੱਛ ਨਾ ਲਿਆ ਮੁੰਡਾ ਵਾਲਿਆਂ ਨੇ ਤੇ ਨਾ ਹੀ ਮੇਰੇ ਉਪਰ ਕੋਈ ਖਰਚੇ ਦਾ ਬੋਝ ਪਾਇਆ। ਬੱਸ ਇੱਕ ਖਾਹਿਸ਼ ਹੀ ਸੀ ਕਿ ਰਾਣੀ ਨੂੰ ਮੈਂ ਹੱਸਕੇ, ਖੁੱਸ਼ ਹੋ ਕੇ ਵਿਦਾ ਕਰਾਂ! ਕਹਿੰਦੀ ਹੁੰਦੀ ਸੀ ਦੇਖੀ ਵੀਰੇ! ਵਿਦਾਈ ਵੇਲੇ ਕਿੰਨਾ ਰੋਏਂਗਾ! ਤੇ ਮੈਂ ਕਹਿੰਦਾ ਸੀ ਦੇਖੀ ਤੇਨੂੰ ਖੁਸ਼ੀ-ਖੁਸ਼ੀ ਵਿਦਾ ਕਰੂ! ਪਰ ਵਿਦਾਈ ਹੋਣ ਸਮੇਂ ਜਦੋਂ ਗੱਡੀ ਚ ਬਹਿੰਦੀ ਹੋਈ ਰਾਣੋ ਇਕਦਮ ਮੁੜ ਕੇ ਵਾਪਸ ਮੇਰੇ ਵੱਲ ਆਈ ਨਾ! ਤਾਂ ਹੰਝੂ ਆਪ ਮੁਹਾਰੇ ਹੀ ਨਿੱਕਲ ਆਏ!

ਮਨ ਕਹਿੰਦਾ ਸੀ ਥੋੜੇ ਦਿਨ ਹੋਰ ਰਹਿ ਲੈਂਦੀ ਤੂੰ ਧੀਏ, ਮੇਰੇ ਵਿਹੜੇ ਹੱਸ-ਖੇਡ ਲੈਂਦੀ! ਚਾਰ ਗੱਲਾਂ ਹੋਰ ਕਰ ਲੈਂਦੀ! ਹੁਣ ਤੂੰ ਆਪਣੀ ਜਿੰਦਗੀ ਚ ਰੁੱਝ ਜਾਣਾ! ਤੇ ਤੇਰੇ ਵੀਰ ਨੇ ਤੇਰੀਆਂ ਯਾਦਾਂ ਸੰਜੋਈ ਜਾਣੀਆਂ, ਮੈਂ ਤੇ ਰਾਣੋ ਗਲ ਲੱਗ ਬਹੁਤ ਰੋਏ ,ਗੱਡੀ ਦੀ ਬਾਰੀ ਵਿੱਚੋ ਓਹ ਮੁੜ-ਮੁੜ ਮੇਰੇ ਵੱਲ ਦੇਖਦੀ ਸੀ। ਕੀ ਕਰੀਏ, ਇਹੀ ਦੁਨੀਆਂ ਦੀ ਰੀਤ ਹੈ! ਕਿੰਨਾ ਹੀ ਪਿਆਰ ਕਿਓ ਨਾ ਕਰਦੇ ਹੋਵੋ ਤੁਸੀਂ ਆਪਣੀ ਬੇਟੀ ਨੂੰ, ਇਕ ਦਿਨ ਉਸਨੂੰ ਵਿਦਾ ਕਰਨਾ ਹੀ ਪੈਂਦਾ ਹੈ।

ਅਗਿਆਤ

You may also like